ਆਲੂ ਦੀ ਕਾਸ਼ਤ ਲਈ ਡੀ.ਏ.ਪੀ. ਦੇ ਬਦਲ ਵਜੋਂ ਨਾਈਟ੍ਰੋਫਾਸਫੇਟ ਤੇ ਐਨ.ਪੀ.ਕੇ. ਵਰਤ ਰਿਹੈ ਅਗਾਂਹਵਧੂ ਕਿਸਾਨ ਹਰਜਿੰਦਰ ਸਿੰਘ

ਜਲੰਧਰ, 4 ਨਵੰਬਰ : ਜ਼ਿਲ੍ਹੇ ਦੇ ਪਿੰਡ ਸਰਾਏ ਖਾਸ ਦੇ ਕਿਸਾਨ ਹਰਜਿੰਦਰ ਸਿੰਘ, ਜੋ ਕਿ ਆਲੂਆਂ ਦੀ ਕਾਸ਼ਤ ਲਈ ਡੀ.ਏ.ਪੀ. ਦੀ ਬਜਾਏ ਨਾਈਟ੍ਰੋਫਾਸਫੇਟ ਤੇ ਐਨ.ਪੀ.ਕੇ. ਦੀ ਵਰਤੋਂ ਕਰ ਰਿਹਾ ਹੈ, ਦਾ ਕਹਿਣਾ ਹੈ ਕਿ ਅਸੀਂ ਡੀ.ਏ.ਪੀ. ਦੀ ਘਾਟ ਬਦਲਵੇਂ ਫਾਸਫੋਰਸ ਤੱਤ ਦੀ ਮੌਜੂਦਗੀ ਵਾਲੀਆਂ ਖਾਦਾਂ ਨਾਲ ਪੂਰੀ ਕਰ ਸਕਦੇ ਹਾਂ।
ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿੱਚ ਆਲੂ ਦੀ ਕਾਸ਼ਤ ਲਈ ਐਨ.ਪੀ.ਕੇ. 20:20:0:13, ਐਨ.ਪੀ.ਕੇ.15:15:15 ਤੇ 16:16:16 ਦੀ ਵਰਤੋਂ ਕਰ ਰਹੇ ਹਨ, ਜਿਸ ਦੇ ਚੰਗੇ ਨਤੀਜੇ ਮਿਲ ਰਹੇ ਹਨ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਮਿਕਸ ਕਰਕੇ ਇਨ੍ਹਾਂ ਖਾਦਾਂ ਦੀ ਵਰਤੋਂ ਕਰਦੇ ਹਨ,ਜਿਸ ਨਾਲ ਜ਼ਮੀਨ ਵਿੱਚ ਪੋਟਾਸ਼, ਫਾਸਫੋਰਸ ਅਤੇ ਨਾਈਟ੍ਰੋਜਨ ਦੀ ਪੂਰਤੀ ਹੋਣ ਦੇ ਨਾਲ ਆਲੂ ਦੀ ਪੈਦਾਵਾਰ ’ਤੇ ਚੰਗਾ ਅਸਰ ਪਿਆ ਹੈ।
ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਵੀ ਡੀ.ਏ.ਪੀ. ’ਤੇ ਆਪਣੀ ਨਿਰਭਰਤਾ ਘੱਟ ਕਰਨ ਦੀ ਅਪੀਲ ਕੀਤੀ। ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਫਾਸਫੋਰਸ ਤੱਤ ਦੀ ਮੌਜੂਦਗੀ ਵਾਲੀ ਕੋਈ ਵੀ ਚੰਗੀ ਗੁਣਵੱਤਾ ਦੀ ਖਾਦ ਵਰਤ ਸਕਦੇ ਹਨ।
ਖੇਤਬਾੜੀ ਅਫ਼ਸਰ ਡਾ. ਸੁਰਜੀਤ ਸਿੰਘ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਏ.ਪੀ. ਦੇ ਵਿਕਲਪ ਦੇ ਰੂਪ ਵਿੱਚ ਟ੍ਰਿਪਲ ਸੁਪਰ ਫਾਸਫੇਟ (0:46:0), ਐੱਨ.ਪੀ.ਕੇ 12:32:16, ਸਿੰਗਲ ਸੁਪਰ ਫਾਸਫੇਟ ਐੱਨ.ਪੀ.ਕੇ. 16:16:16 ਅਤੇ ਐੱਨ.ਪੀ.ਕੇ 20:20:13 ਖਾਦ ਫਸਲਾਂ ਲਈ ਬਹੁਤ ਉਪਯੋਗੀ ਹੈ। ਉਨ੍ਹਾਂ ਕਿਹਾ ਕਿ ਉਕਤ ਫਾਸਫੋਰਸ ਤੱਤ ਵਾਲੀਆਂ ਖਾਦਾਂ ’ਚੋਂ ਕਿਸੇ ਵੀ ਖਾਦ ਨੂੰ ਡੀ.ਏ.ਪੀ. ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ, ਜਿਨ੍ਹਾਂ ਦਾ ਵਾਧੂ ਫਾਇਦਾ ਇਹ ਹੈ ਕਿ ਇਨ੍ਹਾਂ ਵਿੱਚੋਂ ਸਾਨੂੰ ਹੋਰ ਖੁਰਾਕੀ ਤੱਤ ਵੀ ਮਿਲ ਜਾਂਦੇ ਹਨ, ਜੋ ਕਿ ਖੇਤ ਲਈ ਬੜੇ ਲਾਹੇਵੰਦ ਹੁੰਦੇ ਹਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top