ਚੰਡੀਗੜ੍ਹ, 22 ਸਤੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਨਿੰਦਾ ਕਰਦਿਆਂ ਆਰੋਪ ਲਗਾਇਆ ਹੈ ਕਿ ਉਹ ਕੇਂਦਰ ਦੀ ਭਾਜਪਾ ਸਰਕਾਰ ਦੇ ਦਬਾਅ ਅੱਗੇ ਝੁਕ ਗਈ ਹੈ, ਜਿਸਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਪ੍ਰੋਗਰਾਮ ਦੇ ਗਿਆਰਾਂ ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਮੁਫ਼ਤ ਕਣਕ ਤੋਂ ਬਾਹਰ ਰੱਖਿਆ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਵੜਿੰਗ ਨੇ ਸੂਬਾ ਸਰਕਾਰ ਦੇ ਕਦਮ ਉੱਪਰ ਨਰਾਜਗੀ ਜਾਹਿਰ ਕੀਤੀ ਹੈ, ਜਿਸਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਉਹ ਇੱਕ ਵੀ ਲਾਭਪਾਤਰੀ ਨੂੰ ਇਸ ਯੋਜਨਾ ਤੋਂ ਬਾਹਰ ਨਹੀਂ ਰੱਖੇਗੀ। ਉਹਨਾਂ ਨੇ ਕਿਹਾ ਕਿ ਇਸ ਤੋਂ ਸਾਫ ਨਜ਼ਰ ਆਉਂਦਾ ਹੈ ਕਿ ਮੋਦੀ ਨੇ ਪ੍ਰਸਤਾਵ ਦਿੱਤਾ ਅਤੇ ਮਾਨ ਨੇ ਉਸ ਉੱਪਰ ਅਮਲ ਕਰ ਦਿੱਤਾ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੇ ਇਸ਼ਾਰੇ ‘ਤੇ ਕਿਸਾਨਾਂ ਨੂੰ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਤੋਂ ਹਟਾਉਣ ਲਈ ਉਨ੍ਹਾਂ ਉੱਪਰ ਬੇਰਹਿਮੀ ਨਾਲ ਤਾਕਤ ਦੀ ਵਰਤੋਂ ਕਰਨ ਤੋਂ ਬਾਅਦ, ਹੁਣ ਪੰਜਾਬ ਦੀ ‘ਆਪ’ ਸਰਕਾਰ ਸਮਾਜ ਦੇ ਗਰੀਬਾਂ ਤੇ ਦੱਬੇ-ਕੁਚਲੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਵੜਿੰਗ ਨੇ ਦੋਸ਼ ਲਗਾਇਆ ਕਿ ਇਸ ਪੂਰੇ ਮਾਮਲੇ ਵਿੱਚ ਭਾਜਪਾ ਦਾ ਡੂੰਘਾ ਅਤੇ ਸੋਚਿਆ ਸਮਝਿਆ ਮਨਸੂਬਾ ਲੁੱਕਿਆ ਹੈ, ਕਿਉਂਕਿ ਉਹ ਜਾਣਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਮੁਫ਼ਤ ਕਣਕ ਦਾ ਲਾਭ ਦੇਣ ਤੋਂ ਇਨਕਾਰ ਕਰ ਰਹੀ ਹੈ, ਉਹ ਸਮਾਜ ਦੇ ਦੱਬੇ-ਕੁਚਲੇ ਦਲਿਤ, ਮਜ਼ਦੂਰ ਅਤੇ ਗਰੀਬ ਵਰਗ ਹਨ ਤੇ ਇਹ ਕਦੇ ਵੀ ਭਾਜਪਾ ਨੂੰ ਵੋਟ ਨਹੀਂ ਦਿੰਦੇ।
ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਮਾਜ ਦੇ ਇਸ ਵਰਗ ਨੂੰ ਹਰ ਜਗ੍ਹਾ ਪ੍ਰਤਾੜਤ ਕਰਨ ਅਤੇ ਸਤਾਉਣ ਦੀ ਕੋਸ਼ਿਸ਼ ਕਰਦੀ ਹੈ। ਜਿਹੜੀ ਹੁਣ ਪੰਜਾਬ ਵਿੱਚ ਵੀ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇੱਥੇ ‘ਆਪ’ ਸਰਕਾਰ ਇਸਦੀਂ ਇੱਕ ਸੁਵਿਧਾਜਨਕ ਤੇ ਆਗਿਆਕਾਰੀ ਭਾਈਵਾਲ ਬਣ ਗਈ ਹੈ।

















































