ਪੰਜਾਬ ਸਰਕਾਰ ਲਾਡੋਵਾਲ ਵਿਖੇ ਉੱਨਤ ਬਾਗਬਾਨੀ ਤਕਨਾਲੋਜੀ ਵਿਕਾਸ ਕੇਂਦਰ ਸਥਾਪਤ ਕਰੇਗੀ: ਮੋਹਿੰਦਰ ਭਗਤ

ਚੰਡੀਗੜ੍ਹ/ਲੁਧਿਆਣਾ:- ਬਾਗਬਾਨੀ ਖੇਤਰ ਨੂੰ ਵੱਡਾ ਹੁਲਾਰਾ ਦਿੰਦਿਆਂ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਲਾਡੋਵਾਲ, ਲੁਧਿਆਣਾ ਵਿਖੇ ਇੱਕ ਅਤਿ-ਆਧੁਨਿਕ ਬਾਗਬਾਨੀ ਤਕਨਾਲੋਜੀ ਵਿਕਾਸ ਕੇਂਦਰ ਸਥਾਪਤ ਕਰ ਰਹੀ ਹੈ।

ਲਾਡੋਵਾਲ ਵਿੱਚ ਬਾਗਬਾਨੀ ਵਿਭਾਗ ਦੁਆਰਾ ਆਯੋਜਿਤ ਰਾਜ ਪੱਧਰੀ ਸੈਮੀਨਾਰ-ਕਮ-ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਅਗਾਮੀ ਬਾਗਬਾਨੀ ਤਕਨਾਲੋਜੀ ਵਿਕਾਸ ਕੇਂਦਰ ਪੰਜਾਬ ਭਰ ਦੇ ਕਿਸਾਨਾਂ ਲਈ ਇੱਕ-ਸਟਾਪ ਗਿਆਨ ਕੇਂਦਰ ਵਜੋਂ ਕੰਮ ਕਰੇਗਾ ਜਿੱਥੇ ਹਰ ਕਿਸਮ ਦੇ ਫਲ, ਸਬਜ਼ੀਆਂ ਅਤੇ ਫੁੱਲਾਂ ਲਈ ਨਵੀਨਤਮ ਹਾਈ-ਟੈਕ ਕਾਸ਼ਤ ਅਭਿਆਸਾਂ ਨੂੰ ਲਾਈਵ ਦਿਖਾਇਆ ਜਾਵੇਗਾ ਅਤੇ ਇੱਥੇ ਪ੍ਰਦਰਸ਼ਨੀ ਸਥਾਨਾਂ ‘ਤੇ ਹੱਥੀਂ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕੇਂਦਰ ਕਿਸਾਨਾਂ ਨੂੰ ਵੱਡੇ ਪੱਧਰ ‘ਤੇ ਬਾਗਬਾਨੀ ਅਪਣਾਉਣ ਲਈ ਪ੍ਰੇਰਿਤ ਵੀ ਕਰੇਗਾ।

ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸੈਂਕੜੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਉੱਚ-ਮੁੱਲ ਵਾਲੀਆਂ ਬਾਗਬਾਨੀ ਫਸਲਾਂ ਵੱਲ ਤਬਦੀਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਰਫ਼ ਬਾਗਬਾਨੀ ਵਿੱਚ ਹੀ ਕਿਸਾਨਾਂ ਦੀ ਆਮਦਨ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਦੁੱਗਣਾ ਕਰਨ ਅਤੇ ਖੁਸ਼ਹਾਲੀ ਲਿਆਉਣ ਦੀ ਸਮਰੱਥਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਕੇਂਦਰ ਉਸ ਤਬਦੀਲੀ ਦਾ ਰਾਹ ਬਣੇਗਾ।

ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਬਿਨਾਂ ਕਿਸੇ ਝਿਜਕ ਦੇ ਬਾਗਬਾਨੀ ਵੱਲ ਰੁਖ਼ ਕਰਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਹਰ ਕਦਮ ‘ਤੇ ਵਿਭਾਗ ਵੱਲੋਂ ਪੂਰੀ ਸਹਾਇਤਾ ਦਾ ਭਰੋਸਾ ਦਿੱਤਾ। ਉਨ੍ਹਾਂ ਇਸ ਮੌਕੇ ਕਿਸਾਨਾਂ ਦੁਆਰਾ ਉਠਾਈਆਂ ਗਈਆਂ ਵਿਅਕਤੀਗਤ ਸਮੱਸਿਆਵਾਂ ਨੂੰ ਗੌਰ ਨਾਲ ਸੁਣਿਆ ਅਤੇ ਅਧਿਕਾਰੀਆਂ ਨੂੰ ਇਸਦੇ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਲਾਡੋਵਾਲ ਕੇਂਦਰ ਵਿਖੇ ਸਾਰੇ ਸਟਾਲਾਂ ਅਤੇ ਆਉਣ ਵਾਲੇ ਬੁਨਿਆਦੀ ਢਾਂਚੇ ਦੇ ਯੂਨਿਟਾਂ ਦਾ ਵੀ ਨਿਰੀਖਣ ਕੀਤਾ।

ਡਾਇਰੈਕਟਰ ਬਾਗਬਾਨੀ ਸ੍ਰੀਮਤੀ ਸ਼ੈਲਿੰਦਰ ਕੌਰ ਨੇ ਦੁਹਰਾਇਆ ਕਿ ਵਿਭਾਗ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਅਤੇ ਬਾਗਬਾਨੀ ਮਿਸ਼ਨ, ਆਰ.ਕੇ.ਵੀ.ਵਾਈ. ਅਤੇ ਹੋਰ ਸਾਰੀਆਂ ਯੋਜਨਾਵਾਂ ਤਹਿਤ ਵਿੱਤੀ ਸਹਾਇਤਾ ਦੇਣ ਲਈ ਤਿਆਰ ਹੈ। ਉਨ੍ਹਾਂ ਸਹੀ ਤੇ ਸਟੀਕ ਢੰਗ-ਤਰੀਕੇ ਅਤੇ ਡਿਜੀਟਲ ਤਕਨਾਲੋਜੀਆਂ ਨੂੰ ਅਪਣਾ ਕੇ ਲਾਗਤ ਖ਼ਰਚ ਨੂੰ ਘਟਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ।

ਪ੍ਰਦਰਸ਼ਨੀ ਦੌਰਾਨ ਟੌਪਕੌਨ ਕੰਪਨੀ ਨੇ ਲਾਈਵ ਫੀਲਡ ਪ੍ਰਦਰਸ਼ਨ ਰਾਹੀਂ ਜੀ.ਪੀ.ਐਸ.-ਅਧਾਰਤ ਆਟੋ-ਸਟੀਅਰਿੰਗ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਸਮੇਂ, ਬਾਲਣ, ਬੀਜ, ਖਾਦਾਂ ਅਤੇ ਕੀਟਨਾਸ਼ਕਾਂ ਦੀ ਵੱਡੀ ਬੱਚਤ ਦੇ ਨਾਲ ਇਕਸਾਰ ਬਿਜਾਈ, ਛਿੜਕਾਅ ਅਤੇ ਕਟਾਈ ਨੂੰ ਉਜਾਗਰ ਕੀਤਾ ਗਿਆ। ਹਾਈਗ੍ਰੋਕਸਿਸ ਹੁਮਿਡੀਆ ਲੈਬ ਪ੍ਰਾਈਵੇਟ ਲਿਮਟਿਡ ਨੇ ਫੌਰੀ ਢੰਗ ਨਾਲ ਮਿੱਟੀ ਦੀ ਡਿਜੀਟਲ ਜਾਂਚ ਵਿਧੀ ਅਤੇ ਮੌਕੇ ‘ਤੇ ਹੀ ਸੌਇਲ ਹੈਲਥ ਕਾਰਡ ਬਣਾਉਣ ਦੇ ਕੰਮ ਨੂੰ ਪ੍ਰਦਰਸ਼ਿਤ ਕੀਤਾ। ਇਸ ਪ੍ਰਦਰਸ਼ਨੀ ਨੂੰ ਰਾਜ ਭਰ ਦੇ ਪ੍ਰਗਤੀਸ਼ੀਲ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।


ਇਸ ਮੌਕੇ ਜਾਇੰਟ ਡਾਇਰੈਕਟਰ ਬਾਗਬਾਨੀ ਡਾ. ਹਰਮੇਲ ਸਿੰਘ, ਜਾਇੰਟ ਵਿਕਾਸ ਕਮਿਸ਼ਨਰ ਡਾ. ਗੁਰਸ਼ਰਨ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਹਰਪ੍ਰੀਤ ਸਿੰਘ ਸੇਠੀ, ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਦਲਬੀਰ ਸਿੰਘ, ਅਸਿਸਟੈਂਟ ਡਾਇਰੈਕਟਰ ਡਾ. ਵਿਜੇ ਪ੍ਰਤਾਪ, ਡਾ. ਨਿਖਿਲ ਅੰਬੀਸ਼ ਮਹਿਤਾ, ਡਾ. ਗੁਰਪ੍ਰੀਤ ਕੌਰ, ਡਾ. ਨਵਜੋਤ ਕੌਰ, ਡਾ. ਸ਼ੈਲੀ ਸੰਧੂ ਅਤੇ ਬਾਗਬਾਨੀ ਵਿਕਾਸ ਅਧਿਕਾਰੀ ਜਸਪ੍ਰੀਤ ਕੌਰ ਗਿੱਲ ਸ਼ਾਮਲ ਸਨ।

Leave a Comment

Your email address will not be published. Required fields are marked *

Scroll to Top