ਗੈਂਗਸਟਰਾਂ ਤੇ ਖਤਰਨਾਕ ਮੁਜਰਮਾਂ ਨੂੰ ਜਗਰਾਉਂ ਨੇੜੇ ਨਵੀਂ ਬਣ ਰਹੀ ਹਾਈ ਪ੍ਰੋਫਾਈਲ ਸਕਿਉਰਟੀ ਜੇਲ੍ਹ ‘ਚ ਰੱਖਿਆ ਜਾਵੇਗਾ: ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ

ਚੰਡੀਗੜ੍ਹ/ਪਟਿਆਲਾ, 25 ਨਵੰਬਰ – ਪੰਜਾਬ ਦੇ ਜੇਲ੍ਹ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਕਿਹਾ ਕਿ ਜੇਲ੍ਹਾਂ ਵਿੱਚੋਂ ਅਪਰਾਧਕ ਪ੍ਰਵਿਰਤੀ ਵਾਲੇ ਖਤਰਨਾਕ ਮੁਜਰਮਾਂ ਤੇ ਗੈਂਗਸਟਰਾਂ ਦੇ ਨੈਟਵਰਕ ਨੂੰ ਖ਼ਤਮ ਕਰਨ ਲਈ ਉਨ੍ਹਾਂ ਨੂੰ ਜਗਰਾਉਂ (ਲੁਧਿਆਣਾ) ਨੇੜੇ ਨਵੀਂ ਬਣ ਰਹੀ ਹਾਈ ਪ੍ਰੋਫਾਈਲ ਸਕਿਉਰਟੀ ਜੇਲ੍ਹ ਵਿੱਚ ਰੱਖਿਆ ਜਾਵੇਗਾ।

ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਪਟਿਆਲਾ ਵਿਖੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਵਿਖੇ ਜੇਲ੍ਹ ਵਿਭਾਗ ਦੇ ਬੈਚ ਨੰਬਰ 97 ਦੇ ਕੁੱਲ 132 ਵਾਰਡਰਜ਼ ਅਤੇ 04 ਮੈਟਰਨਜ਼ ਦੀ ਪਾਸਿੰਗ ਆਊਟ ਪਰੇਡ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਪ੍ਰਭਾਵਸ਼ਾਲੀ ਪਰੇਡ ਤੋਂ ਸਲਾਮੀ ਲਈ ਅਤੇ ਪਰੇਡ ਦਾ ਨਿਰੀਖਣ ਕੀਤਾ। ਉਨ੍ਹਾਂ ਨਾਲ ਏ.ਡੀ.ਜੀ.ਪੀ. ਜੇਲ੍ਹਾਂ ਅਰੁਨ ਪਾਲ ਸਿੰਘ ਵੀ ਮੌਜੂਦ ਸਨ।

ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਦੌਰਾਨ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਬੇ ਵਿੱਚ ਨਵੀਆਂ ਬਣਨ ਵਾਲੀਆਂ ਜੇਲ੍ਹਾਂ ਨੂੰ ਆਬਾਦੀ ਤੋਂ ਇੱਕ ਕਿਲੋਮੀਟਰ ਦੂਰ ਬਣਾਇਆ ਜਾਵੇਗਾ ਤਾਂ ਕਿ ਜੇਲ੍ਹਾਂ ਵਿੱਚ ਲਗਾਏ ਜਾਂਦੇ ਅਤਿਆਧੁਨਿਕ ਜੈਮਰਾਂ ਕਰਕੇ ਨੇੜੇ ਦੀ ਵੱਸੋਂ ਨੂੰ ਕੋਈ ਮੁਸ਼ਕਿਲ ਨਾ ਆਵੇ ਅਤੇ ਨਾ ਹੀ ਜੇਲ੍ਹਾਂ ਦੀਆਂ ਕੰਧਾਂ ਤੋਂ ਕੋਈ ਮੁਜ਼ਰਮ ਜੇਲ੍ਹ ਅੰਦਰ ਕੋਈ ਨਸ਼ੀਲੀ ਵਸਤੂ ਜਾਂ ਮੋਬਾਈਲ ਆਦਿ ਸੁੱਟ ਸਕੇ।

ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਬੇਸ਼ੱਕ ਜੇਲ੍ਹ ਵਿਭਾਗ ਨੂੰ ਜੇਲ੍ਹਾਂ ਦੀ ਸੁਰੱਖਿਆ, ਖੁਫੀਆ ਤੰਤਰ, ਸਟਾਫ ਦੀ ਘਾਟ, ਕੈਦੀਆਂ ਦੀ ਦੇਖ-ਰੇਖ ਅਤੇ ਪੁਨਰ ਵਸੇਬੇ ਆਦਿ ਲਈ ਕਈ ਚੁਣੌਤੀਆਂ ਦਰਪੇਸ਼ ਹਨ ਪਰੰਤੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜੇਲ੍ਹ ਵਿਭਾਗ ਵੱਲੋਂ ਬੰਦੀਆਂ ਦੇ ਸੁਧਾਰ ਲਈ ਅਨੇਕਾਂ ਉਪਰਾਲੇ ਕਰਨ ਸਮੇਤ ਜੇਲ੍ਹਾਂ ਦੇ ਆਧੁਨਿਕੀਕਰਨ ਜਿਵੇਂ ਕਿ ਮੋਬਾਈਲ ਜੈਮਰ ਆਰਟੀਫ਼ਿਸ਼ਿਅਲ ਇੰਟੈਲੀਜੈਂਸ ਅਧਾਰਤ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ।

ਜੇਲ੍ਹ ਮੰਤਰੀ ਨੇ ਕਿਹਾ ਕਿ ਇਸ ਤੋਂ ਬਿਨ੍ਹਾਂ ਜੇਲ੍ਹ ਵਿਭਾਗ ਨੂੰ ਹੋਰ ਮਜਬੂਤ ਕਰਨ ਲਈ ਸਰਕਾਰ ਜੇਲ੍ਹ ਵਿਭਾਗ ਵਿਚ 13 ਡੀ.ਐਸ.ਪੀ. ਜੇਲ, 175 ਵਾਰਡਰ ਅਤੇ 04 ਮੈਟਰਨਾਂ ਸਮੇਤ ਡਾਕਟਰਾਂ ਤੇ ਪੈਰਾਮੈਡੀਕਲ ਅਮਲੇ ਦੀ ਭਰਤੀ ਜਲਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਜੇਲ੍ਹ ਵਿਭਾਗ ਨੇ ਕੈਦੀ ਬੰਦੀਆਂ ਦੇ ਪੁਨਰ ਵਸੇਬੇ ਲਈ 8 ਜੇਲ੍ਹਾਂ ਵਿਖੇ ਪੈਟਰੋਲ ਪੰਪ ਲਗਾਏ ਹਨ।

ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜਵਾਨਾਂ ਨੂੰ ਪਾਸ ਹੋਣ ਦੀ ਵਧਾਈ ਦਿੰਦਿਆਂ ਉਨ੍ਹਾਂ ਨੂੰ ਇਮਾਨਦਾਰੀ, ਨੇਕ-ਨੀਤੀ ਅਤੇ ਨਿਡਰ ਹੋ ਕੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ। ਸਮਾਰੋਹ ਮੌਕੇ ਏ.ਡੀ.ਜੀ.ਪੀ. ਜੇਲ੍ਹਾਂ ਅਰੁਨ ਪਾਲ ਸਿੰਘ ਨੇ ਧੰਨਵਾਦ ਕੀਤਾ ਜਦੋਂਕਿ ਪੰਜਾਬ ਜੇਲ ਟਰੇਨਿੰਗ ਸਕੂਲ ਦੇ ਪ੍ਰਿੰਸੀਪਲ ਕੁਲਵੰਤ ਸਿੰਘ ਸਿੱਧੂ ਨੇ ਜੀ ਆਇਆਂ ਆਖਦਿਆਂ ਇਸ ਟ੍ਰੇਨਿੰਗ ਸਬੰਧੀ ਰਿਪੋਰਟ ਪੜ੍ਹੀ।

ਇਸ ਬੇਸਿਕ ਟਰੇਨਿੰਗ ਕੋਰਸ ਵਿੱਚ ਮੈਟਰਨ ਗੁਰਿੰਦਰ ਕੌਰ ਇਨਡੋਰ ਵਿੱਚ, ਵਾਰਡਰ ਰਮਨਦੀਪ ਸਿੰਘ ਸ਼ੂਟਿੰਗ ਵਿੱਚ, ਵਾਰਡਰ ਅਮਨਦੀਪ ਸਿੰਘ ਆਉਟਡੋਰ ਵਿੱਚ ਪਹਿਲੇ ਸਥਾਨ ‘ਤੇ ਰਹੇ ਅਤੇ ਬਤੌਰ ਪਲਟੂਨ ਕਮਾਂਡਰ ਨੰਬਰ 2, ਵਾਰਡਰ ਰਾਹੁਲ ਡਿੱਕਾ ਬਤੌਰ ਪਰੇਡ ਕਮਾਂਡਰ, ਵਾਰਡਰ ਅਭਿਨਵ ਪਲਟੂਨ ਕਮਾਂਡਰ ਨੰਬਰ 1 ਅਤੇ ਵਾਰਡਰ ਸਿਮਰਨ ਬੰਗਾ ਬਤੌਰ ਪਲਟੂਨ ਕਮਾਂਡਰ ਨੰਬਰ 2 ਨੂੰ ਜੇਲ ਮੰਤਰੀ ਨੇ ਟਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਬਾਅਦ ਜਵਾਨਾਂ ਨੇ ਯੂ.ਏ.ਸੀ., ਮਾਰਸ਼ਲ ਆਰਟਸ ਅਤੇ ਤੇ ਲੋਕ ਨਾਚ ਭੰਗੜਾ ਵੀ ਪੇਸ਼ ਕੀਤਾ।

ਇਸ ਮੌਕੇ ਆਈ.ਜੀ ਜੇਲ੍ਹਾਂ ਰੂਪ ਕੁਮਾਰ ਅਰੋੜਾ, ਡੀ.ਆਈ.ਜੀ ਜੇਲ੍ਹਾਂ ਸੁਰਿੰਦਰ ਸਿੰਘ, ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਵਰੁਣ ਸ਼ਰਮਾ, ਵਾਈਸ ਪ੍ਰਿੰਸੀਪਲ ਜੇਲ ਟ੍ਰੇਨਿੰਗ ਸਕੂਲ ਮੁਕੇਸ਼ ਕੁਮਾਰ, ਜ਼ਿਲ੍ਹਾ ਜੇਲ੍ਹ ਬਰਨਾਲਾ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ, ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਸੁਪਰਡੈਂਟ ਨਵਇੰਦਰ ਸਿੰਘ, ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਦੇ ਸੁਪਰਡੈਂਟ ਇੰਦਰਜੀਤ ਸਿੰਘ ਕਾਹਲੋਂ ਤੇ ਓਪਨ ਜੇਲ ਦੇ ਸੁਪਰਡੈਂਟ ਗੁਰਮੁੱਖ ਸਿੰਘ ਵੀ ਮੌਜੂਦ ਸਨ।
******

*ਫੋਟੋ ਕੈਪਸ਼ਨ-*

ਪੰਜਾਬ ਜੇਲ ਟ੍ਰੇਨਿੰਗ ਸਕੂਲ ਵਿਖੇ ਪਾਸਿੰਗ ਆਊਟ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦੇ ਹੋਏ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ।ਉਨ੍ਹਾਂ ਨਾਲ ਏ.ਡੀ.ਜੀ.ਪੀ. ਜੇਲ੍ਹਾਂ ਅਰੁਨਪਾਲ ਸਿੰਘ ਵੀ ਨਜ਼ਰ ਆ ਰਹੇ ਹਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top