ਜਲੰਧਰ, 10 ਜੁਲਾਈ : ਮਹਿਲਾ ਸਸ਼ਕਤੀਕਰਨ ਲਈ ਨਵੀਂ ਪਹਿਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ਵਿੱਚ ਲੜਕੀਆਂ ਲਈ ਸਵੈ-ਰੱਖਿਆ ਅਤੇ ਮੁਫ਼ਤ ਕੋਚਿੰਗ ਕਲਾਸਾਂ ਦੇ ਨਵੇਂ ਬੈਚ ਸ਼ੁਰੂ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਹੋਰ ਪਹਿਲਕਦਮੀਆਂ ਤੋਂ ਇਲਾਵਾ ਜਲੰਧਰ ਪ੍ਰਸ਼ਾਸਨ ਵੱਲੋਂ ਲੜਕੀਆਂ ਲਈ ਸਵੈ-ਰੱਖਿਆ ਸਿਖ਼ਲਾਈ ਅਤੇ ਕੋਚਿੰਗ ਕਲਾਸਾਂ ਲਈ ਨਵੇਂ ਬੈਚ ਸ਼ੁਰੂ ਕੀਤੇ ਜਾਣਗੇ।
ਡਾ. ਅਗਰਵਾਲ ਨੇ ਲੜਕੀਆਂ ਵਿੱਚ ਸਵੈ-ਰੱਖਿਆ ਅਤੇ ਆਤਮਵਿਸ਼ਵਾਸ ਦੀ ਮਹੱਤਤਾ ‘ਤੇ ਜ਼ੋਰ ਦਿੱਤਾ, ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਸਿਖਲਾਈ ਸ਼ੁਰੂ ਕੀਤੀ ਜਾ ਰਹੀ ਹੈ। ਸਿਖਲਾਈ ਦੌਰਾਨ ਸਵੈ-ਰੱਖਿਆ ਲਈ ਜ਼ਰੂਰੀ ਤਕਨੀਕਾਂ ਸਿਖਾਈਆਂ ਜਾਣਗੀਆਂ, ਜਿਸ ਨਾਲ ਵਿਦਿਆਰਥਣਾਂ ਸੁਰੱਖਿਅਤ ਰਹਿ ਸਕਣਗੀਆਂ ਅਤੇ ਕਿਸੇ ਵੀ ਸਥਿਤੀ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਤੀਕਿਰਿਆ ਦੇ ਸਕਣਗੀਆਂ।
ਡਿਪਟੀ ਕਮਿਸ਼ਨਰ ਨੇ 12ਵੀਂ ਕਲਾਸ ਤੋਂ ਬਾਅਦ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਲੜਕੀਆਂ ਲਈ ਮੁਫ਼ਤ ਕੋਚਿੰਗ ਕਲਾਸਾਂ ਸ਼ੁਰੂ ਕਰਨ ਲਈ ਵੀ ਕਿਹਾ।
ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੜਕੀਆਂ ਦੀ ਭਲਾਈ ਅਤੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਸ਼ਾਹਕੋਟ ਬਲਾਕ ਦੇ 30 ਪਿੰਡਾਂ ਵਿੱਚ ਲੜਕੀਆਂ ਵਿੱਚ ਅਨੀਮੀਆ ਦੀ ਰੋਕਥਾਮ ਲਈ ਹੀਮੋਗਲੋਬਿਨ ਦੀ ਜਾਂਚ ਲਈ ਇੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ ਸੀ, ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।
ਲੜਕੀਆਂ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੂੰ ਸੁਰੱਖਿਆ, ਬਿਹਤਰ ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦਹੁਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਲੜਕੀਆਂ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ।
