ਚੰਡੀਗੜ੍ਹ, 1 ਦਸੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਹ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਸਹਿਮਤ ਹਨ ਕਿ ਭਾਜਪਾ ਦਾ ਆਪਣੇ ਪੱਧਰ ਤੇ ਪੰਜਾਬ ਵਿੱਚ ਕੋਈ ਭਵਿੱਖ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਇਸਦਾ ਆਪਣੇ ਸਹਿਯੋਗੀਆਂ ਨਾਲ ਜਾਂ ਉਹਨਾਂ ਤੋਂ ਬਗੈਰ ਕੋਈ ਭਵਿੱਖ ਨਹੀਂ ਹੈ, ਕਿਉਂਕਿ ਪਾਰਟੀ ਨੇ ਆਪਣੀਆਂ ਪੰਜਾਬ ਵਿਰੋਧੀ ਨੀਤੀਆਂ ਨਾਲ ਪੰਜਾਬੀਆਂ ਨੂੰ ਖੁਦ ਤੋਂ ਪੂਰੀ ਤਰ੍ਹਾਂ ਦੂਰ ਅਤੇ ਵਿਰੋਧੀ ਬਣਾ ਲਿਆ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਅਮਰਿੰਦਰ ਦੇ ਇਸ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿ ਭਾਜਪਾ ਆਪਣੇ ਪੱਧਰ ਤੇ ਪੰਜਾਬ ਵਿੱਚ ਸਰਕਾਰ ਨਹੀਂ ਬਣਾ ਸਕਦੀ ਅਤੇ ਅਕਾਲੀਆਂ ਨਾਲ ਗਠਜੋੜ ਕਰਨਾ ਚਾਹੀਦਾ ਹੈ, ਉਪਰ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ਕਦੇ ਵੀ ਪੰਜਾਬ ਵਿੱਚ ਸਰਕਾਰ ਨਹੀਂ ਬਣਾ ਸਕਦੀ, ਫਿਰ ਭਾਵੇਂ ਅਕਾਲੀਆਂ ਦੇ ਨਾਲ ਹੋਵੇ ਜਾਂ ਫਿਰ ਅਕਾਲੀਆਂ ਤੋਂ ਬਗੈਰ ਹੋਵੇ।
ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਦਾ ਪਹਿਲਾਂ ਹੀ ਪੰਜਾਬ ਵਿੱਚੋਂ ਸਫਾਇਆ ਹੋ ਚੁੱਕਾ ਹੈ ਅਤੇ ਇਨ੍ਹਾਂ ਲਈ ਮੁੜ ਸੁਰਜੀਤੀ ਜਾਂ ਮੁਕਤੀ ਦੀ ਕੋਈ ਉਮੀਦ ਜਾਂ ਗੁੰਜਾਇਸ਼ ਨਹੀਂ ਹੈ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਗੱਲ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਉਹ ਕੈਪਟਨ ਸਾਹਿਬ ਨਾਲ ਸਹਿਮਤ ਹਨ, ਜਿਹੜੇ ਪਿੱਛੇ ਹਟ ਕੇ ਸਿਆਣੇ ਹੋ ਗਏ ਹਨ ਅਤੇ ਆਪਣੀ ਪਾਰਟੀ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਅਕਾਲੀ ਅਤੇ ਭਾਜਪਾ ਇਕੱਠੇ ਹੋ ਜਾਣ, ਤਾਂ ਵੀ ਕੋਈ ਫ਼ਰਕ ਨਹੀਂ ਪਵੇਗਾ, ਕਿਉਂਕਿ ਜ਼ੀਰੋ ਪਲੱਸ ਜ਼ੀਰੋ ਹਮੇਸ਼ਾ ਜ਼ੀਰੋ ਹੁੰਦਾ ਹੈ।

















































