ਜਲੰਧਰ, 24 ਦਸੰਬਰ : ਸ਼ਹਿਰੀ ਅਤੇ ਖੇਡਾਂ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਦੇਣ ਵਾਲੇ ਅਹਿਮ ਬਰਲਟਨ ਪਾਰਕ ਸਪੋਰਟਸ ਹੱਬ ਨੂੰ 15 ਅਗਸਤ 2026 ਨੂੰ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਮੇਅਰ ਵਨੀਤ ਧੀਰ, ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਅਤੇ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਤੇ ਸੀਨੀਅਰ ਆਪ ਆਗੂ ਨਿਤਿਨ ਕੋਹਲੀ ਵਲੋਂ 78 ਕਰੋੜ ਦੀ ਲਾਗਤ ਵਾਲੇ ਮਹੱਤਵਪੂਰਨ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।
ਨਿਰੀਖਣ ਦੌਰਾਨ ਇਹਨਾਂ ਸਖਸ਼ੀਅਤਾਂ ਵਲੋਂ ਨਿਰਮਾਣ ਕਾਰਜਾਂ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰੋਜੈਕਟ ਪੂਰੇ ਜ਼ੋਰਾਂ ਨਾਲ ਪ੍ਰਗਤੀ ਕਰ ਰਿਹਾ ਹੈ ਅਤੇ ਇਹ ਸਮੇਂ ਸਿਰ ਮੁਕੰਮਲ ਹੋਵੇਗਾ। ਇਕ ਵਾਰ ਮੁਕੰਮਲ ਹੋ ਜਾਣ ਉਪਰੰਤ ਸੂਬੇ ਦਾ ਇਹ ਅਤਿ ਆਧੁਨਿਕ ਬਹੁਮੰਤਵੀ ਸਪੋਰਟਸ ਕੰਪਲੈਕਸ ਜਲੰਧਰ ਵਿਖੇ ਖੇਡਾਂ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ ਜੋ ਕਿ ਦੁਨੀਆਂ ਭਰ ਵਿੱਚ ਸਪੋਰਟਸ ਹੱਬ ਵਜੋਂ ਜਾਣਿਆ ਜਾਂਦਾ ਹੈ।
ਇਸ ਦੇ ਸਮਾਜਿਕ ਪੱਖ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਸਪੋਰਟ ਹੱਬ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਨੇ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪ੍ਰੋਜੈਕਟ ਦੇ ਮੁਕੰਮਲ ਹੋਣ ਵਿੱਚ ਦੇਰੀ ਨਾ ਹੋਵੇ ਨੂੰ ਯਕੀਨੀ ਬਣਾਉਣ ਲਈ ਪ੍ਰੋਜੈਕਟ ਦੀ ਬਾਰਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਲੋਂ ਕਾਰਜਕਾਰੀ ਏਜੰਸੀ ਨੂੰ ਸਮੇਂ ਸਿਰ ਪ੍ਰੋਜੈਕਟ ਨੂੰ ਮੁਕੰਮਲ ਕਰਨ ਸਬੰਧੀ ਨਿਰਧਾਰਿਤ ਸਮਾਂ ਸੀਮਾਂ ਦੀ ਪਾਲਣਾ ਕਰਨ ਲਈ ਪਹਿਲਾਂ ਹੀ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਬਰਲਟਨ ਪਾਰਕ ਸਪੋਰਟਸ ਹੱਬ ਦਾ ਮੁਕੰਮਲ ਹੋਣਾ ਮੀਲ ਦਾ ਪੱਥਰ ਸਾਬਿਤ ਹੋਵੇਗਾ ਜੋ ਐਥਲੀਟਾਂ ਅਤੇ ਸ਼ਹਿਰ ਵਾਸੀਆਂ ਨੂੰ ਵਿਸ਼ਵ ਪੱਧਰੀ ਖੇਡਾਂ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ।

















































