ਹਰੀਕੇ ਪੱਤਣ ਦੀ ਡੀ-ਸਿਲਟਿੰਗ ਲਈ ਸੰਤ ਸੀਚੇਵਾਲ ਨੇ ਵਿਸ਼ੇਸ਼ ਪੈਕੇਜ ਦੀ ਕੀਤੀ ਮੰਗ

ਜਲੰਧਰ / ਸੁਲਤਾਨਪੁਰ ਲੋਧੀ, 20 ਦਸੰਬਰ

ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰੀ ਜਲ ਸ਼ਕਤੀ ਮੰਤਰੀ ਸ੍ਰੀ ਸੀ.ਆਰ. ਪਾਟਿਲ ਨੂੰ ਲਿਖੇ ਪੱਤਰ ਵਿੱਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ, ਪੰਜਾਬ ਲਈ ਹੜ੍ਹ ਪ੍ਰਬੰਧਨ ਅਤੇ ਹਰੀਕੇ ਪੱਤਣ ਦੀ ਡੀ-ਸਿਲਟਿੰਗ ਲਈ ਵਿਸ਼ੇਸ਼ ਪੈਕੇਜ ਜਾਰੀ ਕੀਤਾ ਜਾਵੇ। ਸੰਤ ਸੀਚੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੇ ਵਿਸ਼ੇਸ਼ ਪੈਕੇਜ ਦੇਣ ਵਿੱਚ ਹੁਣ ਵੀ ਦੇਰੀ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਹੋਰ ਵੱਡੀਆਂ ‘ਕੁਦਰਤੀ’ ਤਬਾਹੀਆਂ ਦਾ ਸਾਹਮਣਾ ਕਰਨਾ ਪੈ ਸਕਦਾ। ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ‘ਤੇ ਬਣੇ ਗਿੱਦੜਪਿੰਡੀ ਰੇਲਵੇ ਪੁਲ ਹੇਠੋਂ ਸਾਲ 2020 ਵਿੱਚ ਅਤੇ ਬੁੱਢੇ ਦਰਿਆ ਵਿੱਚ ਜੂਨ-ਜੁਲਾਈ ਮਹੀਨਿਆਂ ਦੌਰਾਨ ਵੱਡੀ ਪੱਧਰ ‘ਤੇ ਗਾਰ ਕੱਢਣ ਨਾਲ ਇਲਾਕਾ ਹੜ੍ਹਾਂ ਦੀ ਮਾਰ ਤੋਂ ਬਚਿਆ ਰਿਹਾ ਸੀ।

ਸੰਤ ਸੀਚੇਵਾਲ ਨੇ ਆਪਣੇ ਪੱਤਰ ਰਾਹੀ ਕਿਹਾ ਕਿ ਪੰਜਾਬ ਵਿੱਚ ਅਗਸਤ 2025 ਦੌਰਾਨ ਆਏ ਭਿਆਨਕ ਹੜਾਂ ਨੇ ਭਾਰੀ ਤਬਾਹੀ ਮਚਾਈ ਸੀ। ਇਸ ਤੋਂ ਬਾਅਦ ਰਾਵੀ ਦਰਿਆ ਵਿੱਚ ਆਏ ਹੜ੍ਹ ਨੇ ਤਾਂ ਸਾਰੇ ਰਿਕਾਰਡ ਹੀ ਤੋੜ ਦਿੱਤੇ ਸਨ। ਇਨ੍ਹਾਂ ਹੜ੍ਹਾਂ ਨੇ ਮਾਝਾ, ਮਾਲਵਾ ਅਤੇ ਦੋਆਬਾ ਖੇਤਰਾਂ ਵਿੱਚ ਵੱਡੀ ਤਬਾਹੀ ਮਚਾਈ ਸੀ। ਸੈਂਕੜਿਆਂ ਪਿੰਡ ਪ੍ਰਭਾਵਿਤ ਹੋਏ ਹਨ, ਕੀਮਤੀ ਜਾਨਾਂ ਚਲੇ ਗਈਆਂ। ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ ਲਗਭਗ 100 ਫੀਸਦੀ ਤੱਕ ਬਰਬਾਦ ਹੋ ਗਈ ਸੀ। ਸੜਕਾਂ, ਸਰਕਾਰੀ ਇਮਾਰਤਾਂ ਅਤੇ ਪੇਂਡੂ ਬੁਨਿਆਦੀ ਢਾਂਚਾ ਵੀ ਭਾਰੀ ਨੁਕਸਾਨ ਹੋਇਆ ਸੀ।

ਪੱਤਰ ਵਿੱਚ ਹਰੀਕੇ ਪੱਤਣ ਹੈਡ ਵਰਕਸ ਦਾ ਜ਼ਿਕਰ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਜਿੱਥੇ ਸਤਲੁਜ ਅਤੇ ਬਿਆਸ ਦਰਿਆਵਾਂ ਦਾ ਸੰਗਮ ਹੁੰਦਾ ਹੈ, 1952–53 ਵਿੱਚ ਇਹ ਬੈਰਾਜ ਬਣਨ ਤੋਂ ਬਾਅਦ ਅੱਜ ਤੱਕ ਇਕ ਵਾਰ ਵੀ ਡੀ-ਸਿਲਟਿੰਗ ਨਹੀਂ ਹੋਈ। ਲਗਭਗ 48 ਵਰਗ ਕਿਲੋਮੀਟਰ ਖੇਤਰ ਵਿੱਚ ਭਾਰੀ ਪੱਧਰ ਤੇ ਗਾਰ ਜਮ੍ਹਾ ਹੋ ਚੁੱਕੀ ਹੈ, ਜਿਸ ਕਾਰਨ ਹੜ੍ਹਾਂ ਦੌਰਾਨ ਪਾਣੀ ਰੋਕਣ ਦੀ ਸਮਰੱਥਾ ਖਤਮ ਹੋ ਗਈ ਹੈ। ਬਰਸਾਤਾਂ ਦੌਰਾਨ ਚਿੱਟੀ ਵੇਈਂ, ਕਾਲੀ ਵੇਈਂ, ਸਤਲੁਜ ਅਤੇ ਬਿਆਸ ਦਰਿਆ ਹਰ ਸਾਲ ਵੱਡੀ ਮਾਤਰਾ ਵਿੱਚ ਗਾਰ ਅਤੇ ਰੇਤਾ ਲਿਆਉਂਦੇ ਹਨ, ਜੋ ਹਰੀਕੇ ਪੱਤਣ ਵਿੱਚ ਜਮ੍ਹਾ ਹੋ ਜਾਂਦੀ ਹੈ, ਪਾਣੀ ਰਾਜਸਥਾਨ ਨੂੰ ਚਲਿਆ ਜਾਂਦਾ ਹੈ ਪਰ ਗਾਰ ਪੰਜਾਬ ਲਈ ਖਤਰਾ ਬਣ ਜਾਂਦੀ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀ ਅਰਥਵਿਵਸਥਾ ਖੇਤੀ ’ਤੇ ਨਿਰਭਰ ਹੈ ਅਤੇ ਖੇਤੀ ਪਾਣੀ ’ਤੇ ਨਿਰਭਰ ਹੈ। ਪਾਣੀ ਡੈਮਾਂ ਵਿੱਚ ਹੈ, ਜਿਸ ਦਾ ਕੰਟਰੋਲ ਕੇਂਦਰ ਸਰਕਾਰ ਕੋਲ ਹੈ। ਉਨ੍ਹਾਂ ਕਿਹਾ “ਜਿਸ ਪੰਜਾਬ ਨੇ ਦੇਸ਼ ਦਾ ਢਿੱਡ ਭਰਿਆ, ਅੱਜ ਉਹ ਪੰਜਾਬ ਖੁਦ ਪਾਣੀ ਲਈ ਸੰਘਰਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅਗਸਤ ਮਹੀਨੇ ਵਿੱਚ ਆਏ ਹੜ੍ਹਾਂ ਕਾਰਣ ਕਿਸਾਨਾਂ ਦੀ ਬੇਅਬਾਦ ਜ਼ਮੀਨਾਂ ਨੂੰ ਮੁੜ ਤੋਂ ਵਾਹੀਯੋਗ ਬਣਾਉਣ ਲਈ ਪੰਜ ਮਹੀਨਿਆਂ ਤੋਂ ਸੇਵਾ ਚੱਲ ਰਹੀ ਹੈ। ਜਿੱਥੇ ਚਾਰ ਤੋਂ ਪੰਜ ਫੁੱਟ ਤੱਕ ਗਾਰ ਚੜ੍ਹੀ ਹੋਈ ਹੈ। ਜਿਸਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਰ ਸਾਲ ਡੈਮਾਂ ਵਿੱਚ ਆ ਰਹੇ ਪਾਣੀ ਵਿੱਚ ਗਾਰ ਦੀ ਮਾਤਰਾ ਕਿੰਨੀ ਹੋਵੇਗੀ।

*ਬਾਕਸ ਆਈਟਿਮ : 23 ਜਲ-ਭੰਡਾਰਾਂ ਵਿੱਚ 50 ਫੀਸਦੀ ਤੋਂ ਉਪਰ ਜਮ੍ਹਾ ਹੋ ਚੁੱਕੀ ਹੈ ਗਾਰ*
ਡੈਮਾਂ ਵਿੱਚ ਗਾਰ ਜਮ੍ਹਾ ਹੋਣ ਦੇ ਮੁੱਦੇ ਨੂੰ ਲੈ ਕੇ ਸੰਤ ਸੀਚੇਵਾਲ ਵੱਲੋਂ ਸਰਦ ਰੁੱਤ ਦੇ ਸੈਸ਼ਨ ਦੇ ਪਹਿਲੇ ਦਿਨ ਹੀ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਇਆ ਜਾਣਾ ਸੀ ਜੋ ਹੰਗਾਮਿਆਂ ਦੀ ਭੇਂਟ ਚੜ੍ਹ ਗਿਆ ਸੀ। ਉਹਨਾਂ ਵੱਲੋ ਇਸ ਬਾਰੇ ਸਵਾਲ ਵੀ ਲਗਾਇਆ ਸੀ। ਜਿਸਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਮੰਨਿਆ ਕਿ 439 ਜਲ-ਭੰਡਾਰਾਂ ਵਿਚ ਗਾਰ ਜਮ੍ਹਾ ਹੋਣ ਨਾਲ ਪਾਣੀ ਜਮ੍ਹਾ ਹੋਣ ਦੀ 19.24 ਫੀਸਦੀ ਸਮਰੱਥਾ ਘੱਟ ਗਈ ਹੈ। ਇਨ੍ਹਾਂ ਵਿੱਚ 23 ਜਲ-ਭੰਡਾਰ ਅਜਿਹੇ ਵੀ ਹਨ, ਜਿਨ੍ਹਾਂ 50 ਫੀਸਦੀ ਤੋਂ ਉਪਰ ਗਾਰ ਜਮ੍ਹਾ ਹੋ ਚੁੱਕੀ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਦੀ ਘਾਟ ਨਾਲ ਜੂਝ ਰਿਹਾ ਹੈ। ਡੈਮਾਂ ਵਿੱਚ ਪਾਣੀ ਜਮ੍ਹਾ ਹੋਣ ਦੀ ਸਮਰੱਥਾ ਘਟਣ ਨਾਲ ਪੰਜਾਬ ਦੀ ਸਿੰਚਾਈ ਅਤੇ ਪੀਣਯੋਗ ਪਾਣੀ ਦੀ ਸੁਰੱਖਿਆ ਹੋਰ ਕਮਜ਼ੋਰ ਹੁੰਦੀ ਜਾ ਰਹੀ ਹੈ।

Leave a Comment

Your email address will not be published. Required fields are marked *

Scroll to Top