ਚੰਡੀਗੜ੍ਹ, 8 ਨਵੰਬਰ: ਲੋਕ ਸਭਾ ਵਿੱਚ ਵਿਰੋਧੀ ਲੀਡਰ ਦੇ ਲੀਡਰ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ‘ਵੋਟ ਚੋਰ, ਗੱਦੀ ਛੋੜ’ ਮੁਹਿੰਮ ਤਹਿਤ ਪੰਜਾਬ ਕਾਂਗਰਸ ਨੇ ਵੋਟ ਚੋਰੀ ਵਿਰੁੱਧ 26 ਲੱਖ ਤੋਂ ਵੱਧ ਦਸਤਖਤ ਕੀਤੇ ਫਾਰਮ ਭੇਜੇ।
ਇਸ ਦੌਰਾਨ ਸੂਬਾ ਕਾਂਗਰਸ ਮੁੱਖ ਦਫ਼ਤਰ ਤੋਂ 26,30,845 ਦਸਤਖਤ ਕੀਤੇ ਫਾਰਮਾਂ ਵਾਲੇ ਟਰੱਕ ਨੂੰ ਇਥੋਂ ਸੀਨੀਅਰ ਪਾਰਟੀ ਆਗੂਆਂ ਰਵਿੰਦਰ ਦਲਵੀ, ਵਿਜੇ ਇੰਦਰ ਸਿੰਗਲਾ, ਰਣਦੀਪ ਨਾਭਾ, ਪ੍ਰਗਟ ਸਿੰਘ ਅਤੇ ਕੁਲਜੀਤ ਨਾਗਰਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਪੰਜਾਬ ਵਿੱਚ ਦਸਤਖਤ ਮੁਹਿੰਮ ਇੱਕ ਮਹੀਨਾ ਪਹਿਲਾਂ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਸੀ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ, ਕਾਂਗਰਸੀ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਭਾਰਤੀ ਚੋਣ ਕਮਿਸ਼ਨ ਦੀ ਮਿਲੀਭੁਗਤ ਨਾਲ ਕੀਤੀ ਗਈ ‘ਵੋਟ ਚੋਰੀ’ ਵਿਰੁੱਧ ਪੰਜਾਬ ਵਿੱਚ ਪਾਰਟੀ ਵਰਕਰਾਂ ਵੱਲੋਂ ਭਾਰੀ ਹੁੰਗਾਰਾ ਮਿਲਿਆ ਹੈ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਇਹ ਹੁੰਗਾਰਾ ਉਨ੍ਹਾਂ ਦੇ ਟੀਚਿਆਂ ਅਤੇ ਉਮੀਦਾਂ ਤੋਂ ਕਿਤੇ ਵੱਧ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਸਰਕਾਰ ਅਤੇ ਚੋਣ ਕਮਿਸ਼ਨ ਦਾ ਪਰਦਾਫਾਸ਼ ਕਰਨ ਕਰਕੇ ਹਰ ਭਾਰਤ ਵਾਸੀ ਹੁਣ ਜਾਣਦਾ ਹੈ ਕਿ ਭਾਜਪਾ ਕਿਵੇਂ ਜਾਅਲੀ ਵੋਟਾਂ ਨਾਲ ਚੋਣਾਂ ਵਿੱਚ ਹੇਰਾਫੇਰੀ ਕਰ ਰਹੀ ਹੈ ਅਤੇ ਉਨ੍ਹਾਂ ਲੋਕਾਂ ਦੇ ਨਾਂਮ ਵੀ ਹਟਾ ਰਹੀ ਹੈ, ਜਿਨ੍ਹਾਂ ਬਾਰੇ ਉਹ ਸਮਝਦੀ ਹੈ ਕਿ ਇਹ ਭਾਜਪਾ ਨੂੰ ਵੋਟ ਨਹੀਂ ਪਾਉਣਗੇ।
ਸੀਨੀਅਰ ਆਗੂ ਅਤੇ ਏ.ਆਈ.ਸੀ.ਸੀ. ਦੇ ਸੰਯੁਕਤ ਖਜ਼ਾਨਚੀ ਵਿਜੇ ਇੰਦਰ ਸਿੰਗਲਾ ਨੇ ਛੇ ਮਹੀਨਿਆਂ ਦੇ ਅੰਦਰ ਮਹਾਰਾਸ਼ਟਰ ਵਿੱਚ ਵੋਟਾਂ ਦੇ ਵੱਡੇ ਵਾਧੇ ਦਾ ਜ਼ਿਕਰ ਕੀਤਾ, ਜਿਸਨੇ ਸੰਸਦੀ ਤੋਂ ਲੈ ਕੇ ਵਿਧਾਨ ਸਭਾ ਚੋਣਾਂ ਤੱਕ ਚੋਣ ਨਤੀਜਿਆਂ ਨੂੰ ਪੂਰੀ ਤਰ੍ਹਾਂ ਉਲਟਾ ਦਿੱਤਾ ਸੀ।
ਸਿੰਗਲਾ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਹਰਿਆਣਾ ਬਾਰੇ ਕੀਤੇ ਗਏ ਹਾਲ ਹੀ ਦੇ ਵੱਡੇ ਖੁਲਾਸਿਆਂ ਨੇ ਭਾਜਪਾ ਨੂੰ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ ਅਤੇ ਉਸਨੂੰ ਬਚਣ ਲਈ ਕੋਈ ਰਸਤਾ ਨਹੀਂ ਲੱਭ ਰਿਹਾ। ਉਨ੍ਹਾਂ ਕਿਹਾ ਕਿ ਭਾਜਪਾ ਜਾਂ ਭਾਰਤ ਦੇ ਚੋਣ ਕਮਿਸ਼ਨ ਕੋਲ ਰਾਹੁਲ ਗਾਂਧੀ ਵੱਲੋਂ ਕੀਤੇ ਗਏ ਖੁਲਾਸਿਆਂ ਦਾ ਕੋਈ ਠੋਸ ਜਵਾਬ ਜਾਂ ਸਪੱਸ਼ਟੀਕਰਨ ਨਹੀਂ ਹੈ।
ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਮੌਜੂਦਾ ਦਸਤਖਤ ਮੁਹਿੰਮ ਨੇ ਪੰਜਾਬ ਵਿੱਚ ਸੰਭਾਵਿਤ ਵੋਟ ਚੋਰੀ ਅਤੇ ਹੇਰਾਫੇਰੀ ਵਿਰੁੱਧ ਪੰਜਾਬ ਦੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਵੀ ਮਦਦ ਕੀਤੀ ਹੈ।
ਉਨ੍ਹਾਂ ਐਲਾਨ ਕੀਤਾ ਕਿ ਦਸਤਖਤ ਮੁਹਿੰਮ ਤੋਂ ਬਾਅਦ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਵਿੱਚ ਕਿਸੇ ਵੀ ਜਾਅਲੀ ਵੋਟਰ ਨੂੰ ਸ਼ਾਮਲ ਨਾ ਹੋਣ ਦਿੱਤਾ ਜਾਵੇ ਅਤੇ ਕਿਸੇ ਵੀ ਅਸਲੀ ਵੋਟਰ ਨੂੰ ਵੋਟਰ ਸੂਚੀਆਂ ਵਿੱਚੋਂ ਨਾ ਹਟਾਇਆ ਜਾਵੇ।

















































