ਜਲੰਧਰ (ਬਿਊਰੋ ਰਿਪੋਰਟ) – ਸੀਆਰਪੀਐਫ ਵਿੱਚ ਜੁਆਨ ਸ਼ਹੀਦ ਹੋ ਜਾਂਦਾ ਹੈ ਤਾਂ ਉਸ ਦੀ ਧਰਮ ਪਤਨੀ ਲਈ ਬਹੁਤ ਵੱਡੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਪਰ ਜਦੋਂ ਬੱਚਿਆਂ ਦੀ ਮਾਂ ਵੀ ਨਾ ਰਹੇ ਤੇ ਬੱਚਿਆਂ ਦਾ ਹੌਂਸਲਾ ਢਹਿ ਢੇਰੀ ਹੋ ਜਾਂਦਾ ਹੈ। ਚੰਗੇ ਰਿਸ਼ਤੇਦਾਰ ਵੀ ਪਾਸਾ ਵੱਟ ਜਾਂਦੇ ਹਨ। ਅਜਿਹੀ ਹੀ ਕਹਾਣੀ ਹੈ ਇਹਨਾਂ ਤਿੰਨ ਬੱਚੀਆਂ ਦੀ। ਜਦੋਂ ਪਠਾਨਕੋਟ ਦੇ ਰਣਜੀਤ ਕੁਮਾਰ ਡਿਊਟੀ ਦੌਰਾਨ ਸ਼ਹੀਦ ਹੋ ਗਏ ਅਤੇ ਪਿੱਛੇ ਪਤਨੀ ਤੇ ਤਿੰਨ ਬੱਚੀਆਂ ਛੱਡ ਗਏ। ਕੁਝ ਹੀ ਦਿਨਾਂ ਬਾਅਦ ਬਿਮਾਰੀ ਕਾਰਣ ਉਨ੍ਹਾਂ ਦੀ ਧਰਮ ਪਤਨੀ ਵੀ ਚਲ ਵਸੇ। ਪਰਿਵਾਰ ਵਿੱਚ ਛੋਟੀ ਉਮਰ ਦੀਆਂ ਤਿੰਨ ਭੈਣਾਂ ਹੀ ਰਹਿ ਗਈਆਂ ਅਤੇ ਰਿਸ਼ਤੇਦਾਰਾਂ ਵੱਲੋਂ ਕੋਈ ਉਮੀਦ ਨਹੀਂ ਦਿਖ ਰਹੀ ਸੀ। ਕੁਝ ਸਮਾਂ ਤਾਂ ਰੋਟੀ ਲਈ ਵੀ ਸੋਚਣਾ ਪੈ ਗਿਆ ਸੀ। ਪਿਤਾ ਦੀ ਪੈਨਸ਼ਨ ਵੀ ਬੰਦ ਹੋ ਗਈ। ਬੱਚੀਆਂ ਕੋਲ ਰੋਜ਼ ਉਦਾਸੇ ਚਿਹਰੇ ਲੈਕੇ ਰੱਬ ਨਾਲ ਗਿਲਾ ਕਰਨ ਤੋਂ ਸਿਵਾਏ ਕੁਝ ਵੀ ਨਹੀਂ ਸੀ। ਪਰ ਇਹਨਾਂ ਬੱਚਿਆਂ ਨੇ ਹਿੰਮਤ ਨਾ ਹਾਰੀ। ਕੁਝ ਖਾਸ ਚੰਗੇ ਲੋਕਾਂ ਨੇ ਇਹਨਾਂ ਬੱਚਿਆਂ ਦੀ ਪਰਵਰਿਸ਼ ਕਰਨੀ ਸ਼ੁਰੂ ਕਰ ਦਿੱਤੀ। ਬੱਚੇ ਵੱਡੇ ਹੋਣ ਤੇ ਵੱਡੀ ਭੈਣ ਦਾ ਵਿਆਹ ਕਰ ਦਿੱਤਾ ਅਤੇ ਘਰ ਵਿੱਚ ਹੋਰ ਵੀ ਉਦਾਸੀ ਦਾ ਮਾਹੌਲ ਛਾ ਗਿਆ। ਸਭ ਤੋਂ ਛੋਟੀ ਬੱਚੀ ਸੁਭਾ ਹਮੇਸ਼ਾ ਆਪਣੇ ਮਾਂ ਬਾਪ ਦਾ ਇੰਤਜ਼ਾਰ ਕਰਦੀ ਰਹੀ। ਹਰ ਵੇਲੇ ਆਪਣੀ ਮਾਂ ਤੇ ਪਿਉ ਦੇ ਪਿਆਰ ਨੂੰ ਤਰਸਦੀ ਰਹਿੰਦੀ। ਇਸ ਬੱਚੀ ਦੇ ਚਿਹਰੇ ਤੇ ਅੱਜ ਵੀ ਮਾਂ-ਪਿਉ ਦੀ ਉਦਾਸੀ ਝਲਕ ਰਹੀ ਹੈ। ਵੱਡੀਆਂ ਭੈਣਾਂ ਛੋਟੀ ਭੈਣ ਨੂੰ ਬੱਚਿਆਂ ਵਾਂਗ ਲਾਡ ਲੜਾਉਦੀਆ ਅਤੇ ਮਾਂ-ਪਿਉ ਦੀ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕਰਦੀਆਂ। ਪਰ ਇਸ ਬੱਚੀ ਦਾ ਦਰਦ ਵਾਹਿਗੁਰੂ ਹੀ ਜਾਣਦਾ ਸੀ।
ਇਹਨਾਂ ਬੱਚੀਆਂ ਦੀ ਮੁਲਾਕਾਤ ਸੀਆਰਪੀਐਫ ਦੀਆਂ ਕੁਝ ਮਹਿਲਾਵਾਂ ਨਾਲ ਹੋਈ ਅਤੇ ਉਨ੍ਹਾਂ ਨਾਲ ਸੀਆਰਪੀਐਫ ਗਰੁੱਪ ਸੈਟਰ ਦੀ ਮੀਟਿੰਗ ਵਿੱਚ ਸ਼ਾਮਿਲ ਹੋਈਆਂ। ਇਹਨਾਂ ਬੱਚੀਆਂ ਨੇ ਸਾਰੀ ਕਹਾਣੀ ਐਸੋਸੀਏਸ਼ਨ ਦੇ ਪ੍ਰਧਾਨ ਸੁਲਿੰਦਰ ਸਿੰਘ ਕੰਢੀ ਨੂੰ ਦੱਸੀ ਅਤੇ ਪ੍ਰਧਾਨ ਕੰਢੀ ਨੇ ਇਹ ਸਾਰਾ ਮਾਮਲਾ ਸੀਆਰਪੀਐਫ ਗਰੁੱਪ ਸੈਟਰ ਜਲੰਧਰ ਦੇ ਡੀਆਈਜੀ ਸ਼੍ਰੀ ਰਾਕੇਸ਼ ਰਾਉ ਜੀ ਦੇ ਧਿਆਨ ਵਿੱਚ ਲਿਆਂਦਾ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਅਣ ਵਿਆਹੀ ਬੱਚੀ ਨੂੰ ਪੈਨਸ਼ਨ ਲੱਗ ਜਾਵੇਗੀ ਅਤੇ ਨੌਕਰੀ ਦਾ ਵੀ ਪੂਰਾ ਭਰੋਸਾ ਦਿੱਤਾ। ਇਹਨਾਂ ਬੱਚੀਆਂ ਨੂੰ ਸ਼ਹੀਦ ਪਰਿਵਾਰ ਫੰਡ ਵਿੱਚੋਂ ਚੈਕ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸੀਆਰਪੀਐਫ ਦੇ ਅਫ਼ਸਰਾਂ ਅਤੇ ਐਸੋਸੀਏਸ਼ਨ ਦੇ ਇਸ ਰਵਈਏ ਨੂੰ ਦੇਖ ਕੇ ਇਹਨਾਂ ਬੱਚੀਆਂ ਨੂੰ ਫਿਰ ਆਪਣੇ ਮਾਂ-ਪਿਉ ਦੀ ਯਾਦ ਆਈ ਕਿ ਸਾਡੇ ਪਿਤਾ ਦੀ ਬਦੌਲਤ ਅੱਜ ਫਿਰ ਸਾਡਾ ਸੀਆਰਪੀਐਫ ਦੇ ਅਫ਼ਸਰਾਂ ਅਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਇੱਜ਼ਤ ਮਾਨ ਕੀਤਾ। ਸਰਕਾਰਾਂ ਨੂੰ ਐਸੋਸੀਏਸ਼ਨ ਦੀ ਇਹੋ ਅਪੀਲ ਹੈ ਕਿ ਪੈਰਾ ਮਿਲਟਰੀ ਦੇ ਹਰ ਜੁਆਨ ਦੀ ਪੈਨਸ਼ਨ ਬੰਦ ਨਾ ਕੀਤੀ ਜਾਵੇ ਤਾਂ ਜੋ ਉਹਨਾਂ ਦੇ ਬੱਚੇ ਭਵਿੱਖ ਵਿੱਚ ਧੱਕੇ ਨਾ ਖਾ ਸਕਣ।