ਜਲੰਧਰ, 1 ਫਰਵਰੀ : ਖੇਤਰੀ ਦਫ਼ਤਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਚਾਇਨਾ ਡੋਰ ਦੀ ਵਿਕਰੀ, ਵਰਤੋਂ ਅਤੇ ਭੰਡਾਰਨ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਤਹਿਤ ਸ਼ਹਿਰ ਵਿੱਚ ਡੋਰ ਤੇ ਪਤੰਗ ਵੇਚਣ ਵਾਲੇ ਦੁਕਾਨਦਾਰਾਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਤੋਂ ਇਲਾਵਾ ਲੋਕਾਂ ਨੂੰ ਚਾਇਨਾ ਡੋਰ ਦੀ ਵਰਤੋਂ ਦੇ ਖਤਰਿਆਂ ਬਾਰੇ ਜਾਗੂਰਕ ਵੀ ਕੀਤਾ ਗਿਆ।
ਪੀ.ਪੀ.ਸੀ.ਬੀ. ਜਲੰਧਰ ਦੇ ਐਕਸੀਅਨ ਇੰਜ. ਸੰਦੀਪ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਸੰਤ ਪੰਚਮੀ ਦੇ ਤਿਉਹਾਰ ਦੇ ਮੱਦੇਨਜ਼ਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜਲੰਧਰ ਵਿੱਚ ਪਾਬੰਦੀਸ਼ੁਦਾ ਚਾਇਨਾ ਡੋਰ ਦੀ ਵਿਕਰੀ, ਭੰਡਾਰਨ ਅਤੇ ਵਰਤੋਂ ਖਿਲਾਫ਼ ਚਲਾਈ ਗਈ ਇਸ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਜਲੰਧਰ ਸ਼ਹਿਰ ਵਿਖੇ ਡੋਰ ਤੇ ਪਤੰਗ ਵੇਚਣ ਵਾਲੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ ਦੁਕਾਨਦਾਰ ਸਿਰਫ਼ ਸੂਤੀ ਧਾਗੇ ਦੀ ਡੋਰ ਵੇਚਦੇ ਪਾਏ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਲੋਕਾਂ ਨੂੰ ਪਾਬੰਦੀਸ਼ੁਦਾ ਚਾਇਨਾ ਡੋਰ ਦੇ ਖਤਰਿਆਂ ਤੋਂ ਜਾਣੂ ਕਰਵਾਉਣ ਲਈ ਦਫ਼ਤਰ ਵੱਲੋਂ ਪ੍ਰਮੁੱਖ ਅਖ਼ਬਾਰਾਂ ਦੇ ਵੈਂਡਰਾਂ ਜ਼ਰੀਏ ਸਵੇਰ ਸਮੇਂ ਪੈਂਫਲੈੱਟਾਂ ਦੀ ਵੰਡ ਕਰਨ ਤੋਂ ਇਲਾਵਾ ਜਲੰਧਰ ਸ਼ਹਿਰ, ਕਰਤਾਰਪੁਰ, ਭੋਗਪੁਰ ਅਤੇ ਆਦਮਪੁਰ ਵਿਖੇ ਪ੍ਰਮੁੱਖ ਸਥਾਨਾਂ ਖਾਸ ਕਰ ਸਕੂਲਾਂ ਨੇੜੇ ਅਜਿਹੇ ਜਾਗਰੂਕਤਾ ਪੈਂਫਲੈੱਟ ਚਿਪਕਾਏ ਵੀ ਗਏ। ਉਨ੍ਹਾਂ ਦੱਸਿਆ ਕਿ ਚਾਇਨਾ ਡੋਰ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਕੂਲਾਂ ਵਿੱਚ ਵਿਸ਼ੇਸ਼ ਭਾਸ਼ਣ ਵੀ ਕਰਵਾਏ ਗਏ ਤਾਂ ਜੋ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਸਕੇ।
ਐਕਸੀਅਨ ਸੰਦੀਪ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਚਾਇਨਾ ਡੋਰ ਦੀ ਵਿਕਰੀ, ਖ਼ਰੀਦ, ਨਿਰਮਾਣ, ਭੰਡਾਰਨ ਅਤੇ ਵਰਤੋਂ ’ਤੇ ਮੁਕੰਮਲ ਪਾਬੰਦੀ ਲਗਾਈ ਹੋਈ ਹੈ। ਇਸ ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਵਾਤਾਵਰਣ ਸੁਰੱਖਿਆ ਐਕਟ ਦੀ ਧਾਰਾ 15 ਤਹਿਤ ਮੁਕੱਦਮਾ ਚਲਾਇਆ ਜਾਵੇਗਾ, ਜਿਸ ਤਹਿਤ 5 ਸਾਲ ਤੱਕ ਦੀ ਕੈਦ, ਇਕ ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਵੀ ਹੋ ਸਕਦੇ ਹਨ।