ਚੰਡੀਗੜ੍ਹ, 14 ਨਵੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪਾਰਟੀ ਨੇ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕੀਤਾ ਹੈ।
ਵੜਿੰਗ ਨੇ ਜ਼ਿਮਨੀ ਚੋਣ ਦੇ ਨਤੀਜਿਆਂ ਉੱਪਰ ਪ੍ਰਤੀਕਿਰਿਆ ਦਿੰਦੇ ਹੋਏ, ਕਿਹਾ ਕਿ ਪਾਰਟੀ ਆਪਣੀ ਹਾਰ ਦੇ ਕਾਰਨਾਂ ਦੀ ਜਾਂਚ ਕਰੇਗੀ ਅਤੇ ਭਵਿੱਖ ਵਿੱਚ ਇਨ੍ਹਾਂ ਨੂੰ ਹੱਲ ਕਰਨ ਲਈ ਲੋੜੀਂਦੇ ਉਪਾਅ ਕਰੇਗੀ।
ਇਸ ਲੜੀ ਹੇਠ, ਇਨ੍ਹਾਂ ਚੋਣਾਂ ਵਿੱਚ ਬਹੁਤ ਮਿਹਨਤ ਕਰਨ ਵਾਲੇ ਪਾਰਟੀ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕਰਦਿਆਂ, ਵੜਿੰਗ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਭਵਿੱਖ ਵਿੱਚ ਹੋਰ ਮਜ਼ਬੂਤ ਹੋ ਕੇ ਉਭਰੇਗੀ। ਉਨ੍ਹਾਂ ਕਿਹਾ ਕਿ ਹਾਰ ਜਾਂ ਜਿੱਤ ਖੇਡ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੁਝ ਹਾਰਦੇ ਹਾਂ ਅਤੇ ਕੁਝ ਜਿੱਤਦੇ ਹਾਂ ਅਤੇ ਯਕੀਨਨ ਅਸੀਂ 2027 ਵਿੱਚ ਵੱਡੀ ਖੇਡ ਜਿੱਤਾਂਗੇ।
ਇਸਦੇ ਨਾਲ ਹੀ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਨੂੰ ਸੱਤਾਧਾਰੀ ਪਾਰਟੀ ਦੇ ਮੁਕਾਬਲੇ ਨੁਕਸਾਨ ਵਿੱਚ ਪਾ ਦਿੱਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਮੌਜੂਦਾ ਸ਼ਾਸਨ ਅਧੀਨ ਹੋਈਆਂ ਸਾਰੀਆਂ ਜਿਮਨੀ ਚੋਣਾਂ ਵਿੱਚ, ਸੱਤਾਧਾਰੀ ਪਾਰਟੀ ਨੇ ਇਹ ਯਕੀਨੀ ਬਣਾਇਆ ਹੈ ਕਿ ਸਰਕਾਰੀ ਮਸ਼ੀਨਰੀ ਇੱਕ ਸਹਿਯੋਗੀ ਵਜੋਂ ਉਸਦੇ ਲਈ ਕੰਮ ਕਰੇ, ਅਤੇ ਤਰਨਤਾਰਨ ਵਿੱਚ ਬਿਲਕੁਲ ਇਹੋ ਹੋਇਆ।

















































