ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸੀ.ਪੀ.ਐਮ. ਦੇ ਆਗੂ ਸੀਤਾਰਾਮ ਯੇਚੁਰੀ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਵਾ

ਚੰਡੀਗੜ੍ਹ, 12 ਸਤੰਬਰ – ਪੰਜਾਬ ਦੇ ਖੁਰਾਕ, ਸਿਵਲ ਸਪਲਾਈ, ਖਪਤਕਾਰ ਮਾਮਲੇ ਅਤੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੀਨੀਅਰ ਆਗੂ ਸ੍ਰੀ ਸੀਤਾਰਾਮ ਯੇਚੁਰੀ ਦੇ ਦੇਹਾਂਤ ‘ਤੇ ਡੂੰਘੇ ਸਦਮੇ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਸੀਤਾਰਾਮ ਯੇਚੁਰੀ ਦਾ ਅੱਜ ਲੰਬੀ ਬਿਮਾਰੀ ਦੇ ਚਲਦਿਆਂ ਏਮਜ਼, ਨਵੀਂ ਦਿੱਲੀ ਵਿਖੇ ਦੇਹਾਂਤ ਹੋ ਗਿਆ। ਉਹ 72 ਸਾਲ ਦੇ ਸਨ। ਉਹ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ।

ਸ੍ਰੀ ਯੇਚੁਰੀ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ੍ਰੀਕਟਾਰੂਚੱਕ ਨੇ ਕਿਹਾ ਕਿ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਅੰਤ ਤੱਕ ਸੀਤਾਰਾਮ ਯੇਚੁਰੀ ਨੇ ਪੂਰੇ ਸਮਰਪਣ ਨਾਲ ਹਮੇਸ਼ਾ ਗਰੀਬਾਂ ਅਤੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਦੀ ਭਲਾਈ ਅਤੇ ਵਿਕਾਸ ਲਈ ਕੰਮ ਕੀਤਾ।

ਮਰਹੂਮ ਆਗੂ ਦੇ ਦੇਹਾਂਤ ਨੂੰ ਇੱਕ ਯੁੱਗ ਦਾ ਅੰਤ ਦੱਸਦਿਆਂ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਨੂੰ ਸ੍ਰੀ ਯੇਚੁਰੀ ਦੀ ਅਗਵਾਈ ਵਿੱਚ ਕੁਝ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਸ਼੍ਰੀ ਯੇਚੁਰੀ ਤੋਂ ਬਹੁਤ ਕੁਝ ਸਿੱਖਿਆ। ਸ਼੍ਰੀ ਕਟਾਰੂਚੱਕ ਨੇ ਅੱਗੇ ਕਿਹਾ ਕਿ ਸ਼੍ਰੀ ਯੇਚੁਰੀ ਨੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਲੋਕਪੱਖੀ ਰਾਜਨੀਤੀ ਨਾਲ ਜੋੜਿਆ।

ਮਰਹੂਮ ਸੀ.ਪੀ.ਐਮ. ਆਗੂ ਨੂੰ ਜਨਤਾ ਦਾ ਨੁਮਾਇੰਦਾ ਦੱਸਦਿਆਂ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਰਾਜ ਸਭਾ ਮੈਂਬਰ ਵਜੋਂ ਆਪਣੇ ਦੋ ਕਾਰਜਕਾਲਾਂ ਦੌਰਾਨ ਸ੍ਰੀ ਯੇਚੁਰੀ ਨੇ ਹਮੇਸ਼ਾ ਹੀ ਲੋਕਾਂ ਦੇ ਹਿੱਤਾਂ ਦੀ ਪੈਰਵੀ ਕੀਤੀ ਅਤੇ ਉਨ੍ਹਾਂ ਦੇ ਮੁੱਦੇ ਉਠਾਏ। ਦੱਸਣਯੋਗ ਹੈ ਕਿ ਸ੍ਰੀ ਯੇਚੁਰੀ ਨੇ ਲੰਮੇ ਅਰਸੇ ਤੱਕ ਸੀ.ਪੀ.ਐਮ. ਦੇ ਜਨਰਲ ਸਕੱਤਰ ਵਜੋਂ ਵੀ ਸੇਵਾ ਨਿਭਾਈ।

ਸ੍ਰੀ ਕਟਾਰੂਚੱਕ ਨੇ ਪ੍ਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕਰਦਿਆਂ ਕਿਹਾ ਕਿ ਸੀਤਾਰਾਮ ਯੇਚੁਰੀ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਅਮਰ ਰਹਿਣਗੇ।

Leave a Comment

Your email address will not be published. Required fields are marked *

Scroll to Top