ਚੰਡੀਗੜ੍ਹ, 1 ਦਸੰਬਰ: ਪੰਜਾਬ ਸਰਕਾਰ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜ ਰਹੇ ਕਾਂਗਰਸੀ ਉਮੀਦਵਾਰਾਂ ਨੂੰ ਇਤਰਾਜ਼ ਨਾ ਹੋਣ ਸਬੰਧੀ ਸਰਟੀਫਿਕੇਟ (ਐਨ.ਓ.ਸੀ) ਜਾਰੀ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ, ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਚੋਣ ਅਫਸਰ ਤੋਂ ਇਸ ਮਾਮਲੇ ਵਿੱਚ ਤੁਰੰਤ ਦਖਲ ਦੀ ਮੰਗ ਕੀਤੀ ਹੈ।
ਸੀਈਓ ਨੂੰ ਲਿਖੇ ਇੱਕ ਪੱਤਰ ਵਿੱਚ, ਵੜਿੰਗ ਨੇ ਕਿਹਾ ਕਿ ਕਾਂਗਰਸੀ ਉਮੀਦਵਾਰਾਂ ਦੇ ਐਨਓਸੀ ਜਾਂ ਤਾਂ ਦੇਰੀ ਨਾਲ ਦਿੱਤੇ ਜਾ ਰਹੇ ਹਨ ਜਾਂ ਫਿਰ ਜਾਰੀ ਕਰਨ ਤੋਂ ਇਨਕਾਰ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਆਖਰੀ ਮਿਤੀ ਨੇੜੇ ਹੈ। ਅਜਿਹੇ ਵਿੱਚ ਉਮੀਦਵਾਰਾਂ ਨੂੰ ਸਬੰਧਤ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਜਾਣ ਵਾਲੇ ਐਨਓਸੀ ਨਹੀਂ ਮਿਲ ਰਹੇ ਹਨ। ਇਹ ਉਮੀਦਵਾਰਾਂ ਨੂੰ ਚੋਣ ਲੜਨ ਦੇ ਮੌਕੇ ਤੋਂ ਵਾਂਝਾ ਕਰਨ ਦੀ ਕੋਸ਼ਿਸ਼ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਸਬੰਧਤ ਅਧਿਕਾਰੀ ਪੰਜਾਬ ਭਰ ਵਿੱਚ ਕਿਤੇ ਵੀ ਉਪਲਬਧ ਨਹੀਂ ਹਨ। ਇਥੋਂ ਤੱਕ ਕਿ ਉਨ੍ਹਾਂ ਕੋਲ ਇਸ ਸਮੱਸਿਆ ਬਾਰੇ ਮੈਸੇਜ ਅਤੇ ਫ਼ੋਨ ਕਾਲਾਂ ਦੀ ਭਰਮਾਰ ਹੈ, ਲੇਕਿਨ ਐਨਓਸੀ ਜਾਰੀ ਕਰਨ ਲਈ ਅਧਿਕਾਰਤ ਸਬੰਧਤ ਅਧਿਕਾਰੀ ਉਪਲਬਧ ਨਹੀਂ ਹਨ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਸਭ ਵਿੱਚ ਜਾਣਬੁੱਝ ਕੇ ਰੱਚੀ ਗਈ ਸਾਜ਼ਿਸ਼ ਪ੍ਰਤੀਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਸਾਡੇ ਉਮੀਦਵਾਰਾਂ ਅਤੇ ਹੋਰ ਸਾਰੇ ਵਿਰੋਧੀ ਉਮੀਦਵਾਰਾਂ ਨੂੰ ਐਨਓਸੀ ਦੇਣ ਤੋਂ ਇਨਕਾਰ ਕਰਨਾ ਇੱਕ ਜਾਣਬੁੱਝ ਕੇ ਰੱਚੀ ਗਈ ਸਾਜ਼ਿਸ਼ ਜਾਪਦੀ ਹੈ, ਤਾਂ ਜੋ ਉਹ ਚੋਣ ਲੜ ਨਾ ਸਕਣ।
ਵੜਿੰਗ ਨੇ ਕਿਹਾ ਕਿ ਇਹ ਸਾਫ ਤੌਰ ਤੇ ਨਿਰਪੱਖ ਚੋਣ ਪ੍ਰਕਿਰਿਆ ਦੀ ਉਲੰਘਣਾ ਹੈ ਅਤੇ ਮੁੱਖ ਚੋਣ ਅਫਸਰ ਤੋਂ ਮਾਮਲੇ ਵਿੱਚ ਤੁਰੰਤ ਦਖਲ ਦੀ ਮੰਗ ਕੀਤੀ ਕਿ ਉਹ ਸਾਰੇ ਸਬੰਧਤ ਅਧਿਕਾਰੀਆਂ ਨੂੰ ਕੰਮ ‘ਤੇ ਮੌਜੂਦ ਰਹਿਣ ਅਤੇ ਤੁਰੰਤ ਐਨਓਸੀ ਜਾਰੀ ਕਰਨ ਲਈ ਸਪੱਸ਼ਟ ਨਿਰਦੇਸ਼ ਦੇਣ।

















































