ਜਲੰਧਰ (ਸੁਲਿੰਦਰ ਕੰਢੀ) – ਸ਼ਹੀਦ ਸਰਬਜੀਤ ਸਿੰਘ ਪੁੱਤਰ ਸਰਦਾਰ ਭਗਤ ਸਿੰਘ ਦਾ ਜਨਮ 15 ਜੂਨ 1966 ਨੂੰ ਪੱਟੀ ਵਿਖੇ ਹੋਇਆ। ਸਰਦਾਰ ਸਰਬਜੀਤ ਸਿੰਘ ਦੇ ਜਨਮ ਤੇ ਪਰਿਵਾਰ ਨੇ ਬਹੁਤ ਖੁਸ਼ੀ ਮਨਾਈ। ਸਰਬਜੀਤ ਸਿੰਘ ਨੇ ਆਪਣੀ ਮੁੱਢਲੀ ਪੜ੍ਹਾਈ ਡੀ.ਏ.ਵੀ. ਸਕੈਡਰੀ ਸਕੂਲ ਪੱਟੀ ਵਿਖੇ ਹੀ ਕੀਤੀ। ਪੜ੍ਹਾਈ ਤੋਂ ਬਾਅਦ 1988 ਵਿੱਚ ਫਿਰੋਜ਼ਪੁਰ ਵਿਖੇ 31 ਬਟਾਲੀਅਨ ਸੀ.ਆਰ.ਪੀ.ਐਫ. ਵਿੱਚ ਭਾਰਤੀ ਹੋ ਗਏ। ਭਾਰਤੀ ਹੋਣ ਤੋਂ ਬਾਅਦ ਐਮਪੀ ਨਿਮ ਵਿਖੇ ਟਰੇਨਿੰਗ ਲਈ ਚਲੇ ਗਏ। ਉੱਥੇ ਪਹੁੰਚਣ ਤੇ ਉਹਨਾਂ ਨੇ ਉਥੋਂ ਦਾ ਸਾਰਾ ਹਾਲ ਚਾਲ ਚਿੱਠੀ ਰਾਹੀਂ ਆਪਣੇ ਪਿਤਾ ਨੂੰ ਦੱਸਿਆ। ਜਦੋਂ ਵੀ ਟ੍ਰੇਨਿੰਗ ਵਿੱਚ ਕੋਈ ਨਵੀਂ ਚੀਜ਼ ਕਰਦੇ ਤਾਂ ਚਿੱਠੀ ਰਾਹੀਂ ਆਪਣੇ ਪਿਤਾ ਨੂੰ ਨਾਲ ਦੀ ਨਾਲ ਦੱਸਦੇ ਰਹਿੰਦੇ। ਸਰਬਜੀਤ ਸਿੰਘ ਦੇ ਮਾਤਾ ਪਿਤਾ ਆਪਣੇ ਪੁੱਤਰ ਨੂੰ ਸੀ.ਆਰ.ਪੀ.ਐਫ. ਵਿੱਚ ਭਰਤੀ ਹੋਇਆ ਦੇਖ ਕੇ ਬਹੁਤ ਖੁਸ਼ ਸਨ।

ਟਰੇਨਿੰਗ ਦੇ ਨਾਲ ਨਾਲ ਸਰਬਜੀਤ ਸਿੰਘ ਨੂੰ ਕਿਤਾਬਾਂ ਪੜ੍ਨ ਦਾ ਵੀ ਬਹੁਤ ਸ਼ੌਂਕ ਸੀ। ਸਰਬਜੀਤ ਸਿੰਘ ਸੀ.ਆਰ.ਪੀ.ਐਫ. ਦੀ ਇਤਿਹਾਸਿਕ ਜਾਣਕਾਰੀਆਂ ਉਸਤਾਦਾਂ ਕੋਲੋਂ ਹਾਸਲ ਕਰਦੇ ਰਹਿੰਦੇ ਸਨ। ਉਸਤਾਦ ਵੀ ਉਸ ਨੂੰ ਹਰ ਗੱਲ ਬਹੁਤ ਧਿਆਨ ਨਾਲ ਸਮਝਾਉਂਦੇ। ਸਰਬਜੀਤ ਸਿੰਘ ਟਰੇਨਿੰਗ ਸਮੇਂ ਆਪਣੇ ਗਰੁੱਪ ਵਿੱਚੋਂ ਸਭ ਤੋਂ ਅੱਗੇ ਹੋ ਕੇ ਪਰੇਡ ਕਰਦੇ ਸਨ। 15 ਅਗਸਤ ਤੇ 26 ਜਨਵਰੀ ਨੂੰ ਵੀ ਸਰਬਜੀਤ ਸਿੰਘ ਨੂੰ ਗਾਈਡ ਲਗਾਇਆ ਗਿਆ। ਸਰਬਜੀਤ ਸਿੰਘ ਸ਼ਾਮ ਦੇ ਸਮੇਂ ਆਪਣਾ ਕੁਝ ਸਮਾਂ ਦਫਤਰ ਵਿੱਚ ਵੀ ਬਤੀਤ ਕਰਦੇ ਸਨ।

ਸਰਬਜੀਤ ਸਿੰਘ ਦੀ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਇਹਨਾਂ ਦੀ ਯੂਨਿਟ ਜੰਗਲ ਕੈਂਪ ਲਈ ਰਵਾਨਾ ਹੋ ਗਈ। ਜੰਗਲ ਕੈਂਪ ਦੀਆਂ ਜੋ ਵੀ ਹਦਾਇਤਾਂ ਸਨ ਉਸਤਾਦਾਂ ਨੇ ਸਾਰੇ ਜਵਾਨਾਂ ਨੂੰ ਦੱਸ ਦਿੱਤੀਆਂ। ਸਰਬਜੀਤ ਸਿੰਘ ਜੰਗਲ ਵਿੱਚ ਜੜੀਆਂ ਬੂਟੀਆਂ ਬਾਰੇ ਵੀ ਬਹੁਤ ਸਾਰੀ ਜਾਣਕਾਰੀ ਹਾਸਲ ਕਰਦੇ ਰਹਿੰਦੇ ਸਨ। ਸਰਬਜੀਤ ਸਿੰਘ ਨੇ ਜੰਗਲ ਕੈਂਪ ਦੌਰਾਨ ਕੁਝ ਪ੍ਰੋਗਰਾਮਾਂ ਵਿੱਚ ਵੀ ਹਿੱਸਾ ਲਿਆ। ਜੰਗਲ ਕੈਂਪ ਪੂਰਾ ਹੋਣ ਤੇ 31 ਬਟਾਲੀਅਨ ਦੇ ਜਵਾਨਾਂ ਨੇ ਦੋ ਦਿਨ ਪਹਿਲਾਂ ਇੱਕ ਸੱਭਿਆਚਾਰਕ ਪ੍ਰੋਗਰਾਮ ਕੀਤਾ। ਜਿਸ ਵਿੱਚ ਸੀ.ਆਰ.ਪੀ.ਐਫ. ਦੇ ਅਫਸਰਾਂ ਵੱਲੋਂ ਸਰਬਜੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ।

ਟਰੇਨਿੰਗ ਪੂਰੀ ਹੋਣ ਤੇ ਸਭ ਜਵਾਨਾਂ ਨੂੰ 15 ਦਿਨ ਦੀ ਛੁੱਟੀ ਦਿੱਤੀ ਗਈ। 15 ਦਿਨਾਂ ਦੀ ਛੁੱਟੀ ਕੱਟ ਕੇ ਜਵਾਨ ਆਪਣੀ ਯੂਨਿਟ ਵਿੱਚ ਵਾਪਸ ਆ ਗਏ ਅਤੇ ਰੁਟੀਨ ਵਿੱਚ ਆਪਣੀ ਡਿਊਟੀ ਕਰਨ ਲੱਗੇ। 15 ਦਿਨ ਦੀ ਛੁੱਟੀ ਆਉਣ ਤੇ ਘਰ ਵਾਲੇ ਉਸਦੇ ਵਿਆਹ ਬਾਰੇ ਸੋਚਣ ਲੱਗ ਗਏ। ਸਰਬਜੀਤ ਸਿੰਘ ਦੇ ਘਰਦਿਆਂ ਨੇ 1990 ਵਿੱਚ ਉਸਦਾ ਵਿਆਹ ਬੀਬੀ ਬਲਵਿੰਦਰ ਕੌਰ ਪੁੱਤਰੀ ਧਰਮ ਸਿੰਘ ਪਿੰਡ ਮਹਿਤਪੁਰ ਜਿਲਾ ਜਲੰਧਰ ਨਾਲ ਕਰ ਦਿੱਤਾ। ਵਿਆਹ ਤੋਂ ਬਾਅਦ 1992 ਵਿੱਚ ਵੱਡੀ ਬੇਟੀ ਅਤੇ 1994 ਵਿੱਚ ਛੋਟੀ ਬੇਟੀ ਨੇ ਜਨਮ ਲਿਆ।

ਸਰਬਜੀਤ ਸਿੰਘ ਨੇ ਡਿਊਟੀ ਦੌਰਾਨ ਜੰਮੂ, ਨਾਗਾਲੈਂਡ, ਅਸਾਮ ਅਤੇ ਸ੍ਰੀਨਗਰ ਵਿਖੇ ਆਪਣੀਆਂ ਸੇਵਾਵਾਂ ਦਿੱਤੀਆਂ। ਸਰਬਜੀਤ ਸਿੰਘ ਇੱਕ ਬਹੁਤ ਹੀ ਚੁਸਤ ਤੇ ਫੁਰਤੀਲਾ ਨੌਜਵਾਨ ਸੀ। 1997 ਵਿੱਚ ਸਰਬਜੀਤ ਦੇ ਘਰ ਜਦੋਂ ਬੇਟੇ ਨੇ ਜਨਮ ਲਿਆ ਤਾਂ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਪਾਇਆ ਜਾ ਰਿਹਾ ਸੀ। ਆਪਣੇ ਬੇਟੇ ਹੋਣ ਦੀ ਖੁਸ਼ੀ ਆਪਣੀ ਯੂਨਿਟ ਵਿੱਚ ਸਾਂਝੀ ਕੀਤੀ ਅਤੇ ਬੇਟੇ ਨੂੰ ਦੇਖਣ ਲਈ ਛੁੱਟੀ ਲੈ ਕੇ ਪਿੰਡ ਚਲੇ ਗਏ। ਘਰ ਆ ਕੇ ਕੁਝ ਦਿਨ ਆਪਣੇ ਬੱਚਿਆਂ ਨਾਲ ਲਾਡ ਲੜਾਉਂਦੇ ਬਤੀਤ ਕੀਤੇ। ਕੁਝ ਸਮਾਂ ਆਪਣੇ ਮਾਤਾ ਪਿਤਾ ਨਾਲ ਵੀ ਬਤੀਤ ਕੀਤਾ ਅਤੇ ਛੁੱਟੀ ਖਤਮ ਹੋਣ ਤੇ ਵਾਪਸ ਆਪਣੀ ਯੂਨਿਟ ਵਿੱਚ ਚਲੇ ਗਏ।

ਵਾਪਸ ਪਹੁੰਚ ਕੇ 31 ਬਟਾਲੀਅਨ ਛੱਤੀਸਗੜ੍ਹ ਦੇ ਜੰਗਲਾਂ ਵਿੱਚ ਆਪਣੀ ਡਿਊਟੀ ਨਿਭਾ ਰਹੀ ਸੀ। ਛੱਤੀਸਗੜ੍ਹ ਦੇ ਜੰਗਲਾਂ ਦੀ ਛਾਣਬੀਣ ਕਰਦਿਆਂ ਇੱਕ ਦਿਨ ਉਹਨਾਂ ਦਾ ਟਾਕਰਾ ਅੱਤਵਾਦੀਆਂ ਦੇ ਵੱਡੇ ਗਰੁੱਪ ਨਾਲ ਹੋ ਗਿਆ। ਇਹ ਮੁਕਾਬਲਾ ਪੂਰਾ ਦਿਨ ਹੀ ਚੱਲਦਾ ਰਿਹਾ। ਜਿਸ ਵਿੱਚ ਸੀ.ਆਰ.ਪੀ.ਐਫ. ਦੇ ਕੁਝ ਜਵਾਨ ਜਖਮੀ ਹੋ ਗਏ ਅਤੇ ਕੁਝ ਅੱਤਵਾਦੀ ਮਾਰੇ ਗਏ। ਜਖਮੀ ਹੋਏ ਜਵਾਨਾਂ ਨੂੰ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਹਸਪਤਾਲ ਪਹੁੰਚਾਇਆ। ਕੁਝ ਜਵਾਨ ਸ਼ਹੀਦ ਹੋ ਗਏ ਜਿਨਾਂ ਵਿੱਚ ਇੱਕ ਸਰਬਜੀਤ ਸਿੰਘ ਪੱਟੀ ਵੀ ਸੀ। ਜਖਮੀ ਜਵਾਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। 18 ਫਰਵਰੀ 2008 ਨੂੰ ਸ਼ਹੀਦ ਸਰਬਜੀਤ ਸਿੰਘ ਦੇਸ਼ ਨੂੰ ਅਲਵਿਦਾ ਕਰ ਗਏ। ਸ਼ਹੀਦ ਹੋਏ ਜਵਾਨਾਂ ਦੇ ਮ੍ਰਿਤਕ ਸਰੀਰ ਸੀ.ਆਰ.ਪੀ.ਐਫ. ਦੇ ਅਫਸਰਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਏ।

31 ਬਟਾਲੀਅਨ ਦੇ ਸੀਨੀਅਰ ਅਫਸਰਾਂ ਨੇ ਜਦੋਂ ਸਰਬਜੀਤ ਸਿੰਘ ਦੇ ਘਰ ਫੋਨ ਕੀਤਾ ਤਾਂ ਇਹ ਫੋਨ ਸ਼ਹੀਦ ਸਰਬਜੀਤ ਸਿੰਘ ਦੇ ਭਰਾ ਨੇ ਸੁਣਿਆ ਉਹਨਾਂ ਨੇ ਆਪਣੇ ਘਰੇ ਦੱਸਿਆ ਤਾਂ ਘਰ ਵਿੱਚ ਹਾਹਾਕਾਰ ਮੱਚ ਗਈ। ਸ਼ਹੀਦ ਸਰਬਜੀਤ ਸਿੰਘ ਦੀ ਪਤਨੀ ਬਲਵਿੰਦਰ ਕੌਰ ਆਪਣੇ ਬੱਚਿਆਂ ਨੂੰ ਗਲਵੱਕੜੀ ਵਿੱਚ ਲੈ ਕੇ ਢਾਹਾਂ ਮਾਰ ਮਾਰ ਕੇ ਰੋਣ ਲੱਗ ਗਈ। ਪਿੰਡ ਦੇ ਲੋਕ ਰੋਣਾ ਸੁਣ ਕੇ ਉਹਨਾਂ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ। ਸ਼ਹੀਦ ਸਰਬਜੀਤ ਸਿੰਘ ਦੀ ਪਤਨੀ ਬਲਵਿੰਦਰ ਕੌਰ ਇਹ ਸੋਚ ਕੇ ਚਿੰਤਕ ਸੀ ਕਿ ਹੁਣ ਮੈਂ ਪਹਾੜ ਵਰਗੀ ਜ਼ਿੰਦਗੀ ਅਤੇ ਬੱਚਿਆਂ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਕਰਾਂਗੀ। ਬੱਚੇ ਛੋਟੇ ਹੋਣ ਕਰਕੇ ਕੁਝ ਵੀ ਸਮਝ ਨਹੀਂ ਰਹੇ ਸੀ ਕਿ ਘਰ ਵਿੱਚ ਕੀ ਕੁਝ ਹੋ ਰਿਹਾ ਹੈ।

ਚਾਰ ਪੰਜ ਦਿਨਾਂ ਬਾਅਦ ਸ਼ਹੀਦ ਸਰਬਜੀਤ ਸਿੰਘ ਦੀ ਮ੍ਰਿਤਕ ਦੇਹ ਤਿਰੰਗੇ ਵਿੱਚ ਲਿਪਟੀ ਹੋਈ ਉਹਨਾਂ ਦੇ ਪਿੰਡ ਪਹੁੰਚੀ। ਸ਼ਹੀਦ ਸਰਬਜੀਤ ਸਿੰਘ ਦੀ ਮ੍ਰਿਤਕ ਦੇਹ ਦੇਖ ਪਿੰਡ ਵਾਲੇ ਅਤੇ ਪਰਿਵਾਰ ਵਾਲੇ ਗੁੰਮ ਹੀ ਹੋ ਗਏ। ਪੱਟੀ ਦੇ ਲੋਕਾਂ ਨੇ ਸ਼ਹੀਦ ਸਰਬਜੀਤ ਸਿੰਘ ਜਿੰਦਾਬਾਦ……. ਸ਼ਹੀਦ ਸਰਬਜੀਤ ਸਿੰਘ ਅਮਰ ਰਹੇ…….. ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਨਾਅਰੇ ਲਗਾਉਂਦੇ ਹੋਏ ਸਾਰਾ ਇਕੱਠ ਗੱਡੀ ਦੇ ਨਾਲ ਨਾਲ ਸਿਵਿਆਂ ਵਿੱਚ ਪਹੁੰਚ ਗਿਆ। ਆਏ ਹੋਏ ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਸ਼ਹੀਦ ਸਰਬਜੀਤ ਸਿੰਘ ਦਾ ਮ੍ਰਿਤਕ ਦੇਹ ਗੱਡੀ ਵਿੱਚੋਂ ਉਤਾਰ ਕੇ ਅੰਤਿਮ ਦਰਸ਼ਨਾਂ ਲਈ ਰੱਖ ਦਿੱਤਾ। ਕੁਝ ਹੀ ਦੇਰ ਵਿੱਚ ਸੀ.ਆਰ.ਪੀ.ਐਫ. ਦੀ ਪਰੰਪਰਾ ਅਨੁਸਾਰ ਉਹਨਾਂ ਨੇ ਸੰਸਕਾਰ ਦੀਆਂ ਤਿਆਰੀਆਂ ਕਰ ਲਈਆਂ ਅਤੇ ਜਵਾਨਾਂ ਨੇ ਫਾਇਰ ਕਰਕੇ ਸ਼ਹੀਦ ਸਰਬਜੀਤ ਸਿੰਘ ਨੂੰ ਸਲਿਊਟ ਕਰਕੇ ਸਲਾਮੀ ਭੇਟ ਕੀਤੀ। ਉਹਨਾਂ ਦੇ ਛੋਟੇ ਜਿਹੇ ਬੇਟੇ ਨੇ ਉਹਨਾਂ ਨੂੰ ਅਗਨੀ ਭੇਟ ਕੀਤਾ। ਲੋਕਾਂ ਨੇ ਸ਼ਹੀਦ ਸਰਬਜੀਤ ਸਿੰਘ ਅਮਰ ਰਹੇ……ਦੇ ਨਾਅਰੇ ਵੀ ਲਗਾ ਦਿੱਤੇ। ਸੀ.ਆਰ.ਪੀ.ਐਫ. ਦੇ ਜਵਾਨਾਂ ਨੇ ਪੱਟੀ ਦੇ ਡੀਸੀ, ਐਸਐਸਪੀ ਅਤੇ ਲੋਕਲ ਪ੍ਰਸ਼ਾਸਨ ਨੇ ਵੀ ਸਲਿਊਟ ਕਰਕੇ ਸ਼ਹੀਦ ਸਰਬਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਕੁਝ ਅਫਸਰਾਂ ਨੇ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਦਿਲਾਸਾ ਦਿੱਤਾ।

ਸ਼ਹੀਦ ਸਰਬਜੀਤ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੂੰ ਸੀ.ਆਰ.ਪੀ.ਐਫ. ਦੇ ਹੈਡ ਕੁਆਰਟਰ ਜਲੰਧਰ ਬੁਲਾਇਆ ਗਿਆ। ਬਲਵਿੰਦਰ ਕੌਰ ਜਲੰਧਰ ਆ ਕੇ ਸੀਨੀਅਰ ਅਫਸਰਾਂ ਨੂੰ ਮਿਲੀ ਅਤੇ ਆਪਣੇ ਪਰਿਵਾਰ ਬਾਰੇ ਸਾਰੀ ਗੱਲਬਾਤ ਸਾਂਝੀ ਕੀਤੀ। ਸੀ.ਆਰ.ਪੀ.ਐਫ. ਦੇ ਅਫਸਰਾਂ ਨੇ ਉਹਨਾਂ ਨੂੰ ਪੂਰਨ ਭਰੋਸਾ ਦਿੱਤਾ ਅਤੇ ਹਮੇਸ਼ਾ ਸਾਥ ਦੇਣ ਦੀ ਗੱਲ ਵੀ ਆਖੀ। 2014 ਵਿੱਚ ਬਲਵਿੰਦਰ ਕੌਰ ਸੀ.ਆਰ.ਪੀ.ਐਫ. ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਨਾਲ ਜੁੜੀ ਅਤੇ ਹਰ ਮੀਟਿੰਗ ਵਿੱਚ ਆਉਦੇ ਅਤੇ ਆਪਣੇ ਦੁੱਖ ਤਕਲੀਫ ਵੀ ਸਾਂਝੇ ਕਰਦੇ। ਮੌਕੇ ਦੇ ਅਫਸਰਾਂ ਨੇ ਉਸ ਨੂੰ ਹਰ ਸਹੂਲਤ ਦਿੱਤੀ। ਸੀ.ਆਰ.ਪੀ.ਐਫ. ਦੇ ਅਫਸਰਾਂ ਨੇ ਬੀਬੀ ਬਲਵਿੰਦਰ ਕੌਰ ਨੂੰ ਸ਼ਹੀਦ ਸਰਬਜੀਤ ਸਿੰਘ ਦੀ ਸ਼ਹੀਦੀ ਤੇ ਦਲੇਰੀ ਦਾ ਮੈਡਲ ਵੀ ਭੇਟ ਕੀਤਾ।

ਬਲਵਿੰਦਰ ਕੌਰ ਅਤੇ ਕੁਝ ਐਸੋਸੀਏਸ਼ਨ ਦੇ ਜਵਾਨ ਇਲਾਕੇ ਦੇ ਐਮਐਲਏ ਹਰਮਿੰਦਰ ਸਿੰਘ ਗਿੱਲ ਨੂੰ ਮਿਲੇ ਤੇ ਉਹਨਾਂ ਬੇਨਤੀ ਕੀਤੀ ਕਿ ਇਸ ਸ਼ਹੀਦ ਦੇ ਨਾਮ ਤੇ ਪਿੰਡ ਵਿੱਚ ਗੇਟ ਬਣਾਇਆ ਜਾਵੇ। ਐਮਐਲਏ ਹਰਮਿੰਦਰ ਸਿੰਘ ਗਿੱਲ ਨੇ ਸਰਕਾਰ ਤੋਂ ਮਨਜ਼ੂਰੀ ਲੈ ਕੇ ਇਸ ਗੇਟ ਦੀ ਉਸਾਰੀ ਕਰਵਾ ਦਿੱਤੀ। ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਸੀਨੀਅਰ ਅਫਸਰਾਂ ਨੇ ਐਮਐਲਏ ਹਰਮਿੰਦਰ ਸਿੰਘ ਗਿੱਲ ਦਾ ਧੰਨਵਾਦ ਕੀਤਾ। ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਸ਼ਹੀਦਾਂ ਦਾ ਸਤਿਕਾਰ ਕਰਦੇ ਹਾਂ ਅਤੇ ਮੈਂ ਆਪਣੇ ਇਲਾਕ ਦੇ ਹਰ ਸ਼ਹੀਦ ਦਾ ਗੇਟ ਜਰੂਰ ਬਣਵਾਂਗਾ। ਜੈ ਹਿੰਦ।

🇮🇳 ਮਰਨ ਤੋਂ ਬਾਅਦ ਵੀ ਜਿਹਨਾਂ ਦੇ ਨਾਮ ਵਿੱਚ ਜਾਨ ਹੈ,
ਇਸ ਤਰ੍ਹਾਂ ਦੇ ਜਵਾਨ ਸ਼ਹੀਦ ਸਾਡੇ ਭਾਰਤ ਦੀ ਸ਼ਾਨ ਹੈ,
ਦੇਸ਼ ਦੇ ਇਹੋ ਜਿਹੇ ਵੀਰ ਸ਼ਹੀਦਾਂ ਨੂੰ ਸਲਾਮ ਹੈ 🫡
ਜੈ ਹਿੰਦ🙏

















































