ਫਿਰੋਜ਼ਪੁਰ, 29 ਅਗਸਤ: ਪੰਜਾਬ ਦੇ ਮੁੱਖ ਹਿੱਸਿਆਂ ਵਿੱਚ ਹੜ੍ਹਾਂ ਕਾਰਨ ਹੋਈ ਤਬਾਹੀ ਨੂੰ “ਮਨੁੱਖ ਦੁਆਰਾ ਬਣਾਈ ਆਫ਼ਤ” ਕਰਾਰ ਦਿੰਦਿਆਂ ਆਪਣਾ ਦੋਸ਼ ਇੱਕ ਵਾਰ ਫਿਰ ਤੋਂ ਦੋਹਰਾਉਂਦੇ ਹੋਏ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਦੋਹਰਾ ਅਸਫਲ ਕੀਤਾ ਹੈ। ਜਿਸਨੇ ਪਹਿਲਾਂ ਰੋਕਥਾਮ ਤੇ ਸਾਵਧਾਨੀ ਦੇ ਉਪਾਅ ਨਹੀਂ ਕੀਤੇ ਅਤੇ ਫਿਰ ਹੜ੍ਹ ਪੀੜਤਾਂ ਲਈ ਰਾਹਤ ਤੇ ਪੁਨਰਵਾਸ ਦਾ ਪ੍ਰਬੰਧ ਨਹੀਂ ਕੀਤਾ।
ਵੜਿੰਗ ਨੇ ਅੱਜ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਫਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਪਿੰਕੀ ਤੇ ਹੋਰ ਵੀ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਸਥਿਤੀ ਮੰਗ ਕਰਦੀ ਹੈ ਕਿ ਪੂਰੀ ਸਰਕਾਰ ਨੂੰ ਸੁਚੇਤ ਅਤੇ ਸਰਗਰਮ ਹੋ ਕੇ ਲੋਕਾਂ ਦੇ ਵਿਚਕਾਰ ਰਹਿਣਾ ਚਾਹੀਦਾ ਹੈ।
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਹਿੰਦੇ ਹੋਏ ਦੁੱਖ ਹੋ ਰਿਹਾ ਹੈ ਕਿ ਸਰਕਾਰ ਨੂੰ ਨੀਂਦ ਤੋਂ ਜਾਗਣ ਵਿੱਚ ਦਿਨ ਲੱਗ ਗਏ, ਲੇਕਿਨ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਸੂਬੇ ਦੇ ਵੱਡੇ ਹਿੱਸੇ ਪਹਿਲਾਂ ਹੀ ਹੜ੍ਹਾਂ ਦੇ ਪਾਣੀ ਹੇਠ ਸਨ।
ਉਨ੍ਹਾਂ ਕਿਹਾ ਕਿ ਜ਼ਿੰਮੇਵਾਰੀ ਹਮੇਸ਼ਾ ਸਰਕਾਰ ਦੀ ਹੁੰਦੀ ਹੈ। ਜਦਕਿ ਵਿਰੋਧੀ ਧਿਰ ਸਿਰਫ ਸਰਕਾਰ ਨੂੰ ਜਗਾਉਣ ਲਈ ਲੋਕਾਂ ਦੀ ਆਵਾਜ਼ ਉਠਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰ ਤੇ ਵਿਧਾਇਕ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਹੜ੍ਹਾਂ ਤੋਂ ਰਾਹਤ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ/ਪੈਨਸ਼ਨ ਜਮ੍ਹਾਂ ਕਰਾਉਣਗੇ।
ਇਸ ਦੌਰਾਨ ਵੜਿੰਗ ਨੇ ਪੱਤਰਕਾਰਾਂ ਨਾਲ ਸਹਿਮਤੀ ਪ੍ਰਗਟਾਈ ਕਿ ਹੜ੍ਹਾਂ ਤੋਂ ਬੱਚਣ ਲਈ ਇੱਕ ਲੰਬੇ ਸਮੇਂ ਦੇ ਅਤੇ ਸਥਾਈ ਹੱਲ ਦੀ ਲੋੜ ਹੈ, ਜਿਸ ਲਈ ਸਰਕਾਰਾਂ ਨੂੰ ਇੱਕ ਰਣਨੀਤੀ ਬਣਾਉਣੀ ਚਾਹੀਦੀ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਉਹ ਪਾਰਟੀ ਦੇ ਹੋਰ ਸੰਸਦ ਮੈਂਬਰਾਂ ਨਾਲ ਮਿਲ ਕੇ ਇਸ ਮੁੱਦੇ ਨੂੰ ਕੇਂਦਰੀ ਜਲ ਸ਼ਕਤੀ ਮੰਤਰੀ ਦੇ ਧਿਆਨ ਵਿੱਚ ਲਿਆਉਣ ਲਈ ਉਨ੍ਹਾਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ ਬਹੁਤ ਜਿਆਦਾ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਇਹ ਮਾਮਲਾ ਕੇਂਦਰ ਕੋਲ ਚੁੱਕਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਇਸ ਮਹੱਤਵਪੂਰਨ ਮੁੱਦੇ ਲਈ ਕੇਂਦਰ ਅਤੇ ਸੂਬਾ ਦੋਨਾਂ ਸਰਕਾਰਾਂ ਵਿਚਕਾਰ ਸੰਚਾਰ ਸਥਾਪਤ ਕੀਤਾ ਜਾਣਾ ਚਾਹੀਦਾ ਹੈ।
ਵੜਿੰਗ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸੰਸਦ ਵਿੱਚ ਵੀ ਉਠਾਉਣਗੇ, ਖਾਸ ਕਰਕੇ ਉਨ੍ਹਾਂ ਕਿਸਾਨਾਂ ਬਾਰੇ ਜਿਨ੍ਹਾਂ ਕੋਲ ਜ਼ਮੀਨ ਹੈ, ਪਰ ਉਹ ਇਸ ਜ਼ਮੀਨ ਦੇ ਬਦਲੇ ਬੈਂਕ ਕਰਜ਼ਾ ਵੀ ਨਹੀਂ ਲੈ ਸਕਦੇ, ਕਿਉਂਕਿ ਇਹ ਹੜ੍ਹਾਂ ਦਾ ਸ਼ਿਕਾਰ ਹਨ।
ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਸਰਹੱਦੀ ਖੇਤਰ ਨੂੰ ਰਾਹਤ ਦੀ ਤਰਜ਼ ‘ਤੇ ਅਜਿਹੇ ਕਿਸਾਨਾਂ ਨੂੰ ਕੁਝ ਰਾਹਤ ਪ੍ਰਦਾਨ ਕੀਤੀ ਜਾਵੇਗੀ।
