ਗੁਰਦੁਆਰਾ ਬਾਬਾ ਅਟੱਲ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਰਾਇ ਜੀ ਦੀ ਯਾਦ ਵਿੱਚ ਸੁਸ਼ੋਭਿਤ

ਗੁਰਦੁਆਰਾ ਬਾਬਾ ਅਟੱਲ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਰਾਇ ਜੀ ਦੀ ਯਾਦ ਵਿੱਚ ਸੁਸ਼ੋਭਿਤ ਹੈ।  ਇਹ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਤੋਂ 200 ਮੀਟਰ ਦੂਰ ਦੱਖਣ ਵੱਲ ਕੌਲਸਰ ਸਰੋਵਰ ਦੇ ਨੇੜੇ ਸਥਿਤ ਹੈ।  ਇੱਥੇ ਬਾਬਾ ਅਟੱਲ ਰਾਇ ਜੀ ਨੇ 9 ਸਾਲ ਦੀ ਛੋਟੀ ਉਮਰ ਚ ਆਪਣੇ ਪ੍ਰਾਣ ਤਿਆਗੇ ਸਨ ।ਬਾਬਾ ਅਟੱਲ ਰਾਇ ਜੀ ਦਾ ਜਨਮ ਗੁਰਦੁਆਰਾ ਗੁਰੂ ਕੇ ਮਹਿਲ , ਸ੍ਰੀ ਅੰਮ੍ਰਿਤਸਰ ਵਿਖੇ 1619 ਈ. ਵਿੱਚ ਹੋਇਆ । ਬਾਬਾ ਜੀ ਛੋਟੀ ਉਮਰ ਵਿੱਚ ਹੀ ਸਨ ਜਦੋਂ ਆਪ ਜੀ ਦੁਆਰਾ ਸਹਿਜ ਸੁਭਾਏ ਕਹੇ ਬਚਨ ਪੂਰੇ ਹੋ ਜਾਂਦੇ । ਇਸ ਪ੍ਰਭਾਵ ਕਰਕੇ ਛੋਟੀ ਉਮਰ ‘ਚ ਹੀ ਸਾਰੇ ਆਪ ਜੀ ਨੂੰ ਬਾਬਾ ਜੀ ਕਿਹਾ ਕਰਦੇ ਸਨ। ਬਾਬਾ ਜੀ ਬਾਲ ਅਵਸਥਾ ‘ਚ ਆਪਣੇ ਹਾਣੀ ਬਾਲਕਾਂ ਨਾਲ ਖਿੱਦੋ ਖੂੰਡੀ ਖੇਡਿਆ ਕਰਦੇ ਸਨ। ਇੱਕ ਦਿਨ ਖੇਡਦਿਆਂ ਬਾਲਕ ਮੋਹਨ ਦੇ ਸਿਰ ਵਾਰੀ ਆਈ , ਸ਼ਾਮ ਹੋ ਜਾਣ ਕਾਰਨ ਉਸ ਨੇ ਅਗਲੇ ਦਿਨ ਵਾਰੀ ਦੇਣ ਦਾ ਵਾਅਦਾ ਕੀਤਾ । ਰਾਤ ਸਮੇਂ ਮੋਹਨ ਨੂੰ ਸੱਪ ਨੇ ਡੰਗ ਲਿਆ ਤੇ ਉਸਦੀ ਮੌਤ ਹੋ ਗਈ। ਜਦ ਮੋਹਨ ਅਗਲੇ ਦਿਨ ਖੇਡਣ ਨਾ ਆਇਆ ਤਾਂ ਬਾਬਾ ਅਟੱਲ ਰਾਇ ਜੀ ਸਾਥੀਆਂ ਸਮੇਤ ਮੋਹਨ ਦੇ ਘਰ ਪਹੁੰਚ ਗਏ। ਅੱਗੇ ਦੇਖਿਆ ਕਿ ਮੋਹਨ ਦੇ ਮਾਤਾ ਪਿਤਾ ਰੋ ਰਹੇ ਰਹੇ ਸਨ। ਵਿਰਲਾਪ ਕਰਦੇ ਮਾਪਿਆਂ ਨੇ ਮੋਹਨ ਦੇ ਸੱਪ ਲੜ ਕੇ ਮਰ ਜਾਣ ਦਾ ਹਾਲ ਬਾਬਾ  ਅਟੱਲ ਰਾਇ ਜੀ ਨੂੰ ਦੱਸਿਆ। ਇਹ ਸੁਣ ਕੇ ਬਾਬਾ ਜੀ ਨੇ ਮੋਹਨ ਨੂੰ ਅਵਾਜ਼ ਮਾਰੀ ਤੇ ਉੱਠ ਕੇ ਖੇਡਣ ਲਈ ਕਿਹਾ । ਬਾਬਾ ਜੀ ਦੇ ਬਚਨਾਂ ਨਾਲ ਮੋਹਨ ਉੱਠ ਖੜਾ ਹੋਇਆ । ਇਸ ਗੱਲ ਦੀ ਚਰਚਾ ਸਾਰੇ ਨਗਰ ਵਿੱਚ ਫੈਲ ਗਈ। ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਵੀ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਗੁਰੂ ਸਾਹਿਬ ਨੇ ਫੁਰਮਾਇਆ ਭਾਣਾ ਉਲਟਿਆ ਜੇ, ਬਾਬਾ ਜੀ ਨੇ ਸਮਝ ਗਏ ਤੇ ਇਸ ਅਸਥਾਨ ‘ਤੇ ਚਾਦਰ ਤਾਣ ਕੇ ਲੇਟ ਗਏ ਅਤੇ ਸਰੀਰ ਤਿਆਗ ਦਿੱਤਾ। ਇਹ ਘਟਨਾ 1628 ਈ. ਦੀ ਹੈ । ਗੁਰੂ ਸਾਹਿਬ ਜੀ ਨੇ ਆਪਣੇ ਸਪੁੱਤਰ ਬਾਬਾ ਅਟੱਲ ਰਾਇ ਜੀ ਦਾ ਇੱਥੇ ਹੀ ਸਸਕਾਰ ਕੀਤਾ । ਸਸਕਾਰ ਸਮੇਂ ਜਿਸ ਥਾਂ ਗੁਰੂ ਸਾਹਿਬ ਸੰਗਤਾਂ ਸਮੇਤ ਬਿਰਾਜਮਾਨ ਹੋਏ ਉਸ ਥਾਂ ਗੁਰਦੁਆਰਾ ਬਾਰਾਂਦਰੀ ਹੈ। ਬਾਬਾ ਅਟੱਲ ਰਾਇ ਜੀ ਦੇ ਸਸਕਾਰ ਅਸਥਾਨ ਤੇ 150 ਫੁੱਟ ਉੱਚੀ 19 ਫੁੱਟ ਚੌੜੀ ਮੀਨਾਰ ਦੇ ਅਕਾਰ ਦੀ ਨੌ ਮੰਜ਼ਿਲਾ ਸੁੰਦਰ ਇਮਾਰਤ ਉਸਾਰੀ ਗਈ ਹੈ।  ਪਹਿਲਾਂ ਇੱਥੇ ਮੂਲ ਇਮਾਰਤ ਛੋਟੇ ਅਕਾਰ ਦੀ ਸੀ । ਮੌਜੂਦਾ ਉੱਚੀ ਯਾਦਗਾਰ ਸਿੱਖ ਮਿਸਲਾਂ ਸਮੇਂ ਉਸਾਰੀ ਗਈ। ਇਸ ਇਮਾਰਤ ਦਾ ਸੰਗੇ ਬੁਨਿਆਦ 1770 ਵਿੱਚ ਰੱਖਿਆ ਗਿਆ ਤੇ ਪਹਿਲੀਆਂ ਤਿੰਨ ਮੰਜ਼ਿਲਾਂ 1784 ਵਿੱਚ ਮੁਕੰਮਲ ਹੋਈਆਂ। ਪਹਿਲੀਆਂ ਤਿੰਨ ਮੰਜ਼ਿਲਾਂ ਸ੍ਰ.ਜੱਸਾ ਸਿੰਘ ਰਾਮਗੜੀਆ ਤੇ ਸ. ਜੋਧ ਸਿੰਘ ਨੇ ਉਸਾਰੀਆਂ । ਇਸ ਦੀਆਂ ਉਪਰਲੀਆਂ ਮੰਜ਼ਿਲਾਂ ਮਹਾਰਾਜਾ ਰਣਜੀਤ ਸਿੰਘ ਨੇ 1820 ਵਿੱਚ ਮੁਕੰਮਲ ਕੀਤੀਆਂ ।  ਇਸ ਇਮਾਰਤ ਦੀਆਂ ਦੀਵਾਰਾਂ ‘ਤੇ ਨਕਾਸ਼ਾਂ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਿਤ ਸੁੰਦਰ ਚਿੱਤਰ ਬਣਾਏ ਗਏ ਹਨ।  ਇਸ ਇਮਾਰਤ ਦੀ ਵਿਲੱਖਣਤਾ ਹੈ ਕਿ ਇਹ ਸ੍ਰੀ ਅੰਮ੍ਰਿਤਸਰ ਦੇ ਅੰਦਰੂਨੀ ਸ਼ਹਿਰ ਦੀਆਂ ਸਾਰੀਆਂ ਇਮਾਰਤਾਂ ਵਿੱਚੋਂ ਉੱਚੀ ਇਮਾਰਤ ਹੈ।  ਇਸ ਦੀ ਉੱਪਰਲੀ ਛੱਤ ‘ਤੇ ਖੜੇ ਹੋ ਕੇ ਪੂਰਾ ਅੰਮ੍ਰਿਤਸਰ ਸ਼ਹਿਰ ਦੇਖਿਆ ਜਾ ਸਕਦਾ ਹੈ। ਇਸ ਗੁਰਦੁਆਰੇ ਨਾਲ ਇੱਕ ਕਹਾਵਤ ਜੁੜੀ ਹੋਈ ਹੈ .. ਬਾਬਾ ਅਟੱਲ ਪੱਕੀਆਂ ਪਕਾਈਆਂ ਘੱਲ.. ਇਸ ਅਸਥਾਨ ਲੰਗਰ ਨਹੀਂ ਪੱਕਦਾ ਤੇ ਸੰਗਤ ਘਰਾਂ ਤੋਂ ਲੰਗਰ ਪਕਾ ਕੇ ਲਿਆਉਂਦੀ ਹੈ । ਘਰਾਂ ਤੋਂ ਪਕਾ ਕੇ ਲਿਆਂਦੇ ਲੰਗਰ ਨੂੰ ਸੰਗਤ ਬੜੀ ਭਾਵਨਾ ਨਾਲ ਛਕਦੀ ਤੇ ਬਾਬਾ ਅਟੱਲ ਰਾਇ ਜੀ ਨੂੰ ਯਾਦ ਕਰਦੀ ਹੈ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਜਿੱਥੇ ਸੰਗਤ ਬੜੀ ਸ਼ਰਧਾ ਨਾਲ ਮੱਥਾ ਟੇਕਦੀ ਹੈ।

ਬਾਬਾ ਅਟੱਲ ਪੱਕੀਆਂ ਪਕਾਈਆਂ ਘੱਲ
ਗੁਰਦੁਆਰਾ ਬਾਬਾ ਅਟੱਲ ਸਾਹਿਬ ਜੀ

Leave a Comment

Your email address will not be published. Required fields are marked *

Scroll to Top