68ਵੀਆਂ ਪੰਜਾਬ ਸਕੂਲ ਖੇਡਾਂ ਜੂਡੋ ਅੰਡਰ-19 ਦੇ ਮੁਕਾਬਲਿਆਂ ਦਾ ਹੋਇਆ ਸ਼ਾਨਦਾਰ ਆਗਾਜ਼

ਜਲੰਧਰ, 26 ਨਵੰਬਰ – ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ 68ਵੀਆਂ ਰਾਜ ਪੱਧਰੀ ਸਕੂਲ ਖੇਡਾਂ ਜੂਡੋ (ਲੜਕੇ ਅਤੇ ਲੜਕੀਆਂ) ਅੰਡਰ-19 ਦੇ ਮੁਕਾਬਲਿਆਂ ਦਾ ਉਦਘਾਟਨ ਅੱਜ ਮੁੱਖ ਮਹਿਮਾਨ ਵਿਧਾਇਕ ਰਮਨ ਅਰੋੜਾ ਵਲੋੰ ਸਕੂਲ ਆਫ ਐਮੀਨੈਂਸ ਲਾਡੋਵਾਲੀ ਰੋਡ ਵਿਖੇ ਕੀਤਾ ਗਿਆ। ਉਹਨਾਂ ਵੱਲੋਂ ਰਸਮੀ ਤੌਰ ‘ਤੇ ਗੁਬਾਰੇ ਛੱਡ ਕੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਸਮੂਹ ਖਿਡਾਰੀਆਂ ਨੂੰ ਖੇਡਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਵੱਖ-ਵੱਖ ਜਿਲ੍ਹਿਆਂ ਤੋਂ ਪਹੁੰਚੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਟੂਰਨਾਮੈਂਟ ਦੇ ਮੈਚਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।
   ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਚੰਗੇ ਖਿਡਾਰੀ ਪੈਦਾ ਕਰਨ ਲਈ ਉਸਾਰੂ ਮਾਹੌਲ ਸਿਰਜਿਆ ਗਿਆ ਹੈ। ਉਨ੍ਹਾਂ ਕਿ ਖੇਡਾਂ ਵਤਨ ਪੰਜਾਬ ਦੀਆਂ ਅਤੇ ਸਕੂਲਜ਼ ਖੇਡਾਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵੱਲ ਭਗਵੰਤ ਮਾਨ ਸਰਕਾਰ ਦਾ ਬਿਹਤਰੀਨ ਉਪਰਾਲਾ ਹੈ।
   ਉਨ੍ਹਾਂ ਸਮੂਹ ਖਿਡਾਰੀਆਂ ਨੂੰ ਜਿੱਤ ਹਾਰ ਤੋਂ ਉਪਰ ਉਠ ਕੇ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਨਾਂ ਚਮਕਾਉਣ ਲਈ ਸਖ਼ਤ ਮਿਹਨਤ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਦੇ ਜੇਤੂ ਵਿੱਦਿਆਰਥੀਆਂ ਨੂੰ ਲੁਧਿਆਣਾ ਵਿਖੇ ਹੋਣ ਜਾ ਰਹੀਆਂ 68ਵੀਆਂ ਨੈਸ਼ਨਲ ਸਕੂਲ ਖੇਡਾਂ ਜੂਡੋ ਵਿੱਚ ਸੂਬੇ ਦਾ ਨਾਂ ਚਮਕਾਉਣ ਦਾ ਮੌਕਾ ਮਿਲੇਗਾ।
   ਉਨ੍ਹਾਂ ਕਿਹਾ ਕਿ ਟੂਰਨਾਮੈਂਟ ਵਿਖੇ ਪਹੁੰਚੀਆਂ ਸਮੂਹ ਟੀਮਾਂ ਦੇ ਖਿਡਾਰੀਆਂ ਅਤੇ ਆਫੀਸ਼ਲਜ ਦੀ ਰਿਹਾਇਸ਼ ਅਤੇ ਖਾਣ-ਪੀਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਟੂਰਨਾਮੈਂਟ ਦੇ ਸਮੂਹ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ।
   ਅੱਜ ਟੂਰਨਾਮੈਂਟ ਦੇ ਪਹਿਲੇ ਦਿਨ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। 36 ਕਿਲੋਗ੍ਰਾਮ ਭਾਰ ਵਰਗ ਵਿੱਚ ਜਲੰਧਰ ਦੀ ਅੰਜਲੀ ਨੇ ਪਹਿਲਾ, ਲੁਧਿਆਣਾ ਦੀ ਸਲੋਨੀ ਨੇ ਦੂਸਰਾ, ਫਾਜ਼ਿਲਕਾ ਦੀ ਮੋਨਿਕਾ ਅਤੇ ਤਰਨਤਾਰਨ ਦੀ ਸਨੇਹਾ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। 40 ਕਿਲੋਗ੍ਰਾਮ ਭਾਰ ਵਰਗ ਵਿੱਚ ਜਲੰਧਰ ਦੀ ਖਨਕ ਨੇ ਪਹਿਲਾ, ਫਰੀਦਕੋਟ ਦੀ ਖੁਸ਼ਦੀਪ ਕੌਰ ਨੇ ਦੂਸਰਾ, ਹੁਸ਼ਿਆਰਪੁਰ ਦੀ ਖੁਸ਼ਪ੍ਰੀਤ ਕੌਰ ਅਤੇ ਲੁਧਿਆਣਾ ਦੀ ਰਿਧਿਮਾ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।
   ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਡਾ.ਗੁਰਿੰਦਰਜੀਤ ਕੌਰ, ਸੁਰਿੰਦਰ ਕੁਮਾਰ ਅੰਤਰਰਾਸ਼ਟਰੀ ਰੈਫਰੀ ਅਤੇ ਜੂਡੋ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ, ਅਮਨਦੀਪ ਕੌਂਡਲ ਜਿਲ੍ਹਾ ਸਪੋਰਟਸ ਕੋਆਰਡੀਨੇਟਰ/ ਡੀ.ਐਮ ਸਪੋਰਟਸ, ਕਨਵੀਨਰ ਪ੍ਰਿੰਸੀਪਲ ਯੋਗੇਸ਼ ਕੁਮਾਰ, ਪ੍ਰਿੰਸੀਪਲ ਸੁਖਦੇਵ ਲਾਲ ਬੱਬਰ, ਜਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ, ਮੁੱਖ ਅਧਿਆਪਕ ਰਾਕੇਸ਼ ਭੱਟੀ ਅਤੇ ਹੋਰ ਮੌਜੂਦ ਸਨ।
———–

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top