ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ 100 ਦਿਨਾਂ ਜਾਗਰੂਕਤਾ ਅਭਿਆਨ

ਜਲੰਧਰ, 26 ਜੁਲਾਈ:- ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਦੇ ਲੋਕਾਂ ਨੂੰ ਮਿਸ਼ਨ ਸ਼ਕਤੀ, ਮਿਸ਼ਨ ਪੋਸ਼ਣ ਅਤੇ ਮਿਸ਼ਨ ਵਾਤਸਲਯ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ 100 ਦਿਨਾਂ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ 100 ਦਿਨਾਂ ਜਾਗਰੂਕਤਾ ਅਭਿਆਨ ਤਹਿਤ ਹੁਣ ਤੱਕ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ 26 ਦੇ ਕਰੀਬ ਜਾਗਰੂਕਤਾ ਕੈਂਪ ਅਤੇ ਡੋਰ ਟੂ ਡੋਰ ਪ੍ਰੋਗਰਾਮ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਪੰਜਾਬ ਸਰਕਾਰ ਵੱਲੋਂ ਔਰਤਾਂ ਦੇ ਸ਼ਸਕਤੀਕਰਨ ਲਈ ਸਥਾਪਤ ਜ਼ਿਲ੍ਹਾ ਹੱਬ, ਸਖੀ ਵਨ ਸਟਾਪ ਸੈਂਟਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਪੋਸ਼ਣ ਅਭਿਆਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਉਦੇਸ਼ ਸਰਕਾਰ ਵੱਲੋਂ ਔਰਤਾਂ ਤੇ ਬੱਚਿਆਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਅਤੇ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਸਟਾਫ਼ ਵੱਲੋਂ ਕੈਂਪਾਂ ਵਿੱਚ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ, ਕਿਸੇ ਵੀ ਕਿਸਮ ਦੀ ਹਿੰਸਾਂ ਦੀਆਂ ਸ਼ਿਕਾਰ ਔਰਤਾਂ ਨੂੰ ਸਖੀ-ਵਨ ਸਟਾਪ ਸੈਂਟਰ ’ਤੇ ਮਿਲਣ ਵਾਲੀਆਂ ਸਹੂਲਤਾਂ, ਮਿਸ਼ਣ ਪੋਸ਼ਣ ਤਹਿਤ ਗਰਭਵਤੀ ਔਰਤਾਂ, ਦੁੱਧ ਪਿਲਾਉ ਮਾਵਾਂ, 0-6 ਸਾਲ ਤੱਕ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ’ਚ ਮਿਲਣ ਵਾਲੀਆਂ ਸੁਵਿਧਾਵਾਂ ਆਦਿ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ।


ਉਨ੍ਹਾਂ ਅੱਗੇ ਦੱਸਿਆ ਕਿ ਇਸ ਅਭਿਆਨ ਤਹਿਤ ਜ਼ਿਲ੍ਹੇ ਦੇ ਆਈ.ਸੀ.ਡੀ.ਐਸ./ਸੀ.ਡੀ.ਪੀ.ਓ. ਬਲਾਕਾਂ ਵਿੱਚ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਪ੍ਰੋਗਰਾਮ ਕਰਵਾਏ ਜਾਣਗੇ।
ਜ਼ਿਕਰਯੋਗ ਹੈ ਕਿ ਇਸ ਮੁਹਿੰਮ ਤਹਿਤ ਹੁਣ ਤੱਕ ਸਖੀ-ਵਨ ਸਟਾਪ ਸੈਂਟਰ ਜਲੰਧਰ, ਆਂਗਣਵਾੜੀ ਸੈਂਟਰ ਬਸਤੀ ਬਾਵਾ ਖੇਲ, ਆਨੰਦਰ ਨਗਰ, ਮੰਡ, ਵਰਿਆਣਾ ਤੇ ਵਡਾਲਾ, ਮਹਿਲਾ ਥਾਣਾ ਜਲੰਧਰ, ਸਰਕਾਰੀ ਹਾਈ ਸਕੂਲ ਜਲੰਧਰ ਤੇ ਤਲਵਣ, ਸਟੇਟ ਪ੍ਰੋਟੈਕਟਿਵ ਹੋਮ ਪ੍ਰੋਟੈਕਸ਼ਨ ਫਾਰ ਗਰਲਜ਼, ਗਾਂਧੀ ਵਨਿਤਾ ਆਸ਼ਰਮ, ਸਰਕਾਰੀ ਕੰਨਿਆ ਸਕੂਲ ਗਾਂਧੀ ਵਨਿਤਾ ਆਸ਼ਰਮ ਤੇ ਮਹਿਤਪੁਰ, ਪਿੰਡ ਗਿੱਲ, ਮੰਡ ਤੇ ਵਰਿਆਣਾ, ਵਿਰਸਾ ਵਿਹਾਰ, ਸੇਂਟ ਮਨੂ ਕਾਨਵੈਂਟ ਸਕੂਲ ਸ਼ਾਹਕੋਟ, ਨਹਿਰੂ ਗਾਰਡਨ ਸਕੂਲ ਜਲੰਧਰ, ਜਨਤਾ ਸੀਨੀਅਰ ਸੈਕੰਡਰੀ ਸਕੂਲ ਆਦਮਪੁਰ, ਮੁਜਫਰਪੁਰ ਸਰਕਲ ਨਕੋਦਰ ਆਦਿ ਸਮੇਤ ਵੱਖ-ਵੱਖ ਥਾਈਂ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ।

Leave a Comment

Your email address will not be published. Required fields are marked *

Scroll to Top