ਸੰਗਠਨ ਦੇ ਪ੍ਰਧਾਨ ਸਮੇਤ ਡਵੀਜ਼ਨਲ ਕਮਿਸ਼ਨਰ ਨੇ ਮਰੀਜ਼ਾਂ ਨੂੰ ਬਰੇਕਫਾਸਟ ਅਤੇ ਦਲੀਆ ਵੰਡਣ ਦੀ ਕੀਤੀ ਸੇਵਾ

ਜਲੰਧਰ, 21 ਸਤੰਬਰ – ਡਵੀਜ਼ਨਲ ਕਮਿਸ਼ਨਰ ਸ਼੍ਰੀ ਪ੍ਰਦੀਪ ਸਭੱਰਵਾਲ ਨੇ ਕਿਹਾ ਕਿ ਮਰੀਜ਼ਾਂ ਦੀ ਸੇਵਾ ਹੀ ਸਭ ਤੋਂ ਉਤਮ ਸੇਵਾ ਹੈ ਅਤੇ ਇਸ ਖੇਤਰ ਵਿੱਚ ਸ੍ਰੀ ਸਤਿਯ ਸਾਈਂ ਸੇਵਾ ਸੰਗਠਨ ਦਾ ਯੋਗਦਾਨ ਸ਼ਲਾਘਾਯੋਗ ਹੈ। ਉਹ ਸ੍ਰੀ ਸਤਿਯ ਸਾਈਂ ਸੇਵਾ ਸੰਗਠਨ ਦੇ ਆਲ ਇੰਡੀਆ ਪ੍ਰਧਾਨ ਸ਼੍ਰੀ ਨਿਮੇਸ਼ ਪਾਂਡਿਆ ਦੇ ਨਾਲ ਸਰਕਾਰੀ ਹਸਪਤਾਲ ਜਲੰਧਰ ਵਿਖੇ ਪਹੁੰਚੇ ਹੋਏ ਸਨ। ਇਸ ਮੌਕੇ ਜਿੱਥੇ ਉਨ੍ਹਾਂ ਨੇ ਰਸੋਈ ਅਤੇ ਫਾਰਮੇਸੀ ਦਾ ਜਾਇਜ਼ਾ ਲਿਆ, ਉਥੇ ਮਰੀਜ਼ਾਂ ਨੂੰ ਬਰੇਕਫਾਸਟ ਅਤੇ ਦਲੀਆ ਵੰਡਣ ਦੀ ਸੇਵਾ ਵੀ ਕੀਤੀ।
      ਡਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਸਮਾਜ ਨੂੰ ਅਜਿਹੀਆਂ ਸੰਸਥਾਵਾਂ ਦੀ ਲੋੜ ਹੈ, ਜੋ ਮਾਨਵਤਾ ਦੇ ਭਲੇ ਲਈ ਅੱਗੇ ਆਉਣ, ਤਾਂ ਜੋ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਸ਼੍ਰੀ ਪ੍ਰੇਮ ਪਾਲ ਸਭੱਰਵਾਲ ਨੇ ਸਿਵਲ ਹਸਪਤਾਲ ਅਤੇ ਈ.ਐਸ.ਆਈ. ਵਿੱਚ ਕਰੀਬ 40 ਸਾਲ ਸੇਵਾ ਨਿਭਾਈ ਅਤੇ ਹੁਣ ਉਹ ਆਪ ਵੀ ਮਰੀਜ਼ਾਂ ਦੀ ਸਹੂਲਤ ਲਈ ਵਿਸ਼ੇਸ਼ ਕਦਮ ਚੁੱਕ ਰਹੇ ਹਨ। ਸੰਗਠਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੇ ਕਰੀਬ ਸਾਰੇ ਜ਼ਿਲ੍ਹਿਆਂ ਵਿੱਚ ਸ੍ਰੀ ਸਤਿਯ ਸਾਈਂ ਸੇਵਾ ਸੰਗਠਨ ਵਲੋਂ ਮਰੀਜ਼ਾਂ ਦੀ ਸਹੂਲਤ ਲਈ ਵਿਸ਼ੇਸ ਕਦਮ ਪੁੱਟੇ ਜਾ ਰਹੇ ਹਨ।
     ਖਾਣੇ ਦੀ ਗੁਣਵੱਤਾ ਦਾ ਜਾਇਜ਼ਾ ਲੈਂਦਿਆਂ ਸ਼੍ਰੀ ਪ੍ਰਦੀਪ ਸਭੱਰਵਾਲ ਨੇ ਕਿਹਾ ਕਿ ਸੰਗਠਨ ਵਲੋਂ ਸਿਵਲ ਹਸਪਤਾਲ ਵਿੱਚ ਇਕ ਰਸੋਈ ਚਲਾਈ ਜਾ ਰਹੀ ਹੈ, ਜਿੱਥੇ ਸੇਵਾਦਾਰਾਂ ਵਲੋਂ ਕਰੀਬ 300 ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਵਿਅਕਤੀਆਂ ਨੂੰ ਸਵੇਰੇ ਬਰੇਕਫਾਸਟ, ਦਲੀਆ ਆਦਿ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ। 
       ਮਰੀਜ਼ਾਂ ਨੂੰ ਮੁਫਤ ਮੁਹੱਈਆ ਕਰਵਾਈਆਂ ਜਾ ਰਹੀਆਂ ਦਵਾਈਆਂ ਦਾ ਜਾਇਜ਼ਾ ਲੈਂਦਿਆਂ ਡਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿਖੇ ਹੀ ਸੰਗਠਨ ਵਲੋਂ ਇਕ ਫਾਰਮੇਸੀ ਵੀ ਚਲਾਈ ਜਾ ਰਹੀ ਹੈ ਅਤੇ ਇਥੇ ਮੁਫ਼ਤ ਦਵਾਈਆਂ, (ਕਿਡਨੀ ਦੇ ਮਰੀਜ਼ਾਂ ਲਈ Erthoprotine  ਸਮੇਤ ਹੋਰ ਮਰੀਜ਼ਾਂ ਲਈ ਜਨਰਲ ਦਵਾਈਆਂ) ਅੱਖਾਂ ਦੇ ਮਰੀਜ਼ਾਂ ਲਈ ਮੁਫਤ ਦਵਾਈਆਂ ਸਮੇਤ ਐਨਕਾਂ ਵੀ ਮਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਗਠਨ ਵਲੋਂ ਜਲੰਧਰ ਅਤੇ ਪੱਟੀ ਵਿਖੇ ਲੋੜਵੰਦਾਂ ਦੀ ਮਦਦ ਲਈ ਮੁਫਤ ਦੋ ਐਂਬੂਲੈਂਸਾਂ ਵੀ ਚਲਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਲਾਵਾਰਿਸ ਲਾਸ਼ਾਂ ਦਾ ਸਸਕਾਰ ਵੀ ਸੰਗਠਨ ਵਲੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਜਲੰਧਰ ਵਿੱਚ ਸੰਗਠਨ ਵਲੋਂ ਮੁਫਤ ਬਲੱਡ ਟੈਸਟਾਂ ਲਈ ਕਰੀਬ 3 ਲੱਖ 25 ਹਜ਼ਾਰ ਦੀ ਲਾਗਤ ਵਾਲੀ ਆਧੁਨਿਕ ਮਸ਼ੀਨ ਵੀ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਇਲਾਵਾ ਏ.ਸੀ. ਲੈਬ, ਏ.ਸੀ. ਬਲੱਡ ਬੈਂਕ, ਏ.ਸੀ. ਓਪਰੇਸ਼ਨ ਥੀਏਟਰ ਸਮੇਤ ਸੰਗਠਨ ਵਲੋਂ ਹਸਪਤਾਲ ਨੂੰ ਪੱਖੇ, ਵਾਟਰ ਕੂਲਰ ਮੁਹੱਈਆ ਕਰਵਾਏ ਗਏ ਹਨ। 
     
      ਡਵੀਜ਼ਨਲ ਕਮਿਸ਼ਨਰ ਨੇ ਕਿਹਾ ਕਿ ਪ੍ਰਧਾਨ ਸ਼੍ਰੀ ਨਿਮੇਸ਼ ਪਾਂਡਿਆ ਦੀ ਅਗਵਾਈ ਵਿੱਚ  ਸੰਗਠਨ ਵਲੋਂ ਮਾਝਾ ਬਾਰਡਰ ਏਰੀਏ ਦੇ 108 ਪਿੰਡ ਵੀ ਗੋਦ ਲਏ ਗਏ ਹਨ, ਜਿਥੇ ਸੰਗਠਨ ਵਲੋਂ ਮੈਡੀਕਲ ਮੁਫਤ ਚੈਕਅੱਪ ਕੈਂਪਾਂ ਤੋਂ ਇਲਾਵਾ ਬੱਚਿਆਂ ਲਈ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਗਠਨ ਵਲੋਂ ਇਨ੍ਹਾਂ ਪਿੰਡਾਂ ਵਿੱਚ ਇਕ ਏ.ਸੀ. ਕੰਪਿਊਟਰ ਲੈਬ ਸਮੇਤ ਸੰਗਠਨ ਅਧੀਨ ਚੱਲ ਰਹੀ ਬਾਲ ਵਿਕਾਸ ਸੰਸਥਾ ਵਲੋਂ ਵਿਸ਼ੇਸ਼ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲਾਸਾਂ ਵਿੱਚ ਬੱਚਿਆਂ ਨੂੰ ਨੈਤਿਕਤਾ ਦੇ ਨਾਲ-ਨਾਲ ਸਮਾਜ ਲਈ ਇਕ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਆ ਜਾਂਦਾ ਹੈ। ਇਸ ਤੋਂ ਇਲਾਵਾ ਖੇਡਾਂ ਦੇ ਖੇਤਰ ਵਿੱਚ ਬੱਚਿਆਂ ਨੂੰ ਕਬੱਡੀ ਖੇਡ ਨਾਲ ਜੋੜਿਆ ਜਾ ਰਿਹਾ ਹੈ ਅਤੇ ਪਿੰਡ ਪੱਧਰ ਤੋਂ ਲੈਕੇ ਬਲਾਕ ਪੱਧਰ ਤੱਕ ਖਿਡਾਇਆ ਜਾਂਦਾ ਹੈ।
     ਜ਼ਿਕਰਯੋਗ ਹੈ ਕਿ ਸ੍ਰੀ ਸਤਿਯ ਸਾਈਂ ਸੇਵਾ ਸੰਗਠਨ ਦੇ ਆਲ ਇੰਡੀਆ ਪ੍ਰਧਾਨ ਸ਼੍ਰੀ ਨਿਮੇਸ਼ ਪਾਂਡਿਆ, ਨੈਸ਼ਨਲ ਕੋਆਰਡੀਨੇਟਰ ਸ਼੍ਰੀ ਕੋਟੇਸ਼ਵਰ ਰਾਓ, ਜ਼ੋਨਲ ਪ੍ਰਧਾਨ ਡਾ. ਸੰਜੇ ਅਗਰਵਾਲ ਅਤੇ ਸ਼੍ਰੀ ਮੁਰਲੀ ਜੋਜੋ ਸਮੇਤ ਸੰਗਠਨ ਦੀਆਂ ਵਿਸ਼ੇਸ ਸਖਸ਼ੀਅਤਾਂ ਜਲੰਧਰ ਪਹੁੰਚੀਆਂ ਹੋਈਆਂ ਹਨ ਅਤੇ ਉਨ੍ਹਾਂ ਵਲੋਂ ਦੋ ਦਿਨਾਂ ਪੰਜਾਬ ਦੌਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਆਲ ਇੰਡੀਆ ਪ੍ਰਧਾਨ ਸ਼੍ਰੀ ਨਿਮੇਸ਼ ਪਾਂਡਿਆ ਵਲੋਂ ਪਿੰਡ ਨਡਾਲਾ ਵਿਖੇ ਰਾਜ ਪੱਧਰੀ ਕਾਨਫਰੰਸ ਵੀ ਕੀਤੀ ਗਈ, ਜਿਸ ਦੌਰਾਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ, ਤਾਂ ਜੋ ਹੋਰ ਗੰਭੀਰਤਾ ਨਾਲ ਮਨੁੱਖਤਾ ਦੀ ਸੇਵਾ ਕੀਤੀ ਜਾ ਸਕੇ।
       ਇਸ ਮੌਕੇ ਐਸ.ਡੀ.ਐਮ. ਜੈ ਇੰਦਰ ਸਿੰਘ, ਸਿਵਲ ਸਰਜਨ ਡਾ. ਜੋਤੀ ਸ਼ਰਮਾ, ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਇਟੀ ਸ਼੍ਰੀ ਇੰਦਰਪਾਲ ਸਿੰਘ, ਸ਼੍ਰੀ ਅਨਿਲ ਸ਼ਰਮਾ, ਸ਼੍ਰੀ ਅਵਿਨਾਸ਼ ਸ਼ਰਮਾ, ਸ਼੍ਰੀ ਰਜਿੰਦਰ ਭੱਲਾ, ਸ਼੍ਰੀ ਵਿਜੈ ਮਹਾਜਨ, ਸ਼੍ਰੀ ਸੰਜੀਵ ਚੱਢਾ, ਸ਼੍ਰੀ ਅਕਾਸ਼ ਮਲਹੋਤਰਾ, ਸ਼੍ਰੀ ਰਾਮ ਸੇਵਕ, ਸ਼੍ਰੀ ਰਾਮੂ, ਸ਼੍ਰੀ ਵਿਕਾਸ ਕਪੂਰ, ਸ੍ਰੀ ਜੀਤੀ ਸਹਿਗਲ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।
———–

Leave a Comment

Your email address will not be published. Required fields are marked *

Scroll to Top