ਜਲੰਧਰ ਵਿਖੇ ਸੂਬਾ ਪੱਧਰੀ ਆਜ਼ਾਦੀ ਦਿਹਾੜੇ ਸਮਾਗਮ ਦੌਰਾਨ ਮੁੱਖ ਮੰਤਰੀ ਲਹਿਰਾਉਣਗੇ ਤਿਰੰਗਾ, ਡਿਪਟੀ ਕਮਿਸ਼ਨਰ ਵੱਲੋਂ ਤਿਆਰੀਆਂ ਤੇ ਪ੍ਰਬੰਧਾਂ ਦੀ ਸਮੀਖਿਆ

ਜਲੰਧਰ, 9 ਅਗਸਤ :- ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਦਾ ਕੀਤੀ ਜਾਵੇਗੀ।


ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਸਟੇਡੀਅਮ ਵਿਖੇ ਸੂਬਾ ਪੱਧਰੀ ਸਮਾਗਮ ਦੀਆਂ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੌਮੀ ਮਹੱਤਤਾ ਵਾਲੇ ਇਸ ਸਮਾਗਮ ਦੇ ਪ੍ਰਬੰਧਾਂ ਨੂੰ ਸਮਾਂ ਰਹਿੰਦੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ ਅਤੇ ਅਧਿਕਾਰੀ ਸਮੁੱਚੇ ਇੰਤਜ਼ਾਮਾਂ ਦੀ ਵਿਅਕਤੀਗਤ ਨਿਗਰਾਨੀ ਯਕੀਨੀ ਬਣਾਉਣ ਤਾਂ ਜੋ ਸਮਾਗਮ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਸਿਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


ਡਾ. ਅਗਰਵਾਲ ਨੇ ਸੁਰੱਖਿਆ, ਪਾਰਕਿੰਗ, ਸਟੇਡੀਅਮ ਦੀ ਸਾਫ਼-ਸਫਾਈ, ਸਜਾਵਟ, , ਬੈਠਣ ਦੇ ਪ੍ਰਬੰਧ ਆਦਿ ਸਮੇਤ ਹੋਰ ਇੰਤਜ਼ਾਮਾਂ ਦੀ ਸਮੀਖਿਆ ਕਰਦਿਆਂ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਆਜ਼ਾਦੀ ਦਿਹਾੜੇ ਮੌਕੇ ਕੀਤੀ ਜਾਣ ਵਾਲੀ ਪਰੇਡ, ਪੀਟੀ ਸ਼ੋਅ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ ਦਾ ਵੀ ਜਾਇਜ਼ਾ ਲਿਆ ਅਤੇ ਜ਼ਰੂਰੀ ਤਬਦੀਲੀਆਂ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ।


ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਡਾ. ਅਮਿਤ ਮਹਾਜਨ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਲਖਵਿੰਦਰ ਸਿੰਘ, ਐਸ.ਡੀ.ਐਮ. ਜੈ ਇੰਦਰ ਸਿੰਘ, ਐਸ.ਡੀ.ਐਮ. ਬਲਬੀਰ ਰਾਜ ਸਿੰਘ, ਸਿਵਲ ਸਰਜਨ ਡਾ. ਜਗਦੀਪ ਚਾਵਲਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।


ਜ਼ਿਕਰਯੋਗ ਹੈ ਕਿ ਆਜ਼ਾਦੀ ਦਿਹਾੜੇ ਸਮਾਗਮ ਦੌਰਾਨ ਸੁਰੱਖਿਆ ਬਲਾਂ ਦੀਆਂ ਵੱਖ-ਵੱਖ ਟੁਕੜੀਆਂ ਵੱਲੋਂ ਮਾਰਚ ਪਾਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਪੀਟੀ ਸ਼ੋਅ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਸੱਭਿਆਚਾਰਕ ਵੰਨਗੀਆਂ ਪੇਸ਼ ਕਰਨਗੇ। ਇਸ ਮੌਕੇ ਵਿਕਾਸ ਅਤੇ ਲੋਕ ਭਲਾਈ ਸਕੀਮਾਂ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ ਜਾਣਗੀਆਂ।
ਸੂਬਾ ਪੱਧਰੀ ਆਜ਼ਾਦੀ ਦਿਹਾੜੇ ਦੀ ਫੁੱਲ ਡਰੈੱਸ ਰਿਹਰਸਲ 13 ਅਗਸਤ ਨੂੰ ਹੋਵੇਗੀ।  

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸੂਬਾ ਪੱਧਰੀ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ।

Leave a Comment

Your email address will not be published. Required fields are marked *

Scroll to Top