CRPF ਦਾ ਯੋਧਾ ਸ਼ਹੀਦ ਜਰਨੈਲ ਸਿੰਘ ਦੇਸ਼ ਦੇ ਦੁਸ਼ਮਣਾਂ ਨਾਲ ਲੜਦਾ ਹੋਇਆ ਕਿਵੇਂ ਹੋਇਆ ਸ਼ਹੀਦ

ਜਲੰਧਰ (ਸੁਲਿੰਦਰ ਕੰਢੀ) – ਸ਼ਹੀਦ ਜਰਨੈਲ ਸਿੰਘ ਆਪਣੀ ਮੁੱਢਲੀ ਪੜ੍ਹਾਈ ਕਰਨ ਤੋ ਬਾਅਦ 1988 ਪੱਟੀ ਜਿਲ੍ਹਾ ਤਰਨਤਾਰਨ ਸੀ.ਆਰ ਪੀ.ਐਫ.ਵਿੱਚ ਭਰਤੀ ਹੋ ਗਏ। ਆਪਣੇ ਮਾਤਾ ਪਿਤਾ ਦਾ ਆਸ਼ੀਰਵਾਦ ਲੈ ਕੇ ਕੁਝ ਦਿਨਾਂ ਬਾਅਦ ਹੀ ਟਰੇਨਿੰਗ ਲਈ ਮਦਰਾਸ ਰਵਾਨਾ ਹੋ ਗਏ। ਟਰੇਨਿੰਗ ਸੈਟਰ ਮਦਰਾਸ ਪਹੁੰਚਣ ਤੇ ਪੰਜਾਬ ਦੇ ਜਵਾਨਾਂ ਦਾ ਸੀ.ਆਰ.ਪੀ.ਐਫ. ਨੇ ਸਤਿਕਾਰ ਕੀਤਾ। ਕੁਝ ਦਿਨ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਇਹਨਾਂ ਪੰਜਾਬ ਅਤੇ ਹੋਰ ਜਿਲ੍ਹਿਆਂ ਤੋਂ ਆਏ ਹੋਏ ਜਵਾਨਾਂ ਦੀ ਟਰੇਨਿੰਗ ਸ਼ੁਰੂ ਕਰ ਦਿੱਤੀ। ਸ. ਜਰਨੈਲ ਸਿੰਘ ਟਰੇਨਿੰਗ ਵਿੱਚ ਬਹੁਤ ਹੀ ਦਿਲਚਸਪੀ ਰੱਖਦਾ ਸੀ ਅਤੇ ਹਮੇਸ਼ਾ ਆਪਣੇ ਉਸਤਾਦਾਂ ਨਾਲ ਟਰੇਨਿੰਗ ਸੰਬੰਧੀ ਆਪਣੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਕਰਦਾ ਰਹਿੰਦਾ। ਉਸਤਾਦ ਵੀ ਬੜੇ ਪਿਆਰ ਨਾਲ ਉਸ ਨੂੰ ਹਰ ਗੱਲ ਦਾ ਜਵਾਬ ਦਿੰਦੇ। ਸ. ਜਰਨੈਲ ਸਿੰਘ ਨੇ ਆਪਣੀ ਟਰੇਨਿੰਗ ਬਹੁਤ ਦਿਲ ਲਗਾ ਕੇ ਕੀਤੀ।

ਟਰੇਨਿੰਗ ਤੋਂ ਬਾਅਦ ਸ. ਜਰਨੈਲ ਸਿੰਘ ਜੰਮੂ ਕਸ਼ਮੀਰ ਸੀ.ਆਰ.ਪੀ.ਐਫ. ਲਈ ਰਵਾਨਾ ਹੋ ਗਏ। ਸ. ਜਰਨੈਲ ਸਿੰਘ ਦੇ ਜੰਮੂ ਕਸ਼ਮੀਰ ਵਿੱਚ ਵੀ ਬਹੁਤ ਵਧੀਆ ਨਤੀਜੇ ਸਾਹਮਣੇ ਆਏ। ਸ਼੍ਰੀਨਗਰ ਤੋਂ ਬਾਅਦ ਜਰਨੈਲ ਸਿੰਘ ਦੀ ਪੋਸਟਿੰਗ ਦਿੱਲੀ ਹੋ ਗਈ। ਦਿੱਲੀ ਤੋਂ ਆ ਕੇ ਉਨ੍ਹਾਂ ਦਾ ਵਿਆਹ 1995 ਵਿੱਚ ਬੀਬੀ ਲਖਵੀਰ ਕੌਰ ਨਾਲ ਹੋਇਆ। ਸ. ਜਰਨੈਲ ਸਿੰਘ ਦੇ ਦੋ ਭਰਾ ਅਤੇ ਇਕ ਭੈਣ ਹੈ ਅਤੇ 1998 ਵਿੱਚ ਸ. ਜਰਨੈਲ ਸਿੰਘ ਦੇ ਘਰ ਬੇਟੀ ਨੇ ਜਨਮ ਲਿਆ। ਬੇਟੀ ਦੇ ਜਨਮ ਤੋਂ 2 ਦਿਨ ਬਾਅਦ ਹੀ ਆਪਣੀ ਬੇਟੀ ਨੂੰ ਦੇਖਣ ਲਈ 15 ਦਿਨ ਛੁੱਟੀ ਲੈਕੇ ਆਪਣੇ ਪਿੰਡ ਆ ਗਏ। 15 ਦਿਨ ਦੀ ਛੁੱਟੀ ਕੱਟ ਕੇ ਵਾਪਸ ਤਿ੍ਪੂਰਾ ਚਲੇ ਗਏ। ਸ. ਜਰਨੈਲ ਸਿੰਘ ਤ੍ਰਿਪੂਰਾ ਤੋਂ ਦਸੰਬਰ ਮਹੀਨੇ ਛੁੱਟੀ ਲੈ ਕੇ ਫਿਰ ਆਪਣੇ ਪਿੰਡ ਆਏ ਅਤੇ ਖੁਸ਼ੀ ਖੁਸ਼ੀ 12 ਫਰਵਰੀ 1999 ਨੂੰ ਛੁੱਟੀ ਕੱਟ ਕੇ ਵਾਪਸ ਤਿ੍ਪੂਰਾ 33 ਬਟਾਲੀਅਨ ਵਿੱਚ ਚਲੇ ਗਏ। ਸ.ਜਰਨੈਲ ਸਿੰਘ ਆਪਣੀ ਡਿਊਟੀ ਤੇ ਚੁਸਤੀ ਅਤੇ ਫੁਰਤੀ ਨਾਲ ਹਮੇਸ਼ਾ ਦੇਸ਼ ਦੇ ਦੁਸ਼ਮਣਾਂ ਨਾਲ ਲੜਨ  ਲਈ ਤਿਆਰ ਰਹਿੰਦੇ ਸੀ।

ਅਚਾਨਕ ਇੱਕ ਦਿਨ ਡਿਊਟੀ ਤੇ ਉਹਨਾਂ ਦੀ ਮੁੱਠਭੇੜ ਦੇਸ਼ ਤੇ ਦੁਸ਼ਮਣਾਂ ਨਾਲ ਹੋ ਗਈ। ਸ. ਜਰਨੈਲ ਸਿੰਘ ਦੀ ਅੱਤਵਾਦੀ ਨਾਲ ਕਾਫੀ ਦੇਰ ਹੱਥੋਪਾਈ ਹੁੰਦੀ ਰਹੀ। ਸ. ਜਰਨੈਲ ਸਿੰਘ ਨੇ ਅੱਤਵਾਦੀ ਨੂੰ ਕਾਬੂ ਕਰ ਲਿਆ ਤੇ ਅਚਾਨਕ ਧਰਤੀ ਤੇ ਡਿੱਗੇ ਅੱਤਵਾਦੀ ਨੇ ਜਰਨੈਲ ਸਿੰਘ ਅਤੇ ਇਸ ਦੇ ਹੋਰ ਸਾਥੀਆਂ ਤੇ ਗਰਨੇਟ ਨਾਲ ਹਮਲਾ ਕਰ ਦਿੱਤਾ। ਸ. ਜਰਨੈਲ ਸਿੰਘ ਦੇ ਕੁਝ ਸਾਥੀ ਜਖਮੀ ਹੋ ਗਏ। ਜਰਨੈਲ ਸਿੰਘ ਮੌਕੇ ਤੇ ਹੀ 14 ਮਾਰਚ 1999 ਨੂੰ ਸ਼ਹੀਦ ਹੋ ਗਏ। 33 ਬਟਾਲੀਅਨ ਦੇ ਜਖਮੀ ਜਵਾਨਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਬਟਾਲੀਅਨ ਦਾ ਇੱਕ ਜਵਾਨ ਉਹਨਾਂ ਦੇ ਪਿੰਡ ਪਹੁੰਚਿਆ। ਸ਼ਹੀਦ ਜਰਨੈਲ ਸਿੰਘ ਦੇ ਪਿਤਾ ਨੂੰ ਇਹ ਮੰਦਭਾਗੀ ਖਬਰ ਦੱਸੀ ਤੇ ਸ਼ਹੀਦ ਜਰਨੈਲ ਸਿੰਘ ਦੀ ਪਤਨੀ ਲਖਵੀਰ ਕੌਰ ਆਏ ਹੋਏ ਜਵਾਨ ਲਈ ਪਾਣੀ ਦਾ ਗਿਲਾਸ ਲੈ ਕੇ ਜਾ ਰਹੇ ਸੀ ਤਾਂ ਸ਼ਹੀਦੀ ਦੀ ਗੱਲ ਸੁਣਦੇ ਹੀ ਸ਼ਹੀਦ ਜਰਨੈਲ ਸਿੰਘ ਦੀ ਪਤਨੀ ਲਖਵੀਰ ਕੌਰ ਧਰਤੀ ਤੇ ਡਿੱਗ ਪਏ। ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਸੰਭਾਲਿਆ ਅਤੇ ਘਰ ਵਿੱਚ ਚੀਕ ਚਿਹਾੜਾ ਪੈ ਗਿਆ।

ਠੀਕ ਚੌਥੇ ਦਿਨ ਬਾਅਦ ਸ਼ਹੀਦ ਜਰਨੈਲ ਸਿੰਘ ਦੀ ਮ੍ਰਿਤਕ ਦੇਹ ਤ੍ਰਿਪੁਰਾ ਤੋਂ ਉਹਨਾਂ ਦੇ ਪਿੰਡ ਪੱਟੀ ਲਿਆਂਦੀ ਗਈ। ਜਦੋਂ ਸ਼ਹੀਦ ਜਰਨੈਲ ਸਿੰਘ ਨੂੰ ਪੱਟੀ ਲਿਆਂਦਾ ਗਿਆ ਤਾਂ ਪਿੰਡ ਅਤੇ ਇਲਾਕੇ ਦੇ ਲੋਕਾਂ ਨੇ ਉਹਨਾਂ ਦਾ ਫੁੱਲਾਂ ਨਾਲ ਸਤਿਕਾਰ ਕੀਤਾ ਅਤੇ ਸ਼ਹੀਦ ਜਰਨੈਲ ਸਿੰਘ ਅਮਰ ਰਹੇ ਦੇ ਨਾਅਰੇ ਵੀ ਲਗਾਏ। ਪਿੰਡ ਵਿੱਚ ਪੂਰੀ ਸੋਗ ਦੀ ਲਹਿਰ ਫੈਲੀ ਹੋਈ ਸੀ। ਪਿੰਡ ਦੇ ਸਾਰੇ ਲੋਕਾਂ ਦੀਆਂ ਅੱਖਾਂ ਨਮ ਸੀ। ਸ਼ਹੀਦ ਜਰਨੈਲ ਸਿੰਘ ਅਮਰ ਰਹੇ……ਅਮਰ ਰਹੇ…… ਨਾਅਰਿਆਂ ਵਾਲਾ ਟਰੱਕ ਸ਼ਮਸ਼ਾਨ ਘਾਟ ਪਹੁੰਚ ਗਿਆ। ਸੀ.ਆਰ.ਪੀ.ਐਫ.ਦੀ ਪਰੰਪਰਾ ਅਨੁਸਾਰ ਸ਼ਹੀਦ ਜਰਨੈਲ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅੰਮ੍ਰਿਤਸਰ ਦੇ ਪ੍ਰਸ਼ਾਸਨ ਨੇ ਸ਼ਰਧਾਂਜਲੀ ਭੇਟ ਕੀਤੀ। ਕੁਝ ਅਧਿਕਾਰੀਆਂ ਸ਼ਹੀਦ ਦੀ ਪਤਨੀ ਲਖਵੀਰ ਕੌਰ ਨੂੰ ਮਿਲੇ ਅਤੇ ਕੁਝ ਕਾਗਜੀ ਕਾਰਵਾਈ ਕੀਤੀ ਅਤੇ ਉਹਨਾਂ ਨੂੰ ਹੌਸਲਾ ਵੀ ਦਿੱਤਾ।

ਲਖਬੀਰ ਕੌਰ ਉਸ ਸਮੇਂ ਬਹੁਤ ਹੀ ਸਦਮੇ ਵਿੱਚ ਸੀ। ਲਖਵੀਰ ਕੌਰ ਹਿੰਮਤੀ ਦੇ ਬਹੁਤ ਸੀ ਪਰ ਸਿਰ ਦਾ ਸਾਈ ਜਾਣ ਨਾਲ ਬਹੁਤ ਟੁੱਟ ਚੁੱਕੀ ਸੀ। ਸ਼ਹੀਦ ਜਰਨੈਲ ਸਿੰਘ ਦੀ ਧਰਮ ਪਤਨੀ ਲਖਵੀਰ ਕੌਰ ਨੇ 2015 ਵਿੱਚ ਸੀ.ਆਰ.ਪੀ.ਐਫ.ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਜੁਆਇਨ ਕੀਤੀ। ਲਖਵੀਰ ਕੌਰ ਹੁਣ ਹਰ ਸਾਲ ਸ਼ਹੀਦ ਜਰਨੈਲ ਸਿੰਘ ਦੀ ਬਰਸੀ ਆਪਣੇ ਪਿੰਡ ਮਨਾਉਂਦੇ ਹਨ ਅਤੇ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਪੰਜਾਬ ਪ੍ਰਧਾਨ ਸੁਲਿੰਦਰ ਸਿੰਘ ਕੰਡੀ ਅਤੇ ਸੀ.ਆਰ.ਪੀ.ਐਫ. ਗਰੁੱਪ ਸੈਂਟਰ ਦੇ ਸੀਨੀਅਰ ਅਧਿਕਾਰੀ ਉਹਨਾਂ ਦੇ ਪਿੰਡ ਬਰਸੀ ਤੇ ਜਾ ਕੇ ਸ਼ਹੀਦ ਜਰਨੈਲ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ।

Leave a Comment

Your email address will not be published. Required fields are marked *

Scroll to Top