ਚੰਡੀਗੜ੍ਹ, 6 ਦਸੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੋਸ਼ ਲਗਾਇਆ ਹੈ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਦੇਸ਼ ਭਰ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮਹਾਨ ਅਤੇ ਸ਼ਾਨਦਾਰ ਵਿਰਾਸਤ ਨੂੰ ਖਤਮ ਕਰ ਰਹੀ ਹੈ, ਉੱਥੇ ਹੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਇਸਨੂੰ ਕਮਜ਼ੋਰ ਕਰ ਰਹੀ ਹੈ।
ਅੱਜ ਇੱਥੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਨੂੰ ਉਨ੍ਹਾਂ ਦੇ 69ਵੇਂ ਮਹਾਪਰਿਨਿਰਵਾਣ ਦਿਵਸ (ਬਰਸੀ) ਮੌਕੇ ਸ਼ਰਧਾਂਜਲੀ ਭੇਟ ਕਰਦੇ ਹੋਏ, ਉਨ੍ਹਾਂ ਕਿਹਾ ਕਿ ਸਿਰਫ਼ ਕਾਂਗਰਸ ਹੀ ਡਾ. ਅੰਬੇਡਕਰ ਦੀਆਂ ਸਿੱਖਿਆਵਾਂ ਅਤੇ ਵਿਰਾਸਤ ਪ੍ਰਤੀ ਵਚਨਬੱਧ ਹੈ।
ਵੜਿੰਗ ਨੇ ਅੱਜ ਸਵੇਰੇ ਇੱਥੇ ਅੰਬੇਡਕਰ ਭਵਨ ਵਿਖੇ ਉਨ੍ਹਾਂ ਦੇ ਬੁੱਤ ‘ਤੇ ਭਾਰਤ ਰਤਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਸੂਬਾ ਕਾਂਗਰਸ ਪ੍ਰਧਾਨ ਨੇ ਖੁਲਾਸਾ ਕੀਤਾ ਕਿ ਕਿਵੇਂ ਭਾਜਪਾ ਬਾਬਾ ਸਾਹਿਬ ਅੰਬੇਡਕਰ ਦੁਆਰਾ ਦੇਸ਼ ਨੂੰ ਦਿੱਤੇ ਗਏ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਅਤੇ ਰਾਹੁਲ ਗਾਂਧੀ ਸਮੇਤ ਇਸਦੀ ਲੀਡਰਸ਼ਿਪ ਵੱਲੋਂ ਕੀਤਾ ਗਿਆ ਸਖ਼ਤ ਵਿਰੋਧ ਸੀ, ਜਿਸਨੇ ਭਾਜਪਾ ਨੂੰ ਸੰਵਿਧਾਨ ਬਦਲਣ ਤੋਂ ਰੋਕਿਆ ਸੀ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਵੇਂ ਕਾਂਗਰਸ ਸੱਤਾ ਵਿੱਚ ਹੋਵੇ ਜਾਂ ਫਿਰ ਬਾਹਰ ਹੋਵੇ, ਉਸਨੇ ਹਮੇਸ਼ਾ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਅਤੇ ਵਿਰਾਸਤ ਨਾਲ ਪਿਆਰ ਤੇ ਉਸਦੀ ਪਾਲਣਾ ਹੀ ਨਹੀਂ ਕੀਤੀ ਹੈ, ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਦੀ ਵਿਰੋਧੀ ਤਾਕਤਾਂ ਤੋਂ ਰੱਖਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਬਾਬਾ ਸਾਹਿਬ ਦੀਆਂ ਸਿੱਖਿਆਵਾਂ ਦੀ ਪਾਲਣਾ ਅਤੇ ਪ੍ਰਚਾਰ ਕਰਦੀ ਰਹੇਗੀ।
ਉੱਥੇ ਹੀ, ਵੜਿੰਗ ਨੇ ਪੰਜਾਬ ਵਿੱਚ ਸੱਤਾਧਾਰੀ ‘ਆਪ’ ‘ਤੇ ਬਾਬਾ ਸਾਹਿਬ ਦੇ ਆਦਰਸ਼ਾਂ ਅਤੇ ਸਿੱਖਿਆਵਾਂ ਪ੍ਰਤੀ ਸਿਰਫ ਗੱਲਾਂ ਕਰਨ ਲਈ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਭਾਵੇਂ ‘ਆਪ’ ਆਪਣੇ ਦਫ਼ਤਰ ਵਿੱਚ ਬਾਬਾ ਸਾਹਿਬ ਦੀਆਂ ਤਸਵੀਰਾਂ ਪ੍ਰਦਰਸ਼ਿਤ ਕਰਕੇ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਮਹਾਨ ਆਗੂ ਦਾ ਕਿੰਨਾ ਸਤਿਕਾਰ ਕਰਦੀ ਹੈ, ਲੇਕਿਨ ਜ਼ਮੀਨੀ ਤੌਰ ‘ਤੇ ਇਹ ਇਨ੍ਹਾਂ ਦੀ ਕਰਨੀ ਅਤੇ ਕਥਨੀ ਬਿਲਕੁਲ ਉਲਟ ਹਨ।
ਉਨ੍ਹਾਂ ਕਿਹਾ ਕਿ ਜਿਵੇਂ ਭਾਜਪਾ ਕੇਂਦਰ ਵਿੱਚ ਸੰਵਿਧਾਨ ਦੀ ਦੁਰਵਰਤੋਂ ਕਰ ਰਹੀ ਹੈ, ਉਸੇ ਤਰ੍ਹਾਂ ‘ਆਪ’ ਪੰਜਾਬ ਵਿੱਚ ਵੀ ਉਹੀ ਕੰਮ ਕਰ ਰਹੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਕਿਵੇਂ ‘ਆਪ’ ਸਰਕਾਰ ਚੱਲ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਸਰਕਾਰੀ ਮਸ਼ੀਨਰੀ ਅਤੇ ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ। ਵੜਿੰਗ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੇ ਪੈਰੋਕਾਰ ਅਜਿਹਾ ਕਦੇ ਨਹੀਂ ਕਰਨਗੇ, ਕਿਉਂਕਿ ਇਹ ਉਸ ਸੰਵਿਧਾਨ ਨੂੰ ਕਮਜ਼ੋਰ ਕਰਦਾ ਹੈ ਜੋ ਉਨ੍ਹਾਂ ਨੇ ਸਾਨੂੰ ਦਿੱਤਾ ਹੈ।

















































