ਦਿਵਿਆਂਗਜਨ ਦੀ ਭਲਾਈ ਦੇ ਖੇਤਰ ’ਚ ਯੋਗਦਾਨ ਪਾਉਣ ਵਾਲਿਆਂ ਤੋਂ ਪੁਰਸਕਾਰਾਂ ਲਈ ਅਰਜ਼ੀਆਂ ਦੀ ਮੰਗ

ਜਲੰਧਰ, 1 ਅਕਤੂਬਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਸਟੇਟ ਐਵਾਰਡ ਟੂ ਦਿ ਫਿਜ਼ੀਕਲੀ ਹੈਂਡੀਕੈਪਡ ਸਕੀਮ ਤਹਿਤ ਸੂਬਾ ਪੱਧਰੀ ਐਵਾਰਡ ਦੇਣ ਲਈ ਬਿਨੈਕਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਹਰ ਸਾਲ ਦਿਵਿਆਂਗ ਵਿਅਕਤੀਆਂ, ਕਰਮਚਾਰੀਆਂ, ਖਿਡਾਰੀਆਂ ਤੇ ਸੰਸਥਾਵਾਂ, ਜਿਨ੍ਹਾਂ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਦਰਜ ਕੀਤੀਆਂ ਗਈਆਂ ਹੋਣ, ਨੂੰ ਸੂਬਾ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਡਾ. ਅਗਰਵਾਲ ਅੱਗੇ ਦੱਸਿਆ ਕਿ ਕੋਈ ਵੀ ਯੋਗ ਬਿਨੈਕਾਰ ਹਰ ਪੱਖੋਂ ਮੁਕੰਮਲ ਪ੍ਰਫਾਰਮੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਦੇ ਦਫ਼ਤਰ ਵਿਖੇ 30 ਅਕਤੂਬਰ 2024 ਤੱਕ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਰਜ਼ੀਆਂ ’ਤੇ ਵਿਚਾਰ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਅਧੂਰੇ ਤੇ ਮਿੱਥੀ ਤਰੀਕ ਤੋਂ ਬਾਅਦ ਪ੍ਰਾਪਤ ਹੋਣ ਵਾਲੇ ਪ੍ਰਫਾਰਮਿਆਂ ’ਤੇ ਕਮੇਟੀ ਵੱਲੋਂ ਵਿਚਾਰ ਨਹੀਂ ਕੀਤਾ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਨਿਰਧਾਰਿਤ ਪ੍ਰਫਾਰਮੇ ਉਨ੍ਹਾਂ ਦੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ (ਡੀਸੀ ਦਫ਼ਤਰ) ਸਥਿਤ ਦਫ਼ਤਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਚਾਰ ਵਰਗਾਂ ਵਿੱਚ ਐਵਾਰਡ ਦਿੱਤੇ ਜਾਣੇ ਹਨ, ਜਿਨ੍ਹਾਂ ਵਿੱਚ ਬੈਸਟ ਐਂਪਲਾਇ ਜਾਂ ਸੈਲਫ਼ ਐਂਪਲਾਇਡ ਵਿਦ ਡਿਸੇਬਿਲਿਟੀ, ਐਵਾਰਡ ਫਾਰ ਬੈਸਟ ਐਂਪਲਾਇਰ, ਐਵਾਰਡ ਫਾਰ ਬੈਸਟ ਇੰਡੀਵੀਜ਼ੁਅਲ ਐਂਡ ਇੰਸਟੀਚਿਊਸ਼ਨ ਅਤੇ ਐਵਾਰਡ ਫਾਰ ਬੈਸਟ ਸਪੋਰਟਸ ਪਰਸਨ ਵਿਦ ਡਿਸਏਬੀਲਟੀ ਸ਼ਾਮਲ ਹਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top