ਚੰਡੀਗੜ੍ਹ, 26 ਅਗਸਤ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਹੜ੍ਹ ਪ੍ਰਭਾਵਿਤ ਸੂਬੇ ਨੂੰ ਕਿਸਮਤ ਸਹਾਰੇ ਛੱਡ ਕੇ ਦੱਖਣ ਵੱਲ ਤਾਮਿਲਨਾਡੂ ਦੇ ਚੇਨਈ ਵਿਚ ਉਥੋਂ ਦੇ ਸਕੂਲੀ ਬੱਚਿਆਂ ਲਈ ਨਾਸ਼ਤਾ ਸਕੀਮ ਦੇ ਉਦਘਾਟਨ ਲਈ ਉਡਾਣ ਭਰਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਲੋਚਨਾ ਕੀਤੀ ਹੈ।
ਵੜਿੰਗ ਨੇ ਮੁੱਖ ਮੰਤਰੀ ਦੀ ਅੱਜ ਦੀ ਤਾਮਿਲਨਾਡੂ ਫੇਰੀ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਕਿਹਾ ਕਿ ਪੰਜਾਬ ਵਿੱਚ ਭਾਰੀ ਹੜ੍ਹਾਂ ਕਾਰਨ ਪੈਦਾ ਹੋਈ ਐਮਰਜੈਂਸੀ ਦੀ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਲਈ ਇਹ ਜ਼ਰੂਰੀ ਹੈ ਕਿ ਉਹ ਹਾਲਾਤਾਂ ਉੱਪਰ ਨਿੱਜੀ ਤੌਰ ‘ਤੇ ਨਿਗਰਾਨੀ ਰੱਖਣ।
ਉਨ੍ਹਾਂ ਨੇ ਅਫ਼ਸੋਸ ਪ੍ਰਗਟਾਇਆ ਕਿ ਮੁੱਖ ਮੰਤਰੀ ਨੇ ਤਾਮਿਲਨਾਡੂ ਵਿੱਚ ਉਥੋਂ ਦੇ ਸਕੂਲੀ ਬੱਚਿਆਂ ਲਈ ਨਾਸ਼ਤਾ ਯੋਜਨਾ ਦੇ ਉਦਘਾਟਨ ਲਈ ਮੌਜੂਦ ਰਹਿਣ ਦਾ ਫੈਸਲਾ ਕੀਤਾ। ਜਦਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੇ ਸਾਰੇ ਰੁਝੇਵੇਂ ਰੱਦ ਕਰਕੇ ਸੂਬੇ ਅੰਦਰ ਹੜ੍ਹਾਂ ਉੱਪਰ ਕੰਟਰੋਲ ਅਤੇ ਬਚਾਅ ਕਾਰਜਾਂ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਸੀ।
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਭਾਰੀ ਬਰਸਾਤ ਦੀ ਚੇਤਾਵਨੀ ਵਿਚਾਲੇ ਕੋਈ ਤਿਆਰੀਆਂ ਨਾ ਕਰਕੇ ਆਪ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਫੇਲ੍ਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਪੰਜਾਬ ਭਰ ਤੇ ਖਾਸ ਕਰਕੇ ਸਤਲੁਜ ਅਤੇ ਬਿਆਸ ਦੇ ਕੰਢਿਆਂ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਖਦਸ਼ੇ ਨਾਲੋਂ ਵੱਧ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਹ ਸਿਆਸਤ ਕਰਨ ਦਾ ਸਮਾਂ ਨਹੀਂ ਹੈ, ਲੇਕਿਨ ਇਸਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਅਤੇ ਇਸ ਦੁਆਰਾ ਚਲਾਏ ਜਾਣ ਵਾਲੇ ਪ੍ਰਸ਼ਾਸਨ ਜਵਾਬਦੇਹ ਨਹੀਂ ਬਣਾਇਆ ਜਾਵੇ।
ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਸਰਕਾਰ ਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ। ਹਾਲਾਂਕਿ ਹੜ੍ਹਾਂ ਦੀ ਪਹਿਲਾਂ ਤੋਂ ਤਿਆਰੀ ਕਰਨਾ ਕਿਸੇ ਵੀ ਸਰਕਾਰ ਦਾ ਮਿਆਰੀ ਨਿਯਮ ਹੈ ਅਤੇ ‘ਆਪ’ ਸਰਕਾਰ ਇਸ ਮਿਆਰੀ ਅਭਿਆਸ ਵਿੱਚ ਵੀ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਚੀਜ਼ ਵਾਂਗ, ਇਹ ਸਰਕਾਰ ਹੜ੍ਹਾਂ ਕਾਰਨ ਹੋਏ ਵੱਡੇ ਨੁਕਸਾਨ ਨੂੰ ਰੋਕਣ ਵਿੱਚ ਪੰਜਾਬੀਆਂ ਦੀ ਮਦਦ ਕਰਨ ਵਿੱਚ ਅਸਫਲ ਰਹੀ ਹੈ।
ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਆਮ ਨਾਲੋਂ ਵੱਧ ਮਾਨਸੂਨ ਦੀ ਬਰਸਾਤ ਹੋਣ ਦੇ ਭਵਿੱਖਬਾਣੀ ਕੀਤੀ ਗਈ ਸੀ। ਲੇਕਿਨ ਸਰਕਾਰ ਅਤੇ ਨੌਕਰਸ਼ਾਹੀ ਧਿਆਨ ਦੇਣ ਵਿੱਚ ਅਸਫਲ ਰਹੇ ਅਤੇ ਸਾਫ ਤੌਰ ‘ਤੇ ਹਾਲਾਤਾਂ ਤੋਂ ਬੇਖ਼ਬਰ ਹੋ ਗਏ। ਉਨ੍ਹਾਂ ਕਿਹਾ ਕਿ ਉਮੀਦ ਕੀਤੀ ਜਾ ਸਕਦੀ ਸੀ ਕਿ ਘੱਟੋ ਘੱਟ ਹੁਣ, ਸਰਕਾਰ ਨੀਂਦ ਤੋਂ ਜਾਗਦੀ ਅਤੇ ਰਾਹਤ ਲਈ ਉਪਾਅ ਕਰਦੀ।
ਉਨ੍ਹਾਂ ਉਮੀਦ ਪ੍ਰਗਟਾਈ ਕਿ ਮੁੱਖ ਮੰਤਰੀ ਮਾਨ ਤਾਮਿਲਨਾਡੂ ਦੇ ਆਪਣੇ ਦੌਰੇ ਨੂੰ ਛੋਟਾ ਕਰਕੇ ਪੰਜਾਬ ਵਾਪਸ ਪਰਤਣਗੇ।
