ਜਲੰਧਰ, 21 ਅਗਸਤ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਅੱਜ ਪੰਜ-ਆਬ ਗਰੁੱਪ ਦੀਆਂ ਮਹਿਲਾ ਬਾਈਕਰ ਵਲੋਂ ‘ਰਾਈਡ ਫਾਰ ਪੀਸ’ ਵਿਸ਼ੇ ’ਤੇ ਸ਼ੁਰੂ ਕੀਤੀ ਮੁਹਿੰਮ ਸਫ਼ਲਤਾਪੂਰਵਕ ਮੁਕੰਮਲ ਹੋਣ ਉਪਰੰਤ ਵਾਪਿਸ ਆਉਣ ’ਤੇ ਸਵਾਗਤ ਕੀਤਾ ਗਿਆ। ਇਹਨਾਂ ਸਾਹਸੀ ਮਹਿਲਾਵਾਂ ਵਲੋਂ ਆਜ਼ਾਦੀ ਦਿਹਾੜੇ ਮੌਕੇ ਦੇਸ਼ ਭਗਤੀ, ਸ਼ਾਂਤੀ ਅਤੇ ਨਸ਼ਾ ਮੁਕਤ ਸਮਾਜ ਦਾ ਸੁਨੇਹਾ ਪਹੁੰਚਾਉਣ ਲਈ ਇਸ ਨਿਵੇਕਲੀ ਪਹਿਲ ਦੀ ਸ਼ੁਰੂਆਤ ਕੀਤੀ ਗਈ ਸੀ।
ਡਿਪਟੀ ਕਮਿਸ਼ਨਰ ਨੇ ਫਾਊਂਡਰ ਅੰਬੀਕਾ ਸੋਨੀਆ ਦੀ ਅਗਵਾਈ ਵਾਲੇ ਇਸ ਸੱਤ ਮੈਂਬਰੀ ਗਰੁੱਪ ਨੂੰ 12 ਅਗਸਤ ਨੂੰ ਰਵਾਨਾ ਕੀਤਾ ਸੀ।
ਆਪਣੀ ਯਾਤਰਾ ਦੌਰਾਨ ਉਨ੍ਹਾਂ ਵਲੋਂ ਅਟਾਰੀ, ਹੂਸੈਨੀਵਾਲੀ, ਫਾਜ਼ਿਲਕਾ, ਸ੍ਰੀ ਗੰਗਾ ਨਗਰ, ਬੀਕਾਨੇਰ, ਪੋਖਰਣ, ਜੈਸਲਮੇਰ ਅਤੇ ਲੌਂਗੇਵਾਲਾ ਵਿਖੇ ਭਾਰਤ ਦੇ ਬਹਾਦਰ ਸੈਨਿਕਾਂ ਦੇ ਸਨਮਾਨ ਅਤੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਲਈ ਤਿਰੰਗਾ ਝੰਡਾ ਲਹਿਰਾਇਆ ਗਿਆ।
ਵਾਪਸੀ ਉਪਰੰਤ ਮਹਿਲਾ ਰਾਈਡਰਾਂ ਨੇ ਆਪਣੀ ਯਾਤਰਾ ਦੇ ਤਜਰਬਿਆਂ ਨੂੰ ਡਿਪਟੀ ਕਮਿਸ਼ਨਰ ਨਾਲ ਸਾਂਝਾ ਵੀ ਕੀਤਾ।
ਡਾ. ਅਗਰਵਾਲ ਵਲੋਂ ਮਹਿਲਾਵਾਂ ਦੇ ਹੌਸਲੇ ਅਤੇ ਦ੍ਰਿੜ ਜ਼ਜਬੇ ਦੀ ਭਰਪੂਰ ਪ੍ਰਸੰਸ਼ਾ ਕੀਤੀ ਗਈ। ਉਨ੍ਹਾਂ ਕਿਹਾ ਕਿ ਮਹਿਲਾ ਰਾਈਡਰਾਂ ਵਲੋਂ ਦਿਖਾਇਆ ਗਿਆ ਇਹ ਉਤਸ਼ਾਹ ਦੇਸ਼ ਭਗਤੀ ਅਤੇ ਮਹਿਲਾ ਸਸ਼ਕਤੀਕਰਨ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇਤਿਹਾਸਿਕ ਅਤੇ ਸਰਹੱਦੀ ਥਾਵਾਂ ’ਤੇ ਤਿਰੰਗਾ ਝੰਡਾ ਲਹਿਰਾ ਕੇ ਇਨ੍ਹਾਂ ਵਲੋਂ ਏਕਤਾ, ਸ਼ਾਂਤੀ ਅਤੇ ਨਸ਼ਿਆਂ ਖਿਲਾਫ਼ ਡੱਟ ਕੇ ਖੜ੍ਹਨ ਦਾ ਮਜ਼ਬੂਤ ਸੁਨੇਹਾ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਨਸ਼ਿਆਂ ਦੀ ਲਾਹਨਤ ਨੂੰ ਜੜ੍ਹ ਤੋਂ ਖ਼ਤਮ ਕਰਨ ਅਤੇ ਮਹਿਲਾਵਾਂ ਨੂੰ ਹਰ ਪਖੋਂ ਮਜ਼ਬੂਤ ਬਣਾਉਣ ਲਈ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਮਹਿਲਾਵਾਂ ਅਜਿਹੀਆ ਮੁਹਿੰਮਾਂ ਦੀ ਅਗਵਾਈ ਕਰਦੀਆਂ ਹਨ ਤਾਂ ਅਜਿਹਾ ਸਮਾਜਿਕ ਜਾਗਰੂਕਤਾ ਵਾਲਾ ਸੁਨੇਹਾ ਹੋਰ ਵੀ ਮਜ਼ਬੂਤ ਅਤੇ ਪ੍ਰੇਰਣਾਦਾਇਕ ਬਣ ਜਾਂਦਾ ਹੈ।
ਫਾਊਂਡਰ ਅੰਬੀਕਾ ਸੋਨੀਆ ਨੇ ਕਿਹਾ ਕਿ ਇਹ ਦੌਰਾ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਬਹਾਦਰ ਸੈਨਿਕਾਂ ਅਤੇ ਨਸ਼ਾ ਮੁਕਤ ਪੰਜਾਬ ਨੂੰ ਸਮਰਪਿਤ ਸੀ।
——————
