ਜਲੰਧਰ, 4 ਦਸੰਬਰ – ਏ.ਜੇ.ਸੀ. ਗਲੋਬਲ ਜੈਵਿਸ਼ ਐਡਵੋਕੇਸ਼ੀ ਤੋਂ ਡੈਲੀਗੇਟਾਂ ਦੀ ਇਕ ਟੀਮ ਵਲੋਂ ਸ਼ੀਰਾ ਲੋਵੇਨਬਰਗ (ਡਾਇਰੈਕਟਰ) ਅਤੇ ਅਰਜੁਨ ਹਰਦਾਸ ਦੀ ਅਗਵਾਈ ਵਿੱਚ ਭਾਰਤੀ ਪ੍ਰਤੀਨਿਧ, ਏਸ਼ੀਆ ਪੈਸੀਫਿਕ ਇੰਸਟੀਊਟ, ਅਮਰੀਕਨ ਜੈਵਿਸ਼ ਕਮੇਟੀ ਵਲੋਂ ਅੱਜ ਸੈਂਟਰ ਆਫ਼ ਐਕਸੀਲੈਂਸ ਫਾਰ ਵੈਜੀਟੇਬਲ ਕਰਤਾਰਪੁਰ ਦਾ ਦੌਰਾ ਕੀਤਾ ਗਿਆ, ਜਿਸ ਵਿੱਚ ਇੰਡੋਨੇਸ਼ੀਆ-ਇੰਡੀਆ ਮਿਸ਼ਨ ਅਟੈਂਡੀ ਐਮ. ਸੁਭਾਨ ਏ, ਕਾਰਪੋਰੇਟ ਡਾਇਰੈਕਟਰ ਐਂਡ ਬਿਸਨੈਸ ਐਗਜੈਕਟਿਵ, ਮੁਹ ਯੂਸਫ਼, ਪਲਟੇਸ਼ਨੋ ਓਪਰੇਸ਼ਨ ਮੈਨੇਜਰ, ਮੁਹੰਮਦ ਬਸਰਾਨ, ਐਗਰੀ ਬਿਜਨੈਸ, ਡਾ.ਅਮੀਰੂਦੀਨ, ਐਸ.ਪੀ, ਐਮ.ਪੀ. ਹੈਡ ਆਫ਼ ਐਗਰੋਟੈਕਨੌਲਜੀ ਪ੍ਰੋਗਰਾਮ ਅਤੇ ਸੀਨੀਅਰ ਲੈਕਚਰਾਰ ਤੇ ਪੂਆ ਬੋਂਗਾ, ਐਸ.ਪੀ. ਐਗਰੋ ਟੈਕਨੌਜਲੀ ਸਪੈਸ਼ਲਿਸਟ ਸ਼ਾਮਿਲ ਸਨ। ਇਹਨਾਂ ਵਲੋਂ ਬਾਗਬਾਨੀ ਨਾਲ ਸਬੰਧਿਤ ਸੈਂਟਰ ਵਿਖੇ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਨੂੰ ਦੇਖਿਆ ਗਿਆ।
ਡਾਇਰੈਕਟਰ ਬਾਗਬਾਨੀ ਪੰਜਾਬ ਸ਼ਲਿੰਦਰ ਕੌਰ ਦੀ ਤਰਫ਼ੋਂ ਸਹਾਇਕ ਡਾਇਰੈਕਟਰ ਬਾਗਬਾਨੀ-ਕਮ-ਕੰਟਰੋਲਿੰਗ ਅਫ਼ਸਰ ਸੈਂਟਰ ਆਫ਼ ਐਕਸੀਲੈਂਸ ਜਲੰਧਰ ਅਤੇ ਹੁਸ਼ਿਆਰਪੁਰ ਵਲੋਂ ਆਈਆਂ ਸਖਸ਼ੀਅਤਾਂ ਦਾ ਸਵਾਗਤ ਕੀਤਾ ਗਿਆ ਅਤੇ ਸੈਂਟਰ ਵਿਖੇ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ ਗਿਆ। ਉਨ੍ਹਾਂ ਵਲੋਂ ਪੰਜਾਬ ਵਿੱਚ ਬਾਗਬਾਨੀ ਅਤੇ ਖੇਤੀਬਾੜੀ ਵਿੱਚ ਫਸਲੀ ਵਿਭਿੰਨਤਾ, ਸੁਰੱਖਿਅਤ ਖੇਤੀ, ਵੱਖ-ਵੱਖ ਪੌਲੀਹਾਊਸਾਂ ਦੀ ਬਣਤਰ ਅਤੇ ਉਚ ਮੁੱਲ ਵਾਲੀਆਂ ਫ਼ਸਲਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ।
ਇਸ ਮੌਕੇ ਬਾਗਬਾਨੀ ਵਿਕਾਸ ਅਫ਼ਸਰ-ਕਮ-ਪ੍ਰੋਜੈਕਟ ਅਫ਼ਸਰ ਸੈਂਟਰ ਆਫ਼ ਐਕਸੀਲੈਂਸ ਨੇ ਦੱਸਿਆ ਕਿ ਇਸ ਸੈਂਟਰ ਦੀ ਕਿਸਾਨਾਂ ਵਿੱਚ ਦਿਨ ਪ੍ਰਤੀ ਦਿਨ ਮਹੱਤਤਾ ਵੱਧ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਦੇ ਕਿਸਾਨਾਂ ਅਤੇ ਕਿਚਨ ਗਾਰਡਨ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ 2 ਕਰੋੜ 22 ਲੱਖ ਵੱਖ-ਵੱਖ ਸਬਜ਼ੀਆਂ ਦੇ ਸਿਹਤਮੰਦ ਬੀਜ ਸਪਲਾਈ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੀ ਤਾਰੀਕ ਤੱਕ ਸਬਜ਼ੀਆਂ ਦੀ ਸੁਰੱਖਿਅਤ ਕਾਸ਼ਤ ਕਰਨ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ 44 ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 1557 ਤੋਂ ਵੱਧ ਕਿਸਾਨਾਂ ਸਿੱਖਿਅਤ ਕੀਤਾ ਗਿਆ ਅਤੇ ਹੁਣ ਇਨ੍ਹਾਂ ਕਿਸਾਨਾਂ ਵਲੋਂ ਨਵੀਂ ਤਕਨੀਕ ਰਾਹੀਂ ਰਵਾਇਤੀ ਖੇਤੀ ਨੂੰ ਛੱਡ ਕੇ ਖੇਤੀ ਕੀਤੀ ਜਾ ਰਹੀ ਹੈ।
ਇਸ ਮੌਕੇ ਡਾ. ਤ੍ਰਿਪਤ ਕੁਮਾਰ, ਬਾਗਬਾਨੀ ਵਿਕਾਸ ਅਫ਼ਸਰ (ਪਲਾਂਟ ਪੈਥੋਲੋਜ਼ੀ) ਨੇ ਦੱਸਿਆ ਕਿ ਰੋਗ ਰਹਿਤ ਸਬਜ਼ੀਆਂ ਦੇ ਬੀਜ ਤਿਆਰ ਕਰਨ, ਖੁਲ੍ਹੇ ਖੇਤਾਂ ਅਤੇ ਪੌਲੀ ਹਾਊਸਾਂ ਵਿੱਚ ਸਬਜ਼ੀਆਂ ਦੀ ਪੈਦਾਵਾਰ ਅਤੇ ਫ਼ਸਲਾਂ ਦੀ ਕਟਾਈ ਤੋਂ ਬਾਅਦ ਸੁਚੱਜੇ ਪ੍ਰਬੰਧਨ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਇਸ ਦੌਰੇ ਦਾ ਮੰਤਵ ਇੰਡੋ-ਇਜ਼ਰਾਇਲ ਸੈਂਟਰ ਆਫ਼ ਐਕਸੀਲੈਂਸ ਦੀ ਤਰਜ਼ ’ਤੇ ਇੰਡੋਨੇਸ਼ੀਆ ਵਿੱਚ ਨਵਾਂ ਸੈਂਟਰ ਸਥਾਪਿਤ ਕਰਨਾ ਹੈ। ਇਸ ਮੌਕੇ ਸੈਂਟਰ ਆਫ਼ ਐਕਸੀਲੈਂਸ ਫਾਰ ਵੈਜੀਟੇਬਲ ਦੀ ਸਮੁੱਚੀ ਟੀਮ ਵੀ ਹਾਜ਼ਰ ਸੀ।
—————–
- +91 99148 68600
- info@livepunjabnews.com