ਜਲੰਧਰ ਜ਼ਿਲ੍ਹਾ ਸੂਬੇ ਭਰ ’ਚ ਮੋਹਰੀ ; ਏਡਜ਼ ਅਤੇ ਨਸ਼ਿਆਂ ਖਿਲਾਫ਼ ਵਿੱਢੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਾਪਤ ਕੀਤੇ ਦੋ ਸਥਾਨ

ਜਲੰਧਰ, 2 ਦਸੰਬਰ – ਜ਼ਿਲ੍ਹਾ ਜਲੰਧਰ ਵਲੋਂ ਐਚ.ਆਈ.ਵੀ./ ਏਡਜ਼ ਅਤੇ ਨਸ਼ਿਆਂ ਖਿਲਾਫ਼ ਜ਼ਮੀਨੀ ਪੱਧਰ ’ਤੇ ਵਿੱਢੀ ਜਾਗਰੂਕਤਾ ਮੁਹਿੰਮ ਸਦਕਾ ਰਾਜ ਪੱਧਰੀ ਏਡਜ਼ ਦਿਵਸ ’ਤੇ ਦੋ ਸਨਮਾਨ ਪ੍ਰਾਪਤ ਕੀਤੇ ਹਨ, ਜਿਸ ਨਾਲ ਸੂਬੇ ਭਰ ਵਿੱਚ ਸਿਹਤ ਵਿਭਾਗ ਅਤੇ ਯੁਵਕ ਸੇਵਾਵਾਂ ਵਿਭਾਗ ਨੇ ਨਾਮਣਾ ਖੱਟਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
   ਐਚ.ਆਈ.ਵੀ./ਏਡਜ਼ ਅਤੇ ਨਸ਼ਿਆਂ ਖ਼ਿਲਾਫ ਜਾਗਰੂਕਤਾ ਗਤਿਵਿਧੀਆਂ ਦੌਰਾਨ ਸ਼ਾਨਦਾਰ ਕਾਰਗੁਜਾਰੀ ਦਿਖਾਉਣ ਲਈ ਸੂਬੇ ਭਰ ਵਿੱਚੋਂ ਬੈਸਟ ਪ੍ਰਫਾਰਮੈਂਸ ਐਵਾਰਡ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਬੀਤੇ ਦਿਨ ਪਟਿਆਲਾ ਵਿਖੇ ਵਿਸ਼ਵ ਏਡਜ਼ ਦਿਵਸ ਦੇ ਰਾਜ ਪੱਧਰੀ ਸਮਾਗਮ ਦੌਰਾਨ ਸੌਂਪੇ ਗਏ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਏਡਜ਼ ਖਿਲਾਫ਼ ਵਿੱਢੀ ਮੁਹਿੰਮ ਅਤੇ ਯੁਵਕ ਸੇਵਾਵਾਂ ਵਿਭਾਗ ਅਧੀਨ ਜ਼ਿਲ੍ਹੇ ਦੇ ਰੈਡ ਰੀਬਨ ਕਲੱਬ ਵਲੋਂ ਕੀਤੀਆਂ ਗਈਆਂ ਬਹੁਤ ਹੀ ਸ਼ਾਨਦਾਰ ਗਤੀਵਿਧੀਆਂ ਲਈ ਐਵਾਰਡ ਦਿੱਤੇ ਗਏ ਹਨ। ਯੁਵਕ ਸੇਵਾਵਾਂ ਵਿਭਾਗ ਦੀ ਅਗਵਾਈ ਵਿੱਚ 39 ਸਰਗਰਮ ਕਲੱਬਾਂ ਵਲੋਂ ਨੌਜਵਾਨਾਂ ਨੂੰ ਐਚ.ਆਈ.ਵੀ./ਏਡਜ਼ ਅਤੇ ਨਸ਼ਿਆਂ ਦੇ ਖਤਰਿਆਂ ਬਾਰੇ ਜਾਗਰੂਕ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗਾਂ ਵਲੋਂ ਕੀਤੇ ਗਏ ਸੰਜੀਦਾ ਉਪਰਾਲਿਆਂ ਨੂੰ ਸੂਬੇ ਭਰ ਵਿੱਚ ਬਹੁਤ ਸ਼ਾਨਦਾਰ ਉਪਰਾਲੇ ਵਜੋਂ ਐਲਾਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਹਿਲਕਦਮੀਆਂ ਨੇ ਐਚ.ਆਈ.ਵੀ./ਏਡਜ਼ ਖਿਲਾਫ਼ ਲੜਾਈ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਜਾਗਰ ਕੀਤਾ ਹੈ, ਜਿਸ ਵਿੱਚ ਇਸ ਦੀ ਜਲਦੀ ਪਹਿਚਾਣ ਤੇ ਇਲਾਜ, ਮਰੀਜ਼ ਦੀ ਸੰਭਾਲ ਅਤੇ ਜਨਤਕ ਸਿੱਖਿਆ ਤੇ ਪ੍ਰਭਾਵਿਤ ਵਿਅਕਤੀਆਂ ਦੇ ਜੀਵਨ ਵਿੱਚ ਸੁਧਾਰ ਆਦਿ ਸ਼ਾਮਿਲ ਹਨ।
ਡਾ. ਅਗਰਵਾਲ ਵਲੋਂ ਸਿਹਤ ਅਤੇ ਯੁਵਕਾ ਸੇਵਾਵਾਂ ਵਿਭਾਗ ਵਲੋਂ ਸਮਾਜ ਵਿੱਚ ਐਚ.ਆਈ.ਵੀ./ਏਡਜ਼ ਨੂੰ ਖ਼ਤਮ ਕਰਨ ਲਈ ਕੀਤੇ ਜਾ ਰਹੇ ਸੰਜੀਦੇ ਉਪਰਾਲਿਆਂ ਅਤੇ ਸਮਰਪਣ ਦੀ ਭਾਵਨਾ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਵਲੋਂ ਖਾਸ ਤੌਰ ’ਤੇ ਸਿਵਲ ਸਰਜਨ ਡਾ. ਗੁਰਮੀਤ ਸਿੰਘ, ਜ਼ਿਲ੍ਹਾ ਏਡਜ਼ ਕੰਟਰੋਲ ਅਫ਼ਸਰ ਡਾ. ਰੀਤੂ ਦਾਦਰਾ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਵੀ ਦਾਰਾ ਅਤੇ ਉਨ੍ਹਾਂ ਦੀ ਟੀਮ ਵਲੋਂ ਇਸ ਮਹੱਤਵਪੂਰਨ ਪ੍ਰਾਪਤੀ ਲਈ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਹੋਰਨਾਂ ਵਿਭਾਗਾਂ ਨੂੰ ਵੀ ਸੱਦਾ ਦਿੱਤਾ ਹੈ ਕਿ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਇਸੇ ਤਰ੍ਹਾਂ ਹੀ ਜ਼ਮੀਨੀ ਪੱਧਰ ’ਤੇ ਪਹੁੰਚਾਇਆ ਜਾਵੇ, ਤਾਂ ਜੋ ਵੱਧ ਤੋਂ ਵੱਧ ਜਨਤਾ ਤੱਕ ਜਾਗਰੂਕਤਾ ਫੈਲ ਸਕੇ ਅਤੇ ਸਬੰਧਿਤ ਵਿਅਕਤੀ ਇਨ੍ਹਾਂ ਸਕੀਮਾਂ ਦਾ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਏਡਜ਼ ਪ੍ਰਤੀ ਜਾਗਰੂਕਤਾ ਹੀ ਮਨੁੱਖੀ ਜੀਵਨ ਨੂੰ ਬਚਾ ਸਕਦੀ ਹੈ, ਇਸ ਲਈ ਸਿਹਤ ਵਿਭਾਗ ਅਤੇ ਯੁਵਕ ਸੇਵਾਵਾਂ ਵਿਭਾਗ ਦਾ ਯੋਗਦਾਨ ਸ਼ਲਾਘਾ ਯੋਗ ਹੈ।
——————-

Leave a Comment

Your email address will not be published. Required fields are marked *

Scroll to Top