ਚੰਡੀਗੜ੍ਹ, 22 ਦਸੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਨਤੀਜਿਆਂ ਬਾਰੇ ਫੈਲਾਏ ਜਾ ਰਹੇ ਝੂਠਾਂ ਦਾ ਪਰਦਾਫਾਸ਼ ਕੀਤਾ ਹੈ।
ਉਨ੍ਹਾਂ ਕਿਹਾ ਕਿ ਅਸਲੀਅਤ ਵਿਚ ‘ਆਪ’ ਨੇ ਸੱਤਾ ਦੀ ਦੁਰਵਰਤੋਂ ਕੀਤੀ ਅਤੇ ਪ੍ਰਕਿਰਿਆ ਵਿੱਚ ਹੇਰਾਫੇਰੀ ਕੀਤੀ, ਲੇਕਿਨ ਫਿਰ ਵੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਹੀਂ ਦਿਖਾ ਸਕੇ। ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਸੀ ਅਤੇ ਸਿਰਫ ਦੋ ਜ਼ਿਲ੍ਹਿਆਂ ਬਠਿੰਡਾ ਅਤੇ ਮੁਕਤਸਰ ਤੱਕ ਸੀਮਤ ਸੀ, ਜਦੋਂ ਦਸ ਜ਼ਿਲ੍ਹਿਆਂ ਵਿੱਚ ਇਹ ਪੂਰੀ ਤਰ੍ਹਾਂ ਖਾਲੀ ਰਹੇ।
ਇੱਥੇ ਸੂਬਾ ਕਾਂਗਰਸ ਦੇ ਮੁੱਖ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਆਪਣੇ ਪਾਰਟੀ ਸਾਥੀਆਂ ਦੁਰਲਭ ਸਿੱਧੂ ਅਤੇ ਹਰਦੀਪ ਸਿੰਘ ਕਿੰਗਰਾ ਨਾਲ ਮਿਲ ਕੇ ਸੱਚਾਈ ਸਾਹਮਣੇ ਲਿਆਉਣ ਲਈ ਵਿਸਥਾਰ ਸਹਿਤ ਅੰਕੜੇ ਪੇਸ਼ ਕੀਤੇ ਕਿ ਕਿਵੇਂ ‘ਆਪ’ ਚੋਰੀ ਕੀਤੀ ਗਈ ਸ਼ਾਨ ਵਿੱਚ ਆਨੰਦ ਮਾਣਨ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਅਕਾਲੀ ਦਲ ਸਿਰਫ ਅੰਕੜਿਆਂ ਬਾਰੇ ਝੂਠ ਬੋਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਟਿਆਲਾ ਦੇ ਸਾਬਕਾ ਐਸਐਸਪੀ ਵਰੁਣ ਸ਼ਰਮਾ ਨੇ ਆਪਣੇ ਜੂਨੀਅਰ ਸਟਾਫ ਨੂੰ ਹਦਾਇਤ ਕਰਕੇ ‘ਆਪ’ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਸੀ ਕਿ ਕਿਵੇਂ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਦਾਖਲ ਕਰਨ ਤੋਂ ਕਿਵੇਂ ਰੋਕਿਆ ਜਾਵੇ, ਤਾਂ ਜੋ ਇਨ੍ਹਾਂ ਨੂੰ ਰੱਦ ਕਰਨ ਦੀ ਲੋੜ ਨਾ ਪਵੇ। ਉਨ੍ਹਾਂ ਕਿਹਾ ਕਿ ਪੁਲਿਸ ਅਤੇ ਚੋਣ ਅਧਿਕਾਰੀਆਂ ਨੇ ਅਸਲ ਵਿੱਚ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ, ਜੋ ਸਪੱਸ਼ਟ ਤੌਰ ‘ਤੇ ‘ਆਪ’ ਸਰਕਾਰ ਦੁਆਰਾ ਜਾਰੀ ਕੀਤੇ ਗਏ ਸਨ।
ਇਸ ਮੌਕੇ ਨਤੀਜਿਆਂ ਦੀ ਵਿਆਖਿਆ ਕਰਦੇ ਹੋਏ, ਉਨ੍ਹਾਂ ਖ਼ੁਲਾਸਾ ਕੀਤਾ ਕਿ ਜਦੋਂ ਕਿ ‘ਆਪ’ ਕਿ 347 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਵਿੱਚੋਂ 220 ਜਿੱਤਣ ਦਾ ਦਾਅਵਾ ਕਰਦੀ ਹੈ, ਇਸਨੇ ਅਸਲ ਵਿੱਚ “ਚੋਣ ਪ੍ਰਕਿਰਿਆ” ਰਾਹੀਂ 136 ਜਿੱਤੀਆਂ ਅਤੇ ਇਨ੍ਹਾਂ ਵਿੱਚ ਵੀ ਤਾਕਤ ਦੀ ਦੁਰਵਰਤੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ 84 ਵਾਧੂ ਸੀਟਾਂ ਜਿੱਤਣ ਦੇ ਦਾਅਵੇ ਵਿਚੋਂ 18 ਸੀਟਾਂ ‘ਤੇ ਬਾਈਕਾਟ ਕੀਤਾ ਗਿਆ ਸੀ। ਜਿਸਨੇ 11 ਸੀਟਾਂ ਵਰੁਣ ਸ਼ਰਮਾ ਦੇ ਇਸ਼ਾਰੇ ਕਾਰਨ ਬਿਨਾਂ ਵਿਰੋਧ ਜਿੱਤੀਆਂ, ਪੰਜ ਸੀਟਾਂ ‘ਤੇ ਕਾਗਜ਼ ਪਾੜੇ ਗਏ ਸਨ ਅਤੇ 32 ਹੋਰ ਸੀਟਾਂ ‘ਤੇ ਕਾਗਜ਼ ਮਨਮਾਨੇ ਢੰਗ ਨਾਲ ਰੱਦ ਕਰ ਦਿੱਤੇ ਗਏ ਸਨ।
ਉਨ੍ਹਾਂ ਕਿਹਾ ਕਿ ‘ਆਪ’ ਨੇ 136 ਸੀਟਾਂ ਜਿੱਤੀਆਂ ਸਨ, ਕਾਂਗਰਸ ਨੇ 62, ਸ਼੍ਰੋਮਣੀ ਅਕਾਲੀ ਦਲ ਨੇ 46, ਭਾਜਪਾ ਨੇ 7 ਅਤੇ ਬਾਕੀਆਂ ਨੇ 11 ਸੀਟਾਂ ਜਿੱਤੀਆਂ ਸਨ।
ਇਸੇ ਤਰ੍ਹਾਂ, ਸੂਬਾ ਕਾਂਗਰਸ ਪ੍ਰਧਾਨ ਨੇ ਬਲਾਕ ਸੰਮਤੀ ਦੇ ਨਤੀਜਿਆਂ ‘ਤੇ ‘ਆਪ’ ਦੇ ਦਾਅਵਿਆਂ ਦਾ ਵੀ ਪਰਦਾਫਾਸ਼ ਕੀਤਾ। ਉਨ੍ਹਾਂ ਖ਼ੁਲਾਸਾ ਕੀਤਾ ਕਿ ਆਪ ਵੱਲੋਂ 1592 ਸੀਟਾਂ ਜਿੱਤਣ ਦੇ ਦਾਅਵੇ ਦੇ ਉਲਟ, ਇਸਨੇ ਅਸਲ ਵਿੱਚ 838 ਸੀਟਾਂ ਸਿਰਫ਼ ਚੋਣ ਪ੍ਰਕਿਰਿਆ ਰਾਹੀਂ ਜਿੱਤੀਆਂ। ਜਦਕਿ ਬਾਕੀ ਦੀਆਂ ਸੀਟਾਂ ‘ਤੇ ‘ਆਪ’ ਨੇ ਦੁਰਵਿਵਹਾਰ ਅਤੇ ਡਰਾਵੇ ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਕਿਹਾ ਕਿ 149 ਸੀਟਾਂ ‘ਤੇ ਬਾਈਕਾਟ ਕੀਤਾ ਗਿਆ ਸੀ, 212 ਸੀਟਾਂ ਬਿਨਾਂ ਵਿਰੋਧ ਜਿੱਤੀਆਂ ਗਈਆਂ, ਕਿਉਂਕਿ ਉਮੀਦਵਾਰਾਂ ਨੂੰ ਐਸ.ਐਸ.ਪੀ. ਦੀ ਗਾਈਡਬੁੱਕ ਅਨੁਸਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸੇ ਤਰ੍ਹਾਂ, 328 ਸੀਟਾਂ ‘ਤੇ ਕਾਗਜ਼ ਰੱਦ ਕਰ ਦਿੱਤੇ ਗਏ ਸਨ ਅਤੇ 74 ਥਾਵਾਂ ‘ਤੇ ਨਤੀਜੇ ਜ਼ਬਰਦਸਤੀ ਸੱਤਾਧਾਰੀ ਪਾਰਟੀ ਦੇ ਹੱਕ ਵਿੱਚ ਐਲਾਨੇ ਗਏ ਸਨ।
ਉਨ੍ਹਾਂ ਕਿਹਾ ਕਿ ਅਸਲ ਵਿੱਚ ‘ਆਪ’ ਅਤੇ ਕਾਂਗਰਸ ਵਿੱਚ ਬਹੁਤਾ ਅੰਤਰ ਨਹੀਂ ਸੀ ਕਿਉਂਕਿ ‘ਆਪ’ ਦੁਆਰਾ ਜਿੱਤੀਆਂ ਗਈਆਂ 838 ਅਸਲ ਸੀਟਾਂ ਦੇ ਮੁਕਾਬਲੇ, ਕਾਂਗਰਸ ਨੇ ਸਾਰੀਆਂ ਸੰਭਾਵਨਾਵਾਂ ਦੇ ਬਾਵਜੂਦ 603 ਸੀਟਾਂ ਜਿੱਤੀਆਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ਼ 420 ਸੀਟਾਂ ਨਾਲ ਬਹੁਤ ਪਿੱਛੇ ਸੀ ਅਤੇ ਭਾਜਪਾ ਨੂੰ ਸਿਰਫ਼ 66 ਸੀਟਾਂ ਮਿਲੀਆਂ।
ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਇਸਦੇ ਆਗੂ ਦੇ ਦਾਅਵਿਆਂ ਦਾ ਮਜ਼ਾਕ ਉਡਾਇਆ ਕਿ ਪਾਰਟੀ ਮੁੜ ਸੁਰਜੀਤ ਹੋਈ ਹੈ ਤੇ ਇਹ ਕਾਂਗਰਸ ਤੋਂ ਅੱਗੇ ਦੂਜੇ ਸਥਾਨ ‘ਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਵੱਡਾ ਝੂਠ ਹੋਰ ਕੋਈ ਨਹੀਂ ਹੋ ਸਕਦਾ। ਸੁਖਬੀਰ ਦੇ “ਕਾਂਗਰਸ ਨਾਲੋਂ ਬਿਹਤਰ ਸਟ੍ਰਾਈਕ ਰੇਟ” ਦੇ ਦਾਅਵਿਆਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਟਿੱਪਣੀ ਕੀਤੀ ਕਿ ਇੱਕ ਪਾਰਟੀ ਨੇ ਸਿਰਫ਼ ਦਸ ਸੀਟਾਂ ‘ਤੇ ਚੋਣ ਲੜੀ ਅਤੇ ਤਿੰਨ ਜਿੱਤੀਆਂ, ਫਿਰ ਇਸਦਾ ਮਤਲਬ ਇਹ ਹੈ ਕਿ ਪਾਰਟੀ ਸਾਰਿਆਂ ਤੋਂ ਅੱਗੇ ਹੈ।
ਇਸੇ ਤਰ੍ਹਾਂ, ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਸੁਖਬੀਰ ਬਾਦਲ ਦੀ ਪ੍ਰਸ਼ੰਸਾ ਕਰਨ ਅਤੇ ਇਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਆਲੋਚਨਾ ਕਰਨ ਬਾਰੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ, ਵੜਿੰਗ ਨੇ ਛੋਟੇ ਬਾਦਲ ‘ਤੇ ਚੁਟਕੀ ਲਈ ਕਿ ਉਹ ਆਪਣੀ ਪ੍ਰਸ਼ੰਸਾ ਦੇ ਬਦਲੇ ਆਪਣੇ ਪਿਤਾ ਦੇ ਅਪਮਾਨ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹਨ।
ਸੁਨੀਲ ਜਾਖੜ ਦੇ ਦਾਅਵੇ ਬਾਰੇ ਕਿ ਉਹ ਮੁੱਖ ਮੰਤਰੀ ਬਣਨ ਲਈ 350 ਕਰੋੜ ਰੁਪਏ ਨਹੀਂ ਦੇ ਸਕਦੇ ਸਨ, ਸੂਬਾ ਕਾਂਗਰਸ ਪ੍ਰਧਾਨ ਨੇ ਦੱਸਿਆ ਕਿ ਇਨ੍ਹਾਂ ਦੇ ਆਪਣੇ ਭਾਜਪਾ ਦੇ ਸਾਥੀ ਅਮਰਿੰਦਰ ਸਿੰਘ ਪਹਿਲਾਂ ਹੀ ਅਜਿਹੇ ਦੋਸ਼ਾਂ ਦਾ ਖੰਡਨ ਕਰ ਚੁੱਕੇ ਹਨ। ਇਸਦਾ ਮਤਲਬ ਹੈ ਕਿ ਇਨ੍ਹਾਂ ਵਿੱਚੋਂ ਕੋਈ ਇੱਕ ਗਲਤ ਹੈ। ਉਨ੍ਹਾਂ ਨੇ ਇਸ਼ਾਰਾ ਕਰਦੇ ਹੋਏ, ਟਿੱਪਣੀ ਕੀਤੀ ਕਿ ਦੋਵੇਂ ਇਸ ਮੁੱਦੇ ‘ਤੇ ਇੱਕੋ ਸਮੇਂ ਸਹੀ ਨਹੀਂ ਹੋ ਸਕਦੇ।

















































