ਕਾਂਗਰਸ ਪੰਜਾਬ ਭਰ ਵਿੱਚ ਸਿਸੋਦੀਆ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਏਗੀ

ਮਾਲੇਰਕੋਟਲਾ, 24 ਅਗਸਤ: ਪੰਜਾਬ ਕਾਂਗਰਸ ਦੇ ਵਰਕਰ ਆਮ ਆਦਮੀ ਆਗੂ ਮਨੀਸ਼ ਸਿਸੋਦੀਆ ਵੱਲੋਂ ਹਾਲ ਹੀ ਵਿੱਚ ਪੰਜਾਬ ਵਿੱਚ ਦਿੱਤੇ ਗਏ ਭੜਕਾਊ ਭਾਸ਼ਣ ਲਈ ਸੂਬੇ ਭਰ ਵਿੱਚ ਸ਼ਿਕਾਇਤਾਂ ਦਰਜ ਕਰਵਾਉਣਗੇ, ਜਿੱਥੇ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ 2027 ਦੀਆਂ ਚੋਣਾਂ ਕਿਸੇ ਵੀ ਤਰ੍ਹਾਂ ਜਿੱਤੇਗੀ।

ਇੱਥੇ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਦੇ ਘਰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਵਿੱਚ ਸਿਸੋਦੀਆ ਦੇ ਭਾਸ਼ਣ ਨੇ ਸਪੱਸ਼ਟ ਕਰ ਦਿੱਤਾ ਹੈ ਕਿ ‘ਆਪ’ ਸਰਕਾਰ 2027 ਦੀਆਂ ਚੋਣਾਂ ਜਿੱਤਣ ਦੀ ਕੋਸ਼ਿਸ਼ ਹੇਠ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ।

ਇਸ ਤੋਂ ਪਹਿਲਾਂ, ਵੜਿੰਗ, ਬਾਜਵਾ ਅਤੇ ਸ੍ਰੀਮਤੀ ਸੁਲਤਾਨਾ ਪਿੰਡ ਮਾਣਕਵਾਲ ਦੇ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣ ਗਏ। ਇਹ ਸਾਰੇ ਪੀੜਤ ਮਾਤਾ ਨੈਣਾ ਦੇਵੀ ਤੋਂ ਵਾਪਸ ਜਾ ਰਹੇ ਸਨ, ਜਦੋਂ ਉਨ੍ਹਾਂ ਨਾਲ ਹਾਦਸਾ ਹੋਇਆ।  ਜਿਸ ਬਾਰੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਹੁਣ ਤੱਕ ਕੋਈ ਵੀ ਸਰਕਾਰੀ ਅਧਿਕਾਰੀ, ਮੰਤਰੀ ਜਾਂ ਸੰਸਦ ਮੈਂਬਰ ਇਨ੍ਹਾਂ ਨੂੰ ਮਿਲਣ ਨਹੀਂ ਆਇਆ ਅਤੇ ਨਾ ਹੀ ਇਨ੍ਹਾਂ ਨੂੰ ਕੋਈ ਮੁਆਵਜ਼ਾ ਦਿੱਤਾ ਗਿਆ ਹੈ।

ਉਨ੍ਹਾਂ ਨੇ ਪੀੜਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ, ਕਿਉਂਕਿ ਇਹ ਸਾਰੇ ਕਮਜ਼ੋਰ ਆਰਥਿਕ ਪਿਛੋਕੜ ਨਾਲ ਸਬੰਧਤ ਹਨ।

ਇਸ ਦੌਰਾਨ ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਿਸੋਦੀਆ ਦੇ ਬਿਆਨ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਇੰਨ੍ਹਾਂ ਹਾਲਾਤਾਂ ਵਿਚ ਸਾਨੂੰ ਸੂਬੇ ਵਿੱਚ ਹਿੰਸਾ ਅਤੇ ਕਾਨੂੰਨ ਵਿਵਸਥਾ ਦੇ ਹੋਰ ਵਿਗੜਨ ਦਾ ਖਦਸ਼ਾ ਹੈ, ਜਿਸਨੂੰ ਪਹਿਲਾਂ ਹੀ ਸੂਬੇ ਭਰ ਵਿੱਚ ਗੈਂਗਸਟਰਾਂ ਨੇ ਵਿਗਾੜ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਦੁਪਹਿਰ 12 ਵਜੇ ਕਾਂਗਰਸੀ ਵਰਕਰ ਸਿਸੋਦੀਆ ਦੀਆਂ ਟਿੱਪਣੀਆਂ ਵਿਰੁੱਧ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਇੱਕ ਮੰਗ ਪੱਤਰ ਸੌਂਪਣਗੇ ਅਤੇ ਨਾਲ ਹੀ ਸਬੰਧਤ ਐਸ.ਐਸ.ਪੀਜ਼ ਕੋਲ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਲਈ ਸ਼ਿਕਾਇਤ ਵੀ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਿਸੋਦੀਆ ਦੁਆਰਾ ਸੁਝਾਏ ਗਏ ਹਿੰਸਾ ਦੇ ਇੱਕ ਹੋਰ ਪੜਾਅ ਨੂੰ ਬਰਦਾਸ਼ਤ ਨਹੀਂ ਕਰ ਸਕਦਾ।

ਇਸੇ ਤਰ੍ਹਾਂ, ਕਾਂਗਰਸ ਵਿੱਚ ਕਥਿਤ ਧੜੇਬੰਦੀ ਬਾਰੇ ਇੱਕ ਸਵਾਲ ਦੇ ਜਵਾਬ ਉਪਰ, ਸੂਬਾ ਕਾਂਗਰਸ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਪਾਰਟੀ ਵਿੱਚ ਕੋਈ ਧੜੇਬੰਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਹਰੇਕ ਆਗੂ ਨੇ ਵਾਰ-ਵਾਰ ਸਪੱਸ਼ਟ ਕੀਤਾ ਹੈ ਕਿ ਉਹ ਮੁੱਖ ਮੰਤਰੀ ਦੇ ਮੁੱਦੇ ‘ਤੇ ਹਾਈ ਕਮਾਂਡ ਦੇ ਫੈਸਲੇ ਦੀ ਪਾਲਣਾ ਕਰੇਗਾ।

ਉਨ੍ਹਾਂ ਕਿਹਾ ਕਿ ਕੁਝ ਛੋਟੇ-ਮੋਟੇ ਮਤਭੇਦ ਹੋ ਸਕਦੇ ਹਨ, ਜੋ ਕਿ ਹਰ ਪਾਰਟੀ ਬਾਰੇ ਇੱਕ ਹਕੀਕਤ ਹੈ। ਇਸ ਲੜੀ ਹੇਠ, ਉਨ੍ਹਾਂ ਪੁੱਛਿਆ ਕਿ ਕੀ ‘ਆਪ’ ਅਤੇ ਭਾਜਪਾ ਦੇ ਅੰਦਰ ਕੋਈ ਮਤਭੇਦ ਨਹੀਂ ਹਨ? ਉਨ੍ਹਾਂ ਇਹ ਸੁਝਾਅ ਦਿੱਤਾ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੰਤਰੀ ਅਮਨ ਅਰੋੜਾ ਦੋਵੇਂ ਮੁੱਖ ਮੰਤਰੀ ਦੇ ਉਮੀਦਵਾਰ ਹਨ। ਇਸੇ ਤਰ੍ਹਾਂ, ਭਾਜਪਾ ਵਿੱਚ ਵੀ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਿੱਚ ਵੀ ਮਤਭੇਦ ਸਨ।

ਜਦਕਿ ਪਾਰਟੀ ਵੱਲੋਂ ਟਿਕਟਾਂ ਜਾਰੀ ਕਰਨ ਬਾਰੇ, ਵੜਿੰਗ ਨੇ ਕਿਹਾ ਕਿ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨ ਲਈ ਜਿੱਤਣ ਦੀ ਯੋਗਤਾ ਮੁੱਖ ਅਧਾਰ ਹੋਵੇਗੀ। ਇਸ ਦੌਰਾਨ ਟਿਕਟਾਂ ਅਲਾਟ ਕਰਨ ਵਿੱਚ ਕੋਈ ਪਸੰਦ ਅਤੇ ਪੱਖਪਾਤ ਨਹੀਂ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਟਿਕਟਾਂ ਦੀ ਵੰਡ ਆਗੂਆਂ ਦੀਆਂ ਨਿੱਜੀ ਪਸੰਦਾਂ ਅਤੇ ਪੱਖਪਾਤਾਂ ਤੋਂ ਪ੍ਰਭਾਵਿਤ ਨਹੀਂ ਹੋਵੇਗੀ, ਸਗੋਂ ਉਮੀਦਵਾਰਾਂ ਦੀ ਚੋਣਾਂ ਜਿੱਤਣ ਦੀ ਸਮਰੱਥਾ ਤੋਂ ਪ੍ਰਭਾਵਿਤ ਹੋਵੇਗੀ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top