ਜਲੰਧਰ, 28 ਸਤੰਬਰ : ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਵੱਲੋਂ ਇਕ ਵੱਡੀ ਕਾਰਵਾਈ ਕਰਦਿਆਂ ਅੱਜ ਸਵੇਰੇ ਸਤਲੁਜ ਦਰਿਆ ਦੇ ਕੰਢੇ ‘ਤੇ ਪੈਂਦੇ ਪਿੰਡਾਂ ਭੋਡੇ, ਸੰਗੋਵਾਲ, ਬੁਰਜ ਧਗਾੜਾ, ਮਾਓ ਸਾਹਿਬ, ਵੇਹਰਾਂ, ਕੈਮਵਾਲਾ, ਬੂਟੇ ਦੀਆ ਛੰਨਾਂ, ਰਾਮਪੁਰ ਅਤੇ ਬਾਓਪੁਰ ਆਦਿ ਪਿੰਡਾਂ ਵਿੱਚ ਸਰਚ ਆਪ੍ਰੇਸ਼ਨ ਚਲਾਇਆ ਗਿਆ।
ਇਸ ਅਭਿਆਨ ਦੌਰਾਨ ਕੁੱਲ 25520 ਲੀਟਰ ਲਾਹਣ, 430 ਬੋਤਲਾਂ ਨਾਜਾਇਜ਼ ਸ਼ਰਾਬ, 10 ਲੋਹੇ ਦੇ ਡਰੰਮ ਅਤੇ ਐਲੂਮੀਨੀਅਮ ਦੇ ਭਾਂਡੇ ਬਰਾਮਦ ਕਰਕੇ ਮੌਕੇ ‘ਤੇ ਹੀ ਨਸ਼ਟ ਕੀਤੇ ਗਏ।
ਸਰਚ ਅਭਿਆਨ ਦੀ ਅਗਵਾਈ ਕਰ ਰਹੇ ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਵੈਸਟ ਰੇਂਜ ਨਵਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ (ਆਬਕਾਰੀ) ਜਲੰਧਰ ਜ਼ੋਨ ਜਲੰਧਰ ਦੀ ਨਿਗਰਾਨੀ ਹੇਠ ਸਵੇਰੇ 7 ਵਜੇ ਸਰਚ ਅਭਿਆਨ ਸ਼ੁਰੂ ਕੀਤਾ ਗਿਆ, ਜੋ ਦੁਪਹਿਰ 12 ਵਜੇ ਸਮਾਪਤ ਹੋਇਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਤਲੁਜ ਦਰਿਆ ਦੇ ਕਿਨਾਰੇ 30-35 ਕਿਲੋਮੀਟਰ ਤੱਕ ਤਲਾਸ਼ੀ ਲਈ ਗਈ।
ਉਨ੍ਹਾਂ ਦੱਸਿਆ ਕਿ ਕੁੱਲ 25520 ਲੀਟਰ ਲਾਹਨ, 430 ਬੋਤਲਾਂ ਨਾਜਾਇਜ਼ ਸ਼ਰਾਬ, 10 ਲੋਹੇ ਦੇ ਡਰੰਮ ਅਤੇ ਐਲੂਮੀਨੀਅਮ ਦੇ ਭਾਂਡੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ 4 ਚਾਲੂ ਭੱਠੀਆਂ ਸਮੇਤ 8 ਡਰੰਮ ਲਾਹਣ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਹਰੇਕ ਡਰੰਮ ਵਿੱਚ ਕਰੀਬ 40 ਲੀਟਰ ਲਾਹਣ ਸੀ, ਜਿਸ ਸਦਕਾ ਕੁੱਲ ਕਰੀਬ 320 ਲੀਟਰ ਲਾਹਣ ਫੜੀ ਗਈ। ਇਸ ਤੋਂ ਇਲਾਵਾ 42 ਪਲਾਸਟਿਕ ਦੇ ਤਿਰਪਾਲ ਫੜੇ ਗਏ, ਜਿਨ੍ਹਾਂ ਵਿੱਚ ਹਰੇਕ ਦੇ ਕਰੀਬ 600 ਲੀਟਰ ਦੇ ਹਿਸਾਬ ਨਾਲ ਕੁੱਲ 25200 ਲੀਟਰ ਲਾਹਣ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ 4 ਐਲੂਮੀਨੀਅਮ ਦੇ ਭਾਂਡੇ ਫੜੇ ਗਏ, ਜਿਨ੍ਹਾਂ ਵਿੱਚ ਲਗਭਗ 80 ਬੋਤਲਾਂ ਨਾਜਾਇਜ਼ ਸ਼ਰਾਬ ਸ਼ਾਮਿਲ ਸੀ। ਉਨ੍ਹਾਂ ਦੱਸਿਆ ਕਿ 2 ਰਬੜ ਦੀਆਂ ਟਿਊਬਾਂ ਫੜੀਆਂ ਗਈਆਂ, ਜਿਨ੍ਹਾਂ ਵਿਚ ਲਗਭਗ 350 ਬੋਤਲਾਂ ਨਾਜਾਇਜ਼ ਸ਼ਰਾਬ ਸ਼ਾਮਲ ਸੀ।
ਨਵਜੀਤ ਸਿੰਘ ਨੇ ਦੱਸਿਆ ਕਿ ਰੇਡ ਪਾਰਟੀ ਨੂੰ ਦੂਰੋਂ ਆਉਂਦੇ ਦੇਖ ਮੌਕੇ ‘ਤੇ ਮੌਜੂਦ ਵਿਅਕਤੀ ਫਰਾਰ ਹੋ ਗਏ। ਲਾਵਾਰਿਸ ਹੋਣ ਕਾਰਨ ਬਰਾਮਦ ਲਾਹਣ, ਨਾਜਾਇਜ਼ ਸ਼ਰਾਬ ਅਤੇ ਭਾਂਡਿਆਂ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।
ਸਰਚ ਟੀਮ ਵਿੱਚ ਆਬਕਾਰੀ ਅਫ਼ਸਰ ਸੁਨੀਲ ਗੁਪਤਾ, ਸਰਵਣ ਸਿੰਘ, ਜਸਪਾਲ ਸਿੰਘ, ਅਨਿਲ ਕੁਮਾਰ, ਸਾਹਿਲ ਰੰਗਾ ਆਬਕਾਰੀ ਇੰਸਪੈਕਟਰ ਸਮੇਤ ਆਬਕਾਰੀ ਪੁਲਿਸ ਸਟਾਫ਼ ਸ਼ਾਮਿਲ ਸੀ।