ਪੰਜਾਬ ਨੂੰ ਤੁਰੰਤ ਹੜ੍ਹ ਰਾਹਤ ਦੀ ਲੋੜ: ਵੜਿੰਗ
ਫਿਰੋਜ਼ਪੁਰ, 13 ਸਤੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪੰਜਾਬ ਨੂੰ ਇਸ ਸਮੇਂ ਕੇਂਦਰ ਤੋਂ ਤੁਰੰਤ ਰਾਹਤ ਦੀ ਲੋੜ ਹੈ ਅਤੇ ਸੂਬੇ ਨੂੰ ਬਿਨਾਂ ਕਿਸੇ ਨਾਂਹ ਨੁੱਕਰ ਤੋਂ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ।
ਇੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਆਪਣੇ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਹਾਂ, ਪੰਜਾਬ ਸਰਕਾਰ ਨੇ ਲਗਭਗ 13,000 ਕਰੋੜ ਰੁਪਏ ਦੇ ਸਟੇਟ ਡਿਜ਼ਾਸਟਰ ਰਿਲੀਫ਼ ਫੰਡ ਦੀ ਦੁਰਵਰਤੋਂ ਕੀਤੀ ਹੈ, ਜਿਸਦੀ ਜਾਂਚ ਹੋਣੀ ਚਾਹੀਦੀ ਹੈ, ਲੇਕਿਨ ਇਸ ਲਈ ਲੋਕਾਂ ਨੂੰ ਦੁੱਖ ਨਹੀਂ ਮਿਲਣਾ ਚਾਹੀਦਾ ਹੈ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਦੋ ਵੱਖਰੀਆਂ ਗੱਲਾਂ ਹਨ। ਇਸ ਵੇਲੇ ਅਸੀਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਇਹ ਨਹੀਂ ਦੱਸ ਸਕਦੇ ਕਿ ਤੁਹਾਡੀ ਸਰਕਾਰ ਨੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ ਅਤੇ ਇਸ ਲਈ ਅਸੀਂ ਤੁਹਾਨੂੰ ਕੁਝ ਨਹੀਂ ਦੇ ਸਕਦੇ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੂਬੇ ਨੂੰ ਘੱਟੋ-ਘੱਟ 25,000 ਕਰੋੜ ਰੁਪਏ ਦਾ ਹੜ੍ਹ ਰਾਹਤ ਪੈਕੇਜ ਪ੍ਰਦਾਨ ਕਰਨ ਸਬੰਧੀ ਆਪਣੀ ਅਪੀਲ ਨੂੰ ਮੁੜ ਤੋਂ ਦੁਹਰਾਇਆ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਲੋਕ “ਸੂਬਾ ਸਰਕਾਰ ਦੀ ਨਾਕਾਬਲਿਅਤ” ਅਤੇ “ਕੇਂਦਰ ਸਰਕਾਰ ਦੀ ਉਦਾਸੀਨਤਾ” ਵਿਚਕਾਰ ਫਸੇ ਹੋਏ ਹਨ। ਉਨ੍ਹਾਂ ਪੁੱਛਿਆ ਕਿ ਜੇਕਰ ਸੂਬੇ ਨੇ ਐਸ.ਡੀ.ਆਰ.ਐਫ. ਦੇ ਪੈਸੇ ਦੀ ਦੁਰਵਰਤੋਂ ਕੀਤੀ ਹੈ, ਤਾਂ ਇਸ ਵਿੱਚ ਆਮ ਲੋਕਾਂ ਦਾ ਕੀ ਕਸੂਰ ਹੈ ਕਿ ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਜਦੋਂ ਉਨ੍ਹਾਂ ਨੂੰ ਰਾਹਤ ਦੀ ਸੱਭ ਤੋਂ ਵੱਧ ਲੋੜ ਹੈ, ਤਾਂ ਉਸ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਖਦਸ਼ਾ ਪ੍ਰਗਟਾਇਆ ਕਿ ਹੋ ਸਕਦਾ ਹੈ ਕਿ ‘ਆਪ’ ਸਰਕਾਰ ਨੇ ਐਸ.ਡੀ.ਆਰ.ਐਫ. ਦੇ ਪੈਸੇ ਨੂੰ ਵੱਡੇ ਇਸ਼ਤਿਹਾਰੀ ਖਰਚਿਆਂ ਜਾਂ ਫਿਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸੂਬੇ ਦੇ ਹੈਲੀਕਾਪਟਰ ਦੀਆਂ ਉਡਾਣਾਂ ਵੱਲ ਵਰਤ ਲਿਆ ਹੋਵੇ।
ਇਸ ਮੌਕੇ ਵੜਿੰਗ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਇਕੱਲੀ ਮੋਦੀ ਸਰਕਾਰ ਨਹੀਂ ਸੀ, ਜਿਸਨੇ ਪੰਜਾਬ ਨੂੰ ਐਸ.ਡੀ.ਆਰ.ਐਫ. ਲਈ ਪੈਸਾ ਮੁਹੱਈਆ ਕਰਵਾਇਆ ਸੀ। ਬਲਕਿ ਹਰ ਕੇਂਦਰ ਸਰਕਾਰ ਇਹ ਸਾਰੇ ਸੂਬਿਆਂ ਦੀਆਂ ਸਰਕਾਰਾਂ ਨੂੰ ਪ੍ਰਦਾਨ ਕਰਦੀ ਹੈ, ਤਾਂ ਜੋ ਉਹ ਕਿਸੇ ਵੀ ਆਫ਼ਤ ਦੀ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣ।
ਉਨ੍ਹਾਂ ਨੇ ਅਫ਼ਸੋਸ ਪ੍ਰਗਟਾਇਆ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਇਸਦੀ ਦੁਰਵਰਤੋਂ ਕੀਤੀ ਹੈ ਅਤੇ ਇਸਨੂੰ ਹੋਰ ਖਰਚਿਆਂ ਲਈ ਵਰਤ ਲਿਆ। ਹਾਲਾਤ ਇਹ ਹਨ ਕਿ ਜਦੋਂ ਲੋਕਾਂ ਨੂੰ ਇਸ ਫੰਡ ਦੀ ਸਭ ਤੋਂ ਵੱਧ ਲੋੜ ਹੈ, ਤਾਂ ਸੂਬੇ ਕੋਲ ਉਨ੍ਹਾਂ ਨੂੰ ਦੇਣ ਲਈ ਪੈਸੇ ਨਹੀਂ ਹਨ। ਇਸ ਲਈ ਰਾਜ ਸਰਕਾਰ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
ਇਸ ਦੌਰਾਨ ਵੜਿੰਗ ਨਾਲ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਸਣੇ ਹੋਰ ਪਤਵੰਤੇ ਸੱਜਣ ਵੀ ਸਨ।

















































