ਗੰਨੇ ਦੀ ਫ਼ਸਲ ਸਬੰਧੀ ਕਿਸਾਨਾਂ ਨੂੰ ਦੋ ਦਿਨਾ ਟ੍ਰੇਨਿੰਗ ਪ੍ਰਦਾਨ, ਗੰਨੇ ਦੀਆਂ ਕਾਸ਼ਤਕਾਰੀ ਤਕਨੀਕਾਂ, ਕੀੜੇ-ਮਕੌੜਿਆਂ ਦੀ ਰੋਕਥਾਮ, ਰੋਗ ਪ੍ਰਬੰਧਨ, ਗੰਨੇ ਦੀ ਅੰਤਰ-ਫ਼ਸਲੀ ਬਾਰੇ ਦਿੱਤੀ ਸਿਖ਼ਲਾਈ

ਨਕੋਦਰ (ਜਲੰਧਰ), 27 ਨਵੰਬਰ :  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਗੰਨਾ ਸ਼ਾਖਾ ਵਲੋਂ ਉੱਨਤ ਕ੍ਰਿਸ਼ੀ ਯੋਜਨਾ ਤਹਿਤ ਸਹਿਕਾਰੀ ਖੰਡ ਮਿੱਲ ਨਕੋਦਰ ਵਿਖੇ ਡਾ. ਮਨਧੀਰ ਸਿੰਘ ਪ੍ਰਾਜੈਕਟ ਅਫ਼ਸਰ ਦੀ ਅਗਵਾਈ ਹੇਠ ਦੋ ਰੋਜ਼ਾ ਗੰਨੇ ਦੀ ਫ਼ਸਲ ਸਬੰਧੀ ਕਿਸਾਨ ਜਾਗਰੂਕਤਾ ਕੈਂਪ/ਟ੍ਰੇਨਿੰਗ ਲਗਾਈ ਗਈ।
ਟ੍ਰੇਨਿੰਗ ਦੌਰਾਨ ਸਹਾਇਕ ਗੰਨਾ ਵਿਕਾਸ ਅਫ਼ਸਰ ਡਾ. ਗੁਰਚਰਨ ਸਿੰਘ, ਪ੍ਰਿੰਸੀਪਲ ਸਾਇੰਸਟਿਸਟ ਕਿਸਾਨ ਸਲਾਹਕਾਰ ਕੇਂਦਰ ਜਲੋਵਾਲ ਡਾ. ਮਨਿੰਦਰ ਸਿੰਘ, ਕੀਟ ਵਿਗਿਆਨੀ ਡਾ. ਯੁਵਰਾਜ ਸਿੰਘ, ਫ਼ਸਲ ਵਿਗਿਆਨੀ, ਗੰਨਾ ਖੋਜ ਕੇਂਦਰ ਕਪੂਰਥਲਾ ਡਾ. ਰਾਜਿੰਦਰ ਪਾਲ ਨੇ ਗੰਨੇ ਦੀਆਂ ਕਾਸ਼ਤਕਾਰੀ ਤਕਨੀਕਾਂ, ਕੀੜੇ-ਮਕੌੜਿਆਂ ਦੀ ਰੋਕਥਾਮ, ਰੋਗ ਪ੍ਰਬੰਧਨ, ਗੰਨੇ ਦੀ ਅੰਤਰ-ਫ਼ਸਲੀ ਅਤੇ ਕਿਸਾਨਾਂ ਦੀ ਭਲਾਈ ਸਬੰਧੀ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਗੁਰਚਰਨ ਸਿੰਘ ਨੇ ਕਿਹਾ ਕਿ ਕ੍ਰਿਸ਼ੀ ਉੱਨਤ ਯੋਜਨਾ ਤਹਿਤ ਨੈਸ਼ਨਲ ਫੂਡ ਸਕਿਓਰਟੀ ਅਤੇ ਪੋਸ਼ਣ ਮਿਸ਼ਨ ਅਧੀਨ ਪੰਜਾਬ ਸਰਕਾਰ ਵਲੋਂ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਵਧਾ ਕੇ ਪੰਜਾਬ ਵਿੱਚ ਗੰਨੇ ਦੀ ਫ਼ਸਲ ਵਿਚ ਅੰਤਰ ਫ਼ਸਲਾਂ ਹੇਠ ਰਕਬਾ ਵਧਾਉਣ ਲਈ ਪ੍ਰਦਰਸ਼ਨੀ ਪਲਾਟ ਲਗਾਏ ਜਾ ਰਹੇ ਹਨ ਤਾਂ ਜੋ ਗੰਨਾ ਕਾਸ਼ਤਕਾਰਾਂ ਦੀ ਆਰਥਿਕਤਾ ਮਜ਼ਬੂਤ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਸ ਮਿਸ਼ਨ ਦਾ ਮਕਸਦ ਫ਼ਸਲ ਉਤਪਾਦਨ, ਤਕਨੀਕ ਅਤੇ ਬੀਜਾਂ ਲਈ ਸਹਾਇਤਾ ਪ੍ਰਦਾਨ ਕਰਕੇ ਅਨਾਜ ਉਤਪਾਦਨ ਨੂੰ ਵਧਾਉਣਾ, ਮਿੱਟੀ ਦੀ ਸਿਹਤ ਨੂੰ ਬਹਾਲ ਕਰਨਾ, ਕਿਸਾਨਾਂ ਦੀ ਆਮਦਨ ਵਿੱਚ ਸੁਧਾਰ ਕਰਨਾ ਅਤੇ ਪੋਸ਼ਣ ਸੁਰੱਖਿਆ ਨੂੰ ਵਧਾਉਣਾ ਹੈ। ਇਸ ਸਕੀਮ ਤਹਿਤ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਗੰਨਾ ਸ਼ਾਖਾ ਵਲੋਂ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਗੰਨਾ ਪੰਜਾਬ ਦੀ ਕਣਕ , ਝੋਨਾ ਅਤੇ ਕਪਾਹ ਤੋਂ ਬਾਅਦ ਚੌਥੀ ਅਜਿਹੀ ਨਕਦੀ ਫ਼ਸਲ ਹੈ, ਜੋ ਮੌਸਮ ਦੇ ਬੁਰੇ ਪ੍ਰਭਾਵਾਂ ਨੂੰ ਸਹਿ ਕੇ ਵੀ ਗੰਨਾ ਕਾਸ਼ਤਕਾਰਾਂ ਨੂੰ ਆਮਦਨ ਦੇ ਜਾਂਦੀ ਹੈ।  ਡਾ. ਰਜਿੰਦਰ ਪਾਲ ਨੇ ਕਿਹਾ ਕਿ ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਰ ਵਧਾਉਣ ਦੇ ਮਕਸਦ ਨਾਲ ਗੰਨਾ ਕਾਸ਼ਤਕਾਰਾਂ ਨੂੰ ਚੌੜੀ ਵਿੱਥ ਵਿਧੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਵਿਧੀ ਨਾਲ ਬੀਜੀ ਗੰਨੇ ਦੀ ਫ਼ਸਲ ਦੇ ਬੂਟਿਆਂ ਨੂੰ ਵਧੇਰੇ ਰੌਸ਼ਨੀ ਅਤੇ ਹਵਾ ਮਿਲਦੀ ਹੈ, ਜਿਸ ਨਾਲ ਫ਼ਸਲ ਘੱਟ ਡਿੱਗਣ ਕਾਰਨ ਪੈਦਾਵਾਰ ਵਿਚ ਵਾਧਾ ਹੁੰਦਾ ਹੈ।
ਖੇਤੀਬਾੜੀ ਅਫ਼ਸਰ (ਟ੍ਰੇਨਿੰਗ) ਡਾ. ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ਗੰਨੇ ਦੀ ਬਿਜਾਈ ਦੇ ਨਾਲ ਦਾਲਾਂ ਦੀ ਅੰਤਰ ਖੇਤੀ ਕਰਨ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਅਤੇ ਖਾਦਾਂ ਦੀ ਬੱਚਤ ਕੀਤੀ ਜਾ ਸਕਦੀ ਹੈ । ਜਨਰਲ ਮੈਨੇਜਰ ਖੰਡ ਮਿੱਲ ਨਕੋਦਰ ਸੁਖਵਿੰਦਰ ਸਿੰਘ ਤੂੜ ਨੇ ਕਿਸਾਨਾਂ ਨੂੰ ਦੱਸਿਆ ਕਿ ਮਿੱਲ ਵਿਚ ਗੰਨੇ ਦੀ ਪਿੜਾਈ ਮਿਤੀ 28 ਨਵੰਬਰ ਤੋਂ ਕੀਤੀ ਜਾ ਰਹੀ ਹੈ। ਸੀ.ਸੀ.ਡੀ.ਓ. ਏਕਮ ਸਿੰਘ ਸਿੱਧੂ ਨੇ ਅੰਤ ਵਿੱਚ ਦੋ ਦਿਨਾ ਟ੍ਰੇਨਿੰਗ ਵਿੱਚ ਅਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top