ਪੰਜਾਬ ਸਰਕਾਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚੋਂ 6,600 ਵਿਅਕਤੀਆਂ ਨੂੰ ਸੁਰੱਖਿਅਤ ਬਚਾਇਆ

ਜਲੰਧਰ, 28 ਅਗਸਤ : ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ 6,600 ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਸਥਾਪਤ ਰਾਹਤ ਕੈਂਪਾਂ ਵਿੱਚ ਭੇਜ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੰਜਾਬ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਇਥੇ ਜਲੰਧਰ ਵਿਖੇ ਸਟੇਟ ਹੜ੍ਹ ਕੰਟਰੋਲ ਰੂਮ ਦਾ ਨਿਰੀਖਣ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਮੁੱਚੇ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਜਲੰਧਰ ਵਿੱਚ ਇੱਕ ਰਾਜ ਪੱਧਰੀ ਕੰਟਰੋਲ ਰੂਮ (0181-2240064) ਸਥਾਪਤ ਕੀਤਾ ਗਿਆ ਹੈ। ਇਸ ਪਹਿਲ ਦਾ ਉਦੇਸ਼ ਪ੍ਰਭਾਵਿਤ ਆਬਾਦੀ ਤੱਕ ਰਾਹਤ ਉਪਾਵਾਂ ਦੀ ਸਮੇਂ ਸਿਰ ਪਹੁੰਚ ਯਕੀਨੀ ਬਣਾਉਣਾ ਹੈ।

ਵੇਰਵੇ ਸਾਂਝੇ ਕਰਦਿਆਂ ਡਿਪਟੀ ਕਮਿਸ਼ਨਰ ਅਤੇ ਸਲਾਹਕਾਰ ਸ਼੍ਰੀ ਬਾਲੀ ਨੇ ਕਿਹਾ ਕਿ ਹੜ੍ਹਾਂ ਨਾਲ ਕੁੱਲ 835 ਪਿੰਡ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ ਦੇ 14, ਬਠਿੰਡਾ ਦੇ 21, ਬਰਨਾਲਾ ਦੇ ਸੱਤ, ਲੁਧਿਆਣਾ ਦੇ 20, ਪਠਾਨਕੋਟ ਦੇ 81, ਫਾਜ਼ਿਲਕਾ ਦੇ 20, ਮਾਨਸਾ ਦੇ 11, ਤਰਨਤਾਰਨ ਦੇ 45, ਐਸ.ਬੀ.ਐਸ. ਨਗਰ ਦੇ ਤਿੰਨ, ਮਾਲੇਰਕੋਟਲਾ ਦਾ ਇੱਕ, ਸ੍ਰੀ ਮੁਕਤਸਰ ਸਾਹਿਬ ਦੇ 64, ਸੰਗਰੂਰ ਦੇ 22, ਫਿਰੋਜ਼ਪੁਰ ਦੇ 93, ਐਸ.ਏ.ਐਸ. ਨਗਰ ਦਾ ਇੱਕ, ਕਪੂਰਥਲਾ ਦੇ 107, ਗੁਰਦਾਸਪੁਰ ਦੇ 202, ਫਤਹਿਗੜ੍ਹ ਸਾਹਿਬ ਦਾ ਇੱਕ, ਮੋਗਾ ਦੇ 35, ਰੂਪਨਗਰ ਦੇ ਦੋ ਅਤੇ ਹੁਸ਼ਿਆਰਪੁਰ ਦੇ 85 ਪਿੰਡ ਸ਼ਾਮਲ ਹਨ।



ਉਨ੍ਹਾਂ ਦੱਸਿਆ ਕਿ 6,600 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ, ਜਿਨ੍ਹਾਂ ਵਿੱਚ ਫਿਰੋਜ਼ਪੁਰ ਵਿੱਚ 2,007, ਗੁਰਦਾਸਪੁਰ ਵਿੱਚ 2,200, ਪਠਾਨਕੋਟ ਵਿੱਚ 1,100, ਕਪੂਰਥਲਾ ਵਿੱਚ 220, ਹੁਸ਼ਿਆਰਪੁਰ ਵਿੱਚ 1052 ਅਤੇ ਮੋਗਾ ਵਿੱਚ 20 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹਨ। ਇਨ੍ਹਾਂ ਵਿਅਕਤੀਆਂ ਨੂੰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਸਰਕਾਰ ਵੱਲੋਂ ਸਥਾਪਤ 88 ਰਾਹਤ ਕੈਂਪਾਂ ਵਿੱਚ ਭੇਜ ਦਿੱਤਾ ਗਿਆ ਹੈ।

ਉਨ੍ਹਾਂ ਭਰੋਸਾ ਦਿੱਤਾ ਕਿ ਇਨ੍ਹਾਂ ਕੈਂਪਾਂ ਵਿੱਚ ਭੋਜਨ, ਦਵਾਈਆਂ ਅਤੇ ਹੋਰ ਰਾਹਤ ਸਮੱਗਰੀ ਲੋੜੀਂਦੀ ਮਾਤਰਾ ਵਿੱਚ ਉਪਲਬਧ ਹੈ। ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਵੱਧ ਤੋਂ ਵੱਧ ਸਹਾਇਤਾ ਦੇਣ ਦੀ ਸਰਕਾਰ ਦੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਇਸ ਸੰਕਟ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫਸੇ ਲੋਕਾਂ ਨੂੰ ਸਰਕਾਰ ਤੋਂ ਮਦਦ ਲਈ ਸਟੇਟ ਹੜ੍ਹ ਕੰਟਰੋਲ ਰੂਮ ਨੰਬਰ 0181-2240064 ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਤਾਂ ਜੋ ਰਾਹਤ ਸਮੱਗਰੀ ਜਾਂ ਬਚਾਅ ਕਾਰਜਾਂ ਨਾਲ ਸਬੰਧਤ ਅਧਿਕਾਰੀਆਂ ਵੱਲੋਂ ਫੌਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top