ਜਲੰਧਰ, 7 ਅਕਤੂਬਰ: ਆਬਕਾਰੀ ਵਿਭਾਗ ਵੱਲੋਂ ਅੱਜ ਸਵੇਰੇ ਸਤਲੁਜ ਦਰਿਆ ਦੇ ਕੰਢੇ ’ਤੇ ਪੈਂਦੇ ਪਿੰਡਾਂ ਵਿੱਚ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਦੌਰਾਨ ਕਰੀਬ 9600 ਲਿਟਰ ਲਾਹਣ ਬਰਾਮਦ ਕਰਕੇ ਮੌਕੇ ’ਤੇ ਨਸ਼ਟ ਕਰ ਦਿੱਤੀ ਗਈ।
ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਪੱਛਮੀ ਰੇਂਜ ਨਵਜੀਤ ਸਿੰਘ ਦੀ ਨਿਗਰਾਨੀ ਹੇਠ ਐਕਸਾਈਜ਼ ਇੰਸਪੈਕਟਰ ਸਵਰਨ ਸਿੰਘ ਅਤੇ ਸਾਹਿਲ ਰੰਗਾ ਵੱਲੋਂ ਐਕਸਾਈਜ਼ ਪੁਲਿਸ ਸਟਾਫ਼ ਸਮੇਤ ਪਿੰਡ ਭੋਡੇ, ਸੰਗੋਵਾਲ, ਬੁਰਜ ਧਗਾੜਾ, ਮਾਓ ਸਾਹਿਬ, ਵੇਹਰਾਂ, ਕੈਮਵਾਲਾ ਅਤੇ ਬੂਟੇ ਦਿਆ ਛੰਨਾ ਵਿਖੇ ਇਹ ਅਭਿਆਨ ਚਲਾਇਆ ਗਿਆ।
ਸਹਾਇਕ ਕਮਿਸ਼ਨਰ ਕਮਿਸ਼ਨਰ ਨੇ ਦੱਸਿਆ ਕਿ ਇਸ ਅਭਿਆਨ ਦੌਰਾਨ ਪਲਾਸਟਿਕ ਦੀਆਂ 16 ਤਰਪਾਲਾਂ, ਜਿਸ ਵਿੱਚੋਂ ਹਰੇਕ ਵਿੱਚ ਲਗਭਗ 600 ਲਿਟਰ (ਕਰੀਬ 9600 ਲਿਟਰ) ਲਾਹਣ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਲਵਾਰਸ ਹੋਣ ਕਾਰਨ ਬਰਾਮਦ ਲਾਹਣ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਕਾਰਵਾਈ ਜਾਰੀ ਰਹੇਗੀ।
