ਜਲੰਧਰ, 17 ਮਈ – ਲੋਕ ਸਭਾ ਹਲਕਾ 04-ਜਲੰਧਰ (ਅ.ਜ.) ਦੀਆਂ ਆਮ ਚੋਣਾਂ ਲਈ ਅੱਜ ਨਾਮਜ਼ਦਗੀਆਂ ਵਾਪਸ ਲੈਣ ਦੇ ਆਖਰੀ ਦਿਨ ਸਮਾਂ ਪੂਰਾ ਹੋਣ ਤੱਕ ਕਿਸੇ ਵੀ ਉਮੀਦਵਾਰ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਗਏ। ਜਿਸ ਉਪਰੰਤ ਜਨਰਲ ਆਬਜ਼ਰਵਰ ਜੇ ਮੇਘਨਾਥ ਰੈਡੀ ਦੀ ਮੌਜੂਦਗੀ ਵਿੱਚ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ।
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੇ ਆਖਰੀ ਦਿਨ ਅੱਜ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਨਹੀਂ ਲਏ ਗਏ ਅਤੇ ਹੁਣ ਲੋਕ ਸਭਾ ਹਲਕਾ ਜਲੰਧਰ ਦੀਆਂ ਆਮ ਚੋਣਾਂ ਲਈ 7 ਆਜ਼ਾਦ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ 13 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਉਨ੍ਹਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸੁਸ਼ੀਲ ਕੁਮਾਰ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ, ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ) ਵੱਲੋਂ ਪਰਸ਼ੋਤਮ ਲਾਲ, ਆਮ ਆਦਮੀ ਪਾਰਟੀ ਵੱਲੋਂ ਪਵਨ ਕੁਮਾਰ ਟੀਨੂੰ, ਬਹੁਜਨ ਸਮਾਜ ਪਾਰਟੀ ਵੱਲੋਂ ਬਲਵਿੰਦਰ ਕੁਮਾਰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮਹਿੰਦਰ ਸਿੰਘ ਕੇਪੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) (ਸਿਮਰਨਜੀਤ ਸਿੰਘ ਮਾਨ) ਵੱਲੋਂ ਸਰਬਜੀਤ ਸਿੰਘ, ਰਿਪਬਲਿਕਨ ਪਾਰਟੀ ਆਫ਼ ਇੰਡੀਆ (ਅਠਾਵਾਲੇ) ਵੱਲੋਂ ਸੋਨੀਆ, ਡੈਮੋਕਰੇਟਿਕ ਭਾਰਤੀ ਸਮਾਜ ਪਾਰਟੀ ਵੱਲੋਂ ਗੁਲਸ਼ਨ ਕੁਮਾਰ, ਲੋਕਤਾਂਤਰਿਕ ਲੋਕ ਰਾਜਿਅਮ ਪਾਰਟੀ ਵੱਲੋਂ ਤਾਰਾ ਚੰਦ ਸ਼ੀਲਾ, ਗਲੋਬਲ ਰਿਪਬਲਿਕਨ ਪਾਰਟੀ ਵੱਲੋਂ ਬਾਲ ਮੁਕੰਦ, ਆਪਣਾ ਸਮਾਜ ਪਾਰਟੀ ਵੱਲੋਂ ਰਜਵੰਤ ਕੌਰ, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕਰੇਟਿਕ) ਵੱਲੋਂ ਰਾਜ ਕੁਮਾਰ ਅਤੇ ਆਜ਼ਾਦ ਉਮੀਦਵਾਰ ਵਜੋਂ ਅਸ਼ੋਕ ਕੁਮਾਰ, ਅਮਰੀਸ਼ ਭਗਤ, ਇਕਬਾਲ ਚੰਦ, ਗੁਰਦੀਪ ਸਿੰਘ, ਨੀਟੂ, ਪਰਮਜੀਤ ਕੌਰ ਤੇਜੀ ਅਤੇ ਰਮੇਸ਼ ਲਾਲ ਵੱਲੋਂ ਲੋਕ ਸਭਾ ਚੋਣ ਲੜੀ ਜਾ ਰਹੀ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਸਿਆਸੀ ਪਾਰਟੀਆਂ ਦੀ ਮੌਜੂਦਗੀ ਵਿੱਚ ਚੋਣ ਨਿਸ਼ਾਨ ਅਲਾਟ ਕਰਨ ਤੋਂ ਬਾਅਦ ਅਗਲੀ ਪ੍ਰਕਿਰਿਆਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਵੋਟਾਂ 1 ਜੂਨ ਪੈਣਗੀਆਂ ਅਤੇ ਗਿਣਤੀ 4 ਜੂਨ ਨੂੰ ਹੋਵੇਗੀ।

















































