ਚੰਡੀਗੜ੍ਹ, 25 ਦਸੰਬਰ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਸੂਬਾ ਕਾਂਗਰਸ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ ਐਕਟ ਦੀ ਬਹਾਲੀ ਦੀ ਲੜਾਈ ਨੂੰ ਸੂਬੇ ਦੇ ਹਰ ਘਰ ਅਤੇ ਹਰ ਕੋਨੇ ਤੱਕ ਲੈ ਕੇ ਜਾਵੇਗੀ। ਇਸਦੇ ਨਾਲ ਹੀ, ਉਨ੍ਹਾਂ ਦੀ ਪਾਰਟੀ ਪੰਜਾਬ ਦੀ ‘ਆਪ’ ਸਰਕਾਰ ਨੂੰ ਭਾਜਪਾ ਦੀ ਤਾਨਾਸ਼ਾਹੀ ਪਿੱਛੇ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਦੀ ਇਜਾਜ਼ਤ ਨਹੀਂ ਦੇਵੇਗੀ।
ਇਸ ਮੌਕੇ ਪਾਰਟੀ ਵੱਲੋਂ ਲੋਕਾਂ ਨੂੰ ਲਾਮਬੰਦ ਕਰਨ ਸਬੰਧੀ ਪ੍ਰੋਗਰਾਮ ਦੇ ਵੇਰਵਿਆਂ ਦਾ ਹਵਾਲਾ ਦਿੰਦਿਆਂ, ਵੜਿੰਗ ਨੇ ਸੂਬੇ ਦੀ ‘ਆਪ’ ਸਰਕਾਰ ਨੂੰ ਆਪਣੇ ਕਾਰਜਕਾਲ ਦੇ ਪਿਛਲੇ ਚਾਰ ਸਾਲਾਂ ਦੌਰਾਨ ਕੀਤੇ ਗਏ ਕੰਮ ਦੇ ਦਿਨਾਂ ਦੇ ਪੂਰੇ ਵੇਰਵੇ ਸਾਹਮਣੇ ਲਿਆਉਣ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ‘ਆਪ’ ਬੁਰੀ ਤਰ੍ਹਾਂ ਅਸਫਲ ਰਹੀ ਹੈ, ਕਿਉਂਕਿ ਇਹ ਮਨਰੇਗਾ ਤਹਿਤ ਨੌਕਰੀਆਂ ਪ੍ਰਦਾਨ ਕਰਨ ਦੇ ਪੰਜਾਹ ਪ੍ਰਤੀਸ਼ਤ ਟੀਚੇ ਨੂੰ ਵੀ ਪੂਰਾ ਨਹੀਂ ਕਰ ਸਕੀ ਹੈ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਹੋਇਆਂ ਕਿਹਾ ਕਿ ਜੇਕਰ ‘ਆਪ’ ਇਹ ਮੰਨਣ ਲੱਗ ਪਈ ਹੈ ਕਿ ਉਹ ਮਨਰੇਗਾ ਨੂੰ ਖਤਮ ਕਰਨ ਦੀ ਭਾਜਪਾ ਦੀ ਤਾਨਾਸ਼ਾਹੀ ਪਿੱਛੇ ਛੁਪ ਸਕਦੀ ਹੈ, ਤਾਂ ਇਹ ਉਸਦੀ ਬਹੁਤ ਵੱਡੀ ਗਲਤੀ ਹੈ। ਅਸੀਂ ‘ਆਪ’ ਨੂੰ ਵੀ ਓਨਾ ਹੀ ਬੇਨਕਾਬ ਕਰਾਂਗੇ, ਜਿੰਨਾ ਅਸੀਂ ਭਾਜਪਾ ਦਾ ਪਰਦਾਫ਼ਾਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦਾ ਉਦੇਸ਼ ਪੇਂਡੂ ਬੇਜ਼ਮੀਨੇ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਤੋਂ ਵਾਂਝਾ ਕਰਨਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਨਾਲ-ਨਾਲ ਸੂਬੇ ਭਰ ਦੀਆਂ ਸੜਕਾਂ ਅਤੇ ਗਲੀਆਂ ਤੇ ਉਤਰ ਕੇ ਵੀ ਮਨਰੇਗਾ ‘ਤੇ ‘ਆਪ’ ਦੇ ਰਿਪੋਰਟ ਕਾਰਡ ਦੀ ਮੰਗ ਕਰੇਗੀ। ਉਨ੍ਹਾਂ ਕਿਹਾ ਕਿ “ਆਪ’ ਆਪਣੇ ਆਪ ਨੂੰ ਭਾਜਪਾ ਨਾਲੋਂ ਬਿਹਤਰ ਪਾਰਟੀ ਵਜੋਂ ਪੇਸ਼ ਕਰਨ ਦੀ ਤਿਆਰੀ ਕਰ ਰਹੀ ਜਾਪਦੀ ਹੈ, ਪਰ ਅਸੀਂ ਇਸਨੂੰ ਹਾਊਸ ਦੇ ਅੰਦਰ ਅਤੇ ਬਾਹਰ ਬੇਨਕਾਬ ਕਰਾਂਗੇ ਤੇ ਸਾਬਤ ਕਰਾਂਗੇ ਕਿ ਇਹ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ਅਸਲੀਅਤ ਵਿਚ ‘ਆਪ’ ਸਰਕਾਰ ਦਾ ਮਨਰੇਗਾ ‘ਤੇ ਰਿਕਾਰਡ, ਹੋਰ ਸਾਰੀਆਂ ਭਲਾਈ ਸਕੀਮਾਂ ਵਾਂਗ ਹੀ ਬਹੁਤ ਨਿਰਾਸ਼ਾਜਨਕ ਰਿਹਾ ਹੈ।

















































