ਨਡਾਲੋਂ -ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋ ਜਿਲ੍ਹਾ ਹੁਸ਼ਿਆਰਪੁਰ ਵਿਖੇ ਸੰਤ ਬਾਬਾ ਨਿਧਾਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਮਹਾਨ ਗੁਰਮਤਿ ਸਮਾਗਮ 1 ਫਰਵਰੀ ਤੋਂ 4 ਫਰਵਰੀ 2026 ਨੂੰ ਕਰਵਾਇਆ ਜਾ ਰਿਹਾ ਹੈ। ਸਾਹਿਬ-ਏ-ਕਮਾਲ ਦਸ਼ਮੇਸ਼ ਪਿਤਾ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਵਾਲੇ ਸ੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ ਜਿਨ੍ਹਾ ਦਾ ਜਨਮ ਸੰਨ 1882 ਇਸਵੀ ਨੂੰ ਪਿਤਾ ਸਰਦਾਰ ਉੱਤਮ ਸਿੰਘ ਜੀ ਮਾਤਾ ਗੁਲਾਬ ਕੌਰ ਜੀ ਦੇ ਗ੍ਰਹਿ ਪਿੰਡ ਨਡਾਲੋਂ, ਤਹਿਸੀਲ ਗੜ੍ਹਸ਼ੰਕਰ, ਜਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ। ਬਾਬਾ ਜੀ ਦਾ ਬਚਪਨ ਪਿੰਡ ਨਡਾਲੋਂ ਵਿੱਚ ਬੀਤਿਆ। ਬਾਬਾ ਜੀ ਦੇ ਘਰ ਦੇ ਸਾਹਮਣੇ ਮਹਾਨ ਤਪੱਸਵੀ ਸ੍ਰੀ ਮਾਨ ਸੰਤ ਬਾਬਾ ਦੀਵਾਨ ਸਿੰਘ ਜੀ ਦਾ ਘਰ ਸੀ, ਜਿਨ੍ਹਾ ਨੇ ਪਿੰਡ ਨਡਾਲੋਂ -ਪਹਿਲਾ ਗੁਰਦੁਆਰਾ ਸਾਹਿਬ ਬਣਾ ਕੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਤੇ ਸਿੱਖ ਸੰਗਤਾਂ ਨੂੰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਨਾ ਕੀਤਾ। ਜਦ ਬਾਬਾ ਜੀ ਬਚਪਨ ਦੀ ਅਵਸਥਾ ਵਿੱਚ ਸਨ ਤਦ ਬਾਬਾ ਦੀਵਾਨ ਸਿੰਘ ਜੀ ਨੇ ਉਨ੍ਹਾਂ ਨੂੰ ਆਪਣੇ ਨਾਲ ਗੁਰਦੁਆਰਾ ਸਾਹਿਬ ਲੈ ਜਾਣਾ। ਇਸੇ ਦੌਰਾਨ ਬਾਬਾ ਨਿਧਾਨ ਸਿੰਘ ਜੀ ਦੇ ਅੰਦਰੋਂ ਤਾਂਘ ਜਾਗੀ ਤੇ ਉਨ੍ਹਾਂ ਗੁਰਮੁਖੀ ਲਿਪੀ ਦੀ ਜਾਣਕਾਰੀ ਤੇ ਗੁਰਬਾਣੀ ਦੀ ਸੰਥਿਆ ਸੰਤ ਬਾਬਾ ਦੀਵਾਨ ਸਿੰਘ ਜੀ ਤੋਂ ਪ੍ਰਾਪਤ ਕੀਤੀ।
ਸੰਤ ਬਾਬਾ ਦੀਵਾਨ ਸਿੰਘ ਜੀ ਦਾ ਨਡਾਲੋਂ ਨਾਨਕੇ ਤੇ ਪਿੰਡ ਖਨਿਆਣ ਮਾਜਰੀ ਸੀ। ਉਹਨਾਂ ਦੀ ਸੰਗਤ ਦਾ ਬਾਬਾ ਨਿਧਾਨ ਸਿੰਘ ਜੀ ਦੇ ਮਨ ‘ਤੇ ਗੁਰਬਾਣੀ ਤੇ ਸੇਵਾ ਸਿਮਰਨ ਦਾ ਬਹੁਤ ਵੱਡਾ ਪ੍ਰਭਾਵ ਪਿਆ। ਬਾਬਾ ਨਿਧਾਨ ਸਿੰਘ ਜੀ ਜਿੱਥੇ ਆਪਣੇ ਮਾਤਾ-ਪਿਤਾ ਦੇ ਨਾਲ ਘਰਦੇ ਕੰਮ ਕਰਵਾਉਂਦੇ ਉਥੇ ਪਿੰਡ ਨਡਾਲੋਂ ਦੇ ਨੌਜਵਾਨਾਂ ਨਾਲ ਸਰੀਰਕ ਤੰਦਰੁਸਤੀ ਵਾਸਤੇ ਕੁਸ਼ਤੀ ਵੀ ਕਰਿਆ ਕਰਦੇ। ਬਾਬਾ ਜੀ ਦੇ ਤਿੰਨ ਭਰਾ ਅਤਰ ਸਿੰਘ, ਈਸ਼ਰ ਸਿੰਘ ਤੇ ਮਹਾਂ ਸਿੰਘ ਸਨ। ਭਾਈ ਈਸ਼ਰ ਸਿੰਘ ਦਾ ਪਰਿਵਾਰ ਪਿੰਡ ਨਡਾਲੋਂ ਵਿੱਚ ਰਹਿ ਰਿਹਾ ਹੈ । ਸਰਦਾਰ ਕੇਵਲ ਸਿੰਘ, ਸੁੱਚਾ ਸਿੰਘ ਤੇ ਭਾਈ ਰਣਜੋਧ ਸਿੰਘ ਬਗੈਰਾ। ਬਾਬਾ ਜੀ ਦੇ ਭਰਾ ਸਰਦਾਰ ਅਤਰ ਸਿੰਘ ਦੀ ਇੱਕ ਸਪੁੱਤਰੀ ਸੀ ਜੋ ਖੁਰਮਪੁਰ ਪਿੰਡ ਵਿਆਹੀ ਹੋਈ ਸੀ, ਜਿਸ ਦਾ ਨਾਮ ਦਰੋਪਤੀ ਕੌਰ ਸੀ । ਬਾਬਾ ਜੀ ਦੀ ਇੱਕ ਭੈਣ ਸੀ ਜਿਸ ਦਾ ਨਾਮ ਨਿਹਾਲ ਕੌਰ ਸੀ ਜੋ ਪਿੰਡ ਘੁੜਿਆਲ ਵਿਖੇ ਵਿਆਹੀ ਹੋਈ ਸੀ । ਬਾਬਾ ਜੀ ਦੀ ਅਵਸਥਾ ਹੁਣ ਇਹ ਬਣ ਗਈ ਸੀ ਕਿ ਜਦੋਂ ਵੀ ਭਾਵੇਂ ਘਰ ਦਾ ਕੰਮ-ਕਾਰ ਕਰਦੇ ਜਾਂ ਹੋਰ ਉਹ ਹਰ ਵੇਲੇ ਗੁਰਬਾਣੀ ਦੇ ਸ਼ਬਦ ਪੜ੍ਹਦ ਰਹਿੰਦੇ ।
ਇੱਕ ਵਾਰ ਰੋਜ਼ਾਨਾ ਦੀ ਤਰ੍ਹਾਂ ਪਿੰਡ ਪੰਜੌੜ ਵਾਲੇ ਪਾਸੇ ਪਸ਼ੂ ਚਾਰਦੇ ਸਮੇਂ ਦਰਖ਼ਤ ਦੀ ਛਾਂ ਥੱਲੇ ਬੈਠ ਗੁਰਬਾਣੀ ਦਾ ਸ਼ਬਦ “ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ।।” ਪੜ੍ਹ ਰਹੇ ਸਨ ਤੇ ਸੰਤ ਬਾਬਾ ਦੀਵਾਨ ਸਿੰਘ ਜੀ ਵੀ ਉਥੇ ਪੁੱਜੇ ਤੇ ਉਹਨਾਂ ਨੇ ਸ਼ਬਦ ਸੁਣ ਕੇ ਦੁਬਾਰਾ ਸ਼ਬਦ ਸੁਣਾਣ ਨੂੰ ਕਿਹਾ ਤਾਂ ਬਾਬਾ ਨਿਧਾਨ ਸਿੰਘ ਜੀ ਨੇ ਫਿਰ ਸ਼ਬਦ ਸਣਾਇਆ। ਸ਼ਬਦ ਸਣ ਕੇ ਬਾਬਾ ਦੀਵਾਨ ਸਿੰਘ ਜੀ ਨੇ ਬਾਬਾ ਨਿਧਾਨ ਸਿੰਘ ਜੀ ਨੂੰ ਪੁੱਛਿਆ ਕਿ ਤੂੰ ਕਲਗੀਆਂ ਵਾਲੇ ਦੇ ਦਰਸ਼ਨ ਕਰਨੇ ਹਨ? ਬਾਬਾ ਨਿਧਾਨ ਸਿੰਘ ਜੀ ਨੇ ਦਰਸ਼ਨ ਕਰਨ ਦੀ ਇੱਛਾ ਜਤਾਈ । ਸੰਤ ਬਾਬਾ ਦੀਵਾਨ ਸਿੰਘ ਜੀ ਨੇ ਉਸ ਵੇਲੇ ਬਚਨ ਕੀਤਾ ਕਿ “ਤੁਸਾਂ ਇੱਕ ਦਿਨ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ‘ਤੇ ਜਾ ਕੇ ਸੇਵਾ ਅਤੇ ਸਿਮਰਨ ਕਰਨਾ ਹੈ, ਤੈਨੂੰ ਕਲਗੀਆਂ ਵਾਲੇ ਦੇ ਦਰਸ਼ਨ ਹੋਣਗੇ”। ਹੁਣ ਹਰ ਵੇਲੇ ਬਾਬਾ ਨਿਧਾਨ ਸਿੰਘ ਜੀ ਦੇ ਮਨ ਅੰਦਰ ਬਾਬਾ ਦੀਵਾਨ ਸਿੰਘ ਜੀ ਦੇ ਕਹੇ ਬਚਨ ਗੂੰਜਦੇ ਰਹਿੰਦੇ ਕਿ ਤੈਨੂੰ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਜਾ ਕੇ ਸੇਵਾ ਤੇ ਸਿਮਰਨ ਕਰਨ ਨਾਲ ਕਲਗੀਆਂ ਵਾਲੇ ਦੇ ਦਰਸ਼ਨ ਹੋਣਗੇ । ਜਵਾਨੀ ਵਿੱਚ ਪੈਰ ਰੱਖਦਿਆਂ ਬਾਬਾ ਨਿਧਾਨ ਸਿੰਘ ਜੀ ਪੰਜ ਨੰਬਰ ਰਸਾਲਾ ਫੌਜ ਦੇ ਵਿੱਚ ਭਰਤੀ ਹੋ ਕੇ ਝਾਂਸੀ ਚਲੇ ਗਏ ।
ਸਿਮਰਨ ਅਭਿਆਸ ਨਿਰੰਤਰ ਚਲਦਾ ਰਿਹਾ । ਸੰਤ ਬਾਬਾ ਦੀਵਾਨ ਸਿੰਘ ਜੀ ਦੇ ਕਹੇ ਹੋਏ ਬਚਨਾਂ ਅਨੁਸਾਰ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ‘ਤੇ ਸੇਵਾ ਕਰਨੀ ਤੇ ਕਲਗੀਆਂ ਵਾਲੇ ਦੇ ਦਰਸ਼ਨਾਂ ਦੀ ਤਾਂਘ ਪ੍ਰਵਲ ਹੁੰਦੀ ਗਈ। ਜਦੋਂ ਫੌਜ ਵਿੱਚ ਬਾਕੀ ਫੌਜੀ ਸਾਥੀਆਂ ਨੇ ਸੌ ਜਾਣਾ ਤਦ ਬਾਬਾ ਜੀ ਨੇ ਸਿਮਰਨ ਅਭਿਆਸ ਕਰਨ ਬਾਹਰ ਇਕਾਂਤ ਵਿੱਚ ਨਿਕਲ ਜਾਣਾ। ਇਕ ਦਿਨ ਐਸਾ ਕੌਤਕ ਵਰਤਿਆ ਕੇ ਬਾਬਾ ਜੀ ਸਮਾਧੀ ਵਿੱਚ ਲੀਨ ਹੋ ਗਏ ਤੇ ਜਦ ਸਮਾਧੀ ਖੁਲ੍ਹੀ ਤਦ ਆਪ ਆਪਣੀ ਡਿਊਟੀ ਤੋਂ ਲੇਟ ਹੋ ਚੁੱਕੇ ਸਨ। ਡਿਊਟੀ ਤੋਂ ਲੇਟ ਹੋਣ ਬਾਵਤ ਜਦ ਆਪ ਨੇ ਆਪਣੇ ਅਫਸਰ ਨਾਲ ਸਵੇਰ ਦੀ ਪਰੇਡ ਦੀ ਗੱਲ ਸ਼ੁਰੂ ਹੀ ਕਰਨ ਲੱਗੇ ਸੀ ਤਾਂ ਅੱਗੋਂ ਅਫਸਰ ਨੇ ਕਿਹਾ ਕਿ ਨਿਧਾਨ ਸਿੰਘ ਅੱਜ ਤਾਂ ਤੁਸਾਂ ਬਾ-ਕਮਾਲ ਪਰੇਡ ਕੀਤੀ। ਬਾਬਾ ਜੀ ਆਤਮ ਗਿਆਨੀ ਸਨ, ਝੱਟ ਗੱਲ ਸਮਝ ਗਏ ਜਿਸ ਮਾਲਕ ਦੀ ਚਾਕਰੀ ਅਸੀਂ ਕਰਨੀ ਹੈ ਉਹ ਅੱਜ ਮੇਰੀ ਜਗ੍ਹਾ ਡਿਊਟੀ ਕਰ ਗਏ । ਇਸ ਕੌਤਕ ਤੋਂ ਬਾਅਦ ਸ੍ਰੀ ਹਜ਼ੂਰ ਸਾਹਿਬ ਜਾਣ ਦੀ ਤੀਬਰਤਾ ਬਾਬਾ ਜੀ ਦੇ ਮਨ ਵਿੱਚ ਹੋਰ ਵਧ ਗਈ ।
ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇੱਕ ਦਿਨ ਐਸਾ ਆਇਆ ਪੰਜ ਸਿੰਘਾਂ ਦਾ ਜਥਾ ਜੋ ਸ੍ਰੀ ਹਜ਼ੂਰ ਸਾਹਿਬ ਵੱਲ ਜਾ ਰਿਹਾ ਸੀ, ਉਹਨਾਂ ਦਾ ਮਿਲਾਪ ਬਾਬਾ ਜੀ ਨਾਲ ਹੋਇਆ ਤੇ ਬਾਬਾ ਜੀ ਨੇ ਉਨਾਂ ਸਿੰਘਾਂ ਨਾਲ ਸ੍ਰੀ ਹਜ਼ੂਰ ਸਾਹਿਬ ਜਾਣ ਦੀ ਇੱਛਾ ਪ੍ਰਗਟਾਈ । ਸੀਮਤ ਘੋੜੇ ਹੋਣ ਕਰਕੇ ਸਿੰਘਾਂ ਨੇ ਨਾਲ ਲਿਜਾਣ ਲਈ ਜਵਾਬ ਦੇ ਦਿੱਤਾ । ਬਾਬਾ ਜੀ ਦੇ ਵਾਰ-ਵਾਰ ਕਹਿਣ ‘ਤੇ ਉਨ੍ਹਾਂ ਸਿੰਘਾਂ ਨੇ ਬਾਬਾ ਜੀ ਨੂੰ ਅਬਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਲ ਲੈ ਜਾਣ ਲਈ ਹਾਂ ਕਰ ਦਿੱਤੀ । ਉਹ ਜਥਾ ਬਾਬਾ ਨਿਧਾਨ ਸਿੰਘ ਜੀ ਨੂੰ ਆਪਣੇ ਨਾਲ ਸ੍ਰੀ ਹਜ਼ੂਰ ਸਾਹਿਬ ਲੈ ਗਿਆ । ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ‘ਤੇ ਜਾ ਕੇ ਬਾਬਾ ਨਿਧਾਨ ਸਿੰਘ ਜੀ ਨੇ ਗੋਦਾਵਰੀ ਨਦੀ ਤੋਂ ਜ਼ਲ ਢੋਣ ਦੀ ਸੇਵਾ, ਸਿੱਖ ਸੰਗਤਾਂ ਨੂੰ ਪੱਖਾ ਝੱਲਣ ਦੀ ਸੇਵਾ ਆਦਿ ਆਰੰਭ ਕਰ ਦਿੱਤੀ। ਜਿਨ੍ਹਾਂ ਗਾਗਰਾਂ ਦੇ ਨਾਲ ਬਾਬਾ ਜੀ ਜਲ ਦੀ ਸੇਵਾ ਕਰਦੇ ਸਨ, ਉਹਨਾਂ ਦੇ ਨਾਮ ਗੁਰ ਦਿਤੀ ਤੇ ਰਾਮ ਪਿਆਰੀ ਰੱਖੇ ਹੋਏ ਸਨ । ਬਾਬਾ ਜੀ ਨੇ 12 ਸਾਲ ਦੇ ਕਰੀਬ ਗਾਗਰਾਂ ਨਾਲ ਜ਼ਲ ਢੋਣ ਦੀ ਸੇਵਾ ਕੀਤੀ ਤੇ ਨਾਲ ਸਿਮਰਨ ਵੀ ਜਾਰੀ ਰੱਖਿਆ। ਨਿਸ਼ਕਾਮ ਸੇਵਾ ਤੇ ਸਿਮਰਨ ਦੀ ਕਮਾਈ ਕਰਕੇ ਸਿੱਖ ਸੰਗਤਾਂ ਦੇ ਵਿੱਚ ਬਾਬਾ ਜੀ ਦੀ ਪ੍ਰਸਿੱਧੀ ਵਧਣ ਲੱਗੀ। ਬਾਬਾ ਜੀ ਦੀ ਪ੍ਰਸਿੱਧੀ ਦੇਖ ਈਰਖਾਲੂ ਲੋਕਾਂ ਵਿੱਚ ਵੀ ਈਰਖਾ ਵਧਣ ਲੱਗੀ । ਬਾਬਾ ਜੀ ਦੀ ਐਸੀ ਅਵਸਥਾ ਬਣ ਗਈ ਸੀ ਕਿ ਹਰ ਅੰਮ੍ਰਿਤਧਾਰੀ ਗੁਰਸਿੱਖ ਵਿੱਚ ਕਲਗੀਆਂ ਵਾਲੇ ਦੇ ਦਰਸ਼ਨ ਕਰਦੇ ਸਨ ।
ਇਕ ਦਿਨ ਐਸਾ ਕੌਤਕ ਹੋਇਆ ਕਿ ਰਾਤ ਵੇਲੇ ਇੱਕ ਅੰਮ੍ਰਿਤਧਾਰੀ ਸਿੱਖ ਸਾਦੇ ਲਿਬਾਸ ਵਿੱਚ ਸੱਚਖੰਡਿ ਵਿਖੇ ਪੁੱਜਾ ਤੇ ਬਾਬਾ ਨਿਧਾਨ ਸਿੰਘ ਜੀ ਨੂੰ ਕੁੱਝ ਛਕਾਉਣ ਲਈ ਬੇਨਤੀ ਕੀਤੀ। ਉਨ੍ਹਾਂ ਸਮਿਆਂ ਦੇ ਵਿੱਚ ਪ੍ਰਬੰਧਕ ਰਾਤ ਸਮੇਂ ਲੰਗਰ ਨੂੰ ਜਿੰਦਾ ਲਗਾ ਦਿੰਦੇ ਸੀ । ਬਾਬਾ ਨਿਧਾਨ ਸਿੰਘ ਜੀ ਨੇ ਉਸ ਸਿੱਖ ਨੂੰ ਜ਼ਲ ਛਕਾਇਆ ਤੇ ਲੰਗਰ ਸਵੇਰੇ ਛਕਾਉਣ ਦੀ ਬੇਨਤੀ ਕੀਤੀ । ਪਰ ਉਸ ਸਿੱਖ ਨੇ ਬਹੁਤ ਜਿਆਦਾ ਭੁੱਖ ਲੱਗੀ ਹੋਣ ਕਾਰਨ ਫਿਰ ਪ੍ਰਸ਼ਾਦੇ ਦੀ ਮੰਗ ਕੀਤੀ। ਸਿੱਖ ਦੀ ਐਸੀ ਦਸ਼ਾ ਦੇਖ ਕੇ ਬਾਬਾ ਜੀ ਨੇ ਲੰਗਰ ਦਾ ਤਾਲਾ ਤੋੜ ਕੇ ਸਿੱਖ ਨੂੰ ਪ੍ਰਸ਼ਾਦਾ ਛਕਾਇਆ । ਸਵੇਰੇ ਜਦੋਂ ਪ੍ਰਬੰਧਕ ਪਹੁੰਚੇ ਤਾਂ ਬਾਬਾ ਜੀ ਨੇ ਰਾਤ ਵਾਲੀ ਘਟਨਾ ਪ੍ਰਬੰਧਕਾਂ ਨੂੰ ਦੱਸਣੀ ਕੀਤੀ । ਉਹਨਾਂ ਵਿੱਚ ਬਾਬਾ ਜੀ ਨਾਲ ਈਰਖਾ ਕਰਨ ਵਾਲੇ ਈਰਖ਼ਾਲੂਆ ਨੂੰ ਮੌਕਾ ਮਿਲ ਗਿਆ ਤੇ ਉਨ੍ਹਾਂ ਬਾਬਾ ਜੀ ਨਾਲ ਬਦਸਲੂਕੀ ਕਰਦਿਆਂ ਅਪ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ । ਬਾਬਾ ਜੀ ਦਾ ਮਨ ਬਹੁਤ ਬੈਰਾਗ ਵਿੱਚ ਆ ਗਿਆ ਤੇ ਬਾਬਾ ਜੀ ਨੇ ਆਪਣਾ ਮਨ ਆਪਣੇ ਨਗਰ ਨਡਾਲੋਂ ਵਿਚ ਆਉਣ ਦਾ ਬਣਾ ਲਿਆ। ਬਾਬਾ ਜੀ ਸਟੇਸ਼ਨ ‘ਤੇ ਪਹੁੰਚ ਗਏ ।
ਮਨ ਬੈਰਾਗ ਦੇ ਵਿੱਚ ਭਿਜਿਆ ਹੋਇਆ ਸੀ ਤੇ ਰੇਲ ਗੱਡੀ ਆਉਣ ਦੇ ਵਿੱਚ ਸਮਾਂ ਹੋਣ ਕਾਰਨ ਬਾਬਾ ਜੀ ਇਕ ਇਮਲੀ ਦੇ ਦਰਖਤ ਹੇਠ ਬੈਠ ਗਏ। ਉੱਥੇ ਉਸ ਕਰਤੇ ਨੂੰ ਯਾਦ ਕਰਨ ਲੱਗੇ ਸਮਾਧੀ ਲੀਨ ਹੋਏ ਬਾਬਾ ਨਿਧਾਨ ਸਿੰਘ ਜੀ ਨੂੰ ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਹੋਏ। ਬਾਬਾ ਨਿਧਾਨ ਸਿੰਘ ਜੀ ਨੇ ਉਹਨਾਂ ਨਾਲ ਜੋ ਭਾਣਾ ਵਰਤਿਆ ਸਤਿਗੁਰਾਂ ਅੱਗੇ ਬਿਆਨ ਕੀਤਾ ਤੇ ਆਪਣੇ ਦੇਸ਼ ਪੰਜਾਬ ਜਾਣ ਦੀ ਗੱਲ ਆਖੀ । ਉਸ ਸਮੇਂ ਸਤਿਗੁਰਾਂ ਬਚਨ ਕੀਤਾ ਕਿ ਗੁਰਮੁਖਾ ਇਸ ਧਰਤੀ ਤੇ ਲੰਗਰਾਂ ਦੀਆਂ ਵੱਡੀਆਂ ਸੇਵਾਵਾਂ ਕਰਵਾਉਣੀਆਂ ਤੇ ਇੱਥੇ ਰਹਿ ਕਰਕੇ ਸਿੱਖ ਸੰਗਤਾਂ ਦੀ ਸੇਵਾ ਕਰਨੀ। ਗੁਰੂ ਸਾਹਿਬ ਜੀ ਨੇ ਜੋ ਮੌਜੂਦਾ ਲੰਗਰ ਸਾਹਿਬ ਵਾਲਾ ਅਸਥਾਨ ਹੈ, ਇਸ ਵੱਲ ਇਸ਼ਾਰਾ ਕਰਕੇ ਸਿੱਖ ਸੰਗਤਾਂ ਦੀ ਸੇਵਾ ਕਰਨ ਦਾ ਹੁਕਮ ਕੀਤਾ ਤੇ ਬਚਨ ਕੀਤਾ ਕਿ ਅਸੀਂ ਆਪ ਜੀ ਦੀ ਪ੍ਰੀਖਿਆ ਲੈਣ ਵਾਸਤੇ ਲੰਗਰ ਦੇ ਤਾਲੇ ਤੁੜਵਾਏ ਸਨ। ਤੁਹਾਡੀ ਸੇਵਾ ਪਰਵਾਨ ਹੋਈ ਹੈ । ਉਨ੍ਹਾਂ ਕਿਹਾ ਸਾਡੇ ਸਿੰਘ ਹੀ ਤਹਾਨੰ ਝਾਂਸੀ ਤੋਂ ਇੱਥੇ ਲੈ ਕੇ ਆਏ ਸਨ ਤੁਸੀਂ ਇਸ ਧਰਤੀ ਤੇ ਵੱਡੀਆਂ ਸੇਵਾਵਾਂ ਨਿਭਾਉਣੀਆਂ ਹਨ ।
ਬਾਬਾ ਨਿਧਾਨ ਸਿੰਘ ਜੀਆਂ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ ਮੇਰੇ ਕੋਲ ਤਾਂ ਸੇਵਾਵਾਂ ਕਰਵਾਉਣ ਦੇ ਲਈ ਕੁੱਝ ਵੀ ਨਹੀਂ ਹੈ। ਉਸ ਸਮੇਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਨਿਧਾਨ ਸਿਹਾਂ “ਖੀਸਾ ਮੇਰਾ ਹੱਥ ਤੇਰਾ” ਜਿੱਦਾਂ ਮਰਜ਼ੀ ਲੰਗਰਾਂ ਦੀ ਸੇਵਾ ਕਰਵਾਈ । ਗੁਰੂ ਸਾਹਿਬ ਨੇ ਬਾਬਾ ਜੀ ਨੂੰ ਜਿੱਥੇ ਆਪ 24 ਘੰਟਿਆਂ ਵਿੱਚ ਇੱਕ ਵਾਰ ਲੰਗਰ ਵਿੱਚ ਪ੍ਰਸ਼ਾਦਾ ਛਕਣ ਦਾ ਬਚਨ ਕੀਤਾ ਉੱਥੇ ਇਤਿਹਾਸਕ ਅਸਥਾਨਾਂ ਦੀ ਸੇਵਾ ਕਰਵਾਉਣ ਦਾ ਵੀ ਹੁਕਮ ਕੀਤਾ । ਦਸ਼ਮੇਸ਼ ਪਿਤਾ ਜੀ ਦੇ ਹੁਕਮ ਦੇ ਨਾਲ ਜੋ ਮੌਜੂਦਾ ਲੰਗਰ ਸਾਹਿਬ ਦਾ ਅਸਥਾਨ ਹੈ, ਜਿਸ ਵੱਲ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ ਸੀ ਬਾਬਾ ਜੀ ਨੇ ਸੇਵਾ ਕਰਨ ਦਾ ਵਿਚਾਰ ਬਣਾ ਲਿਆ ਤੇ ਸੇਵਾ ਕਰਨ ਲਈ ਓਥੇ ਰੁਕੇ ਤੇ ਟਰੇਨ ਆਉਣ ਤੇ ਕੁਝ ਕੁ ਫੌਜੀ ਸਿੰਘ ਬਾਬਾ ਜੀ ਕੋਲ ਪੁੱਜੇ ਤੇ ਗੁਰੂ ਸਾਹਿਬ ਜੀ ਦੇ ਕਹੇ ਅਨੁਸਾਰ ਲੰਗਰ ਸਾਹਿਬ ਵਾਲੇ ਅਸਥਾਨ ਤੇ ਪੁੱਜ ਕਰਕੇ ਸੇਵਾ ਆਰੰਭ ਕਰ ਦਿੱਤੀ ।
ਪਹਿਲਾਂ ਸੇਵਾ ਜਲ ਤੇ ਛੋਲਿਆਂ ਦੀ ਸੇਵਾ ਤੋਂ ਆਰੰਭ ਕੀਤੀ ਉੱਪਰੰਤ ਲੰਗਰ ਜੋ ਅੱਜ ਤੱਕ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ 24 ਘੰਟੇ ਚੱਲ ਰਿਹਾ ਹੈ। ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤਾਂ ਦੇ ਸਹਿਯੋਗ ਨਾਲ ਹੌਲੀ ਹੌਲੀ ਲੰਗਰਾਂ ਤੇ ਰਿਹਾਇਸ਼ੀ ਸੇਵਾਵਾਂ ਦੇ ਪ੍ਰਬੰਧ ਹੋਣੇ ਸ਼ੁਰੂ ਹੋ ਗਏ। ਪਿੰਡ ਨਡਾਲੋਂ ਦੇ ਨਾਲਦੇ ਪਿੰਡ ਬੱਡੋ ਦੇ ਸਰਦਾਰ ਕੁੰਦਨ ਸਿੰਘ ਪਰਮਾਰ ਨੇ ਸਰਾਵਾਂ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ। ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਲੰਗਰ ਸਾਹਿਬ ਵਾਲੇ ਅਸਥਾਨ ਤੇ ਜਾ ਕਰਕੇ ਪ੍ਰਸ਼ਾਦਾ ਛਕਣਾ ਉੱਥੇ ਟਿਕਾਣਾ ਕਰਨਾ ਤੇ ਸੱਚਖੰਡ ਸਾਹਿਬ ਜੀ ਦੇ ਦਰਸ਼ਨ ਕਰਨੇ। ਇਸ ਦੌਰਾਨ ਗੁਰੂ ਸਾਹਿਬ ਜੀ ਦੇ ਇਤਿਹਾਸਿਕ ਅਸਥਾਨਾਂ ਦੀ ਨਿਸ਼ਾਨਦੇਹੀ ਕਰਕੇ ਬਾਬਾ ਜੀ ਨੇ ਸੇਵਾਵਾਂ ਆਰੰਭ ਕਰ ਦਿੱਤੀਆਂ। ਬਾਅਦ ਵਿੱਚ ਗੁਰਦੁਆਰਾ ਗੁਪਤਸਰ ਮਨਮਾੜ ਤੇ ਜੋ ਅੱਜ ਕੱਲ ਜੋ ਪਾਕਿਸਤਾਨ ਵਿੱਚ ਗੁਰਦੁਆਰਾ ਸਹਿਬਾਨ ਹਨ ਉਹਨਾਂ ਵਿੱਚੋ ਕਾਫੀ ਅਸਥਾਨਾਂ ਦੀਆਂ ਸੇਵਾਵਾਂ, ਫੌਜ ਦੀਆਂ ਛਾਉਣੀਆਂ ਤੇ ਮਹਾਰਾਸ਼ਟਰ ਦੀ ਧਰਤੀ ਦੇ ਅੰਦਰ ਅਨੇਕਾਂ ਗੁਰਅਸਥਾਨਾਂ ਦੀ ਸੇਵਾ ਕਰਵਾਈ। ਆਪਣੇ ਨਗਰ ਪਿੰਡ ਨਡਾਲੋ ਵਿਖੇ ਧਰਮਸ਼ਾਲਾ ਭਾਈ ਦੀਵਾਨ ਸਿੰਘ ਜੀ ਗੁਰਦੁਆਰਾ ਸਾਹਿਬ ਦੀ 1920 ਈਸਵੀ ਦੇ ਕਰੀਬ ਸੇਵਾ ਕਰਵਾਈ ਤੇ ਬਾਬਾ ਜੀ ਦਿਨ ਰਾਤ ਸਿੱਖ ਸੰਗਤਾਂ ਦੀ ਸੇਵਾ ਵਿੱਚ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ । ਗੁਰੂ ਦੀਆਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਉਣਾ, ਰਿਹਾਇਸ਼ ਦੇ ਪ੍ਰਬੰਧ ਕਰਨੇ, ਸਟੇਸ਼ਨ ਤੋਂ ਗਡਿਆਂ ਰਾਹੀਂ ਸੰਗਤਾਂ ਨੂੰ ਲੈ ਕੇ ਆਉਣਾ ਆਦਿ ਸੇਵਾਵਾਂ ਕਰਦੇ ਰਹੇ ।
ਇਕ ਵਾਰ ਫਿਰ ਸੰਨ 1944 ਦੇ ਕਰੀਬ ਇਕ ਬਹੁਤ ਵੱਡਾ ਸਮਾਗਮ ਧਰਮਸ਼ਾਲਾ ਭਾਈ ਦੀਵਾਨ ਸਿੰਘ ਜੀ ਪਿੰਡ ਨਡਾਲੋ ਵਿਖੇ ਕਰਵਾਇਆ ਤੇ ਕੁਝ ਦਿਨ ਆਪਣੇ ਇਲਾਕੇ ਵਿੱਚ ਰਹਿ ਕੇ ਸਿੱਖੀ ਦਾ ਪ੍ਰਚਾਰ ਕੀਤਾ । ਪਿੰਡ ਪਧਿਆਣਾ, ਘੜਿਆਲ, ਨਰੂੜ, ਡਾਂਡੀਆਂ, ਜਲਵੇਹੜਾ ਆਦਿ ਪਿੰਡਾਂ ਵਿੱਚ ਦੀਵਾਨ ਸਜਾ ਕਰਕੇ ਸਿੱਖ ਧਰਮ ਦੇ ਨਾਲ ਜੋੜਿਆ। ਇਸ ਇਲਾਕੇ ਵਿੱਚ ਬਹੁ ਗਿਣਤੀ ਸਨਾਤਮ ਧਰਮ ਨਾਲ ਜੁੜੇ ਹੋਏ ਲੋਕ ਸਨ ਤੇ ਆਪ ਜੀ ਨੇ ਸਿੱਖੀ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨਾ ਕੀਤਾ। ਆਪ ਜੀ ਆਪਣੇ ਜੀਵਨ ਦੇ ਵਿੱਚ ਸਿੱਖ ਸੰਗਤਾਂ ਨੂੰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਨਾਲ ਜੁੜ ਕਰਕੇ ਜੀਵਨ ਸਫਲ ਕਰਨ ਦਾ ਸ਼ੁਭ ਸੰਦੇਸ਼ ਦਿੰਦੇ ਰਹੇ। ਆਪ ਨੇ ਗੁਰਦੁਆਰਾ ਸਾਹਿਬਾਨਾਂ ਦੀਆਂ ਉਸਾਰੀਆਂ ਤੇ ਲੰਗਰਾਂ ਦੀਆਂ ਸੇਵਾਵਾਂ ਕਰਦਿਆਂ ਆਪਣਾ ਜੀਵਨ ਬਤੀਤ ਕੀਤਾ। ਆਪ ਉਕਤ ਕਾਰਜ ਕਰਦੇ ਅੰਤ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਦੀਆਂ ਸੇਵਾਵਾਂ ਸੰਤ ਬਾਬਾ ਹਰਨਾਮ ਸਿੰਘ ਜੀ ਨੂੰ ਸੌਂਪ ਕੇ 20 ਸਾਵਣ 4 ਅਗਸਤ 1947 ਈਸਵੀ ਨੂੰ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਸੱਚਖੰਡਿ ਪਿਆਨਾ ਕਰ ਗਏ । 1947 ਤੋਂ 1979 ਈਸਵੀ ਤੱਕ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਸੇਵਾਵਾਂ ਨਿਭਾਈਆਂ, 1979 ਤੋਂ 1983 ਤੱਕ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਜੀ ਨੇ ਲੰਗਰ ਸਾਹਿਬ ਦੀਆਂ ਸੇਵਾਵਾਂ ਨਿਭਾਈਆਂ, 1983 ਤੋਂ 2005 ਤੱਕ ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੇ ਸੇਵਾ ਸੰਭਾਲ ਕੀਤੀ । ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੇ ਇਤਿਹਾਸਿਕ ਅਸਥਾਨਾਂ, ਵੱਡੀਆਂ ਰਿਹਾਇਸ਼ੀ ਬਿਲਡਿੰਗਾਂ ਤੇ ਕੌਮੀ ਕਾਰਜਾਂ ਵਿੱਚ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਵੱਡੇ-ਵੱਡੇ ਕਾਰਜ ਕੀਤੇ ।
2005 ਤੋਂ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ-ਸ਼੍ਰੀ ਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਵੱਡੇ ਪੱਧਰ ਤੇ ਲੰਗਰਾਂ,ਇਤਿਹਾਸਕ ਅਸਥਾਨਾਂ, ਰਿਹਾਇਸ਼ੀ ਬਿਲਡਿੰਗਾਂ, ਸਕੂਲ ਵਿਦਿਆਲੇ ਤੇ ਸਿੱਖ ਸੰਗਤਾਂ ਨੂੰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੋੜਨ ਦੀਆਂ ਸੇਵਾਵਾਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਨਿਭਾ ਰਹੇ ਹਨ । ਇੰਨਾਂ ਹੀ ਨਹੀਂ ਕੌਮੀ ਕਾਰਜਾਂ ਵਿੱਚ ਵੀ ਇਹ ਸੰਸਥਾ ਅੱਗੇ ਹੋ ਕੇ ਰੋਲ ਨਿਭਾ ਰਹੀ ਹੈ। 1980 ਈਸਵੀ ‘ਚ ਪਿੰਡ ਨਡਾਲੋਂ ਵਿੱਚ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ, ਸੰਤ ਕਰਤਾਰ ਸਿੰਘ ਜੀ ਗੋਇੰਦਵਾਲ ਸਾਹਿਬ ਨੇ ਧਰਮਸ਼ਾਲਾ ਭਾਈ ਦੀਵਾਨ ਸਿੰਘ ਜੀ (ਗੁਰੂਦਵਾਰਾ ਸੰਤ ਬਾਬਾ ਦੀਵਾਨ ਸਿੰਘ ਜੀ ਸੰਤ ਬਾਬਾ ਨਿਧਾਨ ਸਿੰਘ ਜੀ )ਦੀ ਨਵ-ਉਸਾਰੀ ਕਰਵਾਈ ਸੀ । 2008 ਈਸਵੀ ਦੇ ਵਿੱਚ 300 ਸਾਲਾ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਤੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਕਾਸ਼ ਪਿਆਨੇ ਦੇ ਸਬੰਧ ਦੇ ਵਿੱਚ ਵਿਸ਼ਵ ਪੱਧਰੀ ਸਮਾਗਮ ਕਰਵਾਏ ਗਏ। ਇਹਨਾਂ ਸਮਾਗਮਾਂ ਵਿੱਚ ਸੰਤ ਬਾਬਾ ਨਰਿੰਦਰ ਸਿੰਘ ਜੀ-ਸੰਤ ਬਾਬਾ ਬਲਵਿੰਦਰ ਸਿੰਘ ਜੀ ਦੇ ਹੁਕਮ ਅਨੁਸਾਰ ਦੁਆਬੇ ਦੀ ਧਰਤੀ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਤਨ, ਮਨ ਤੇ ਧਨ ਕਰਕੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਸੇਵਾਵਾਂ ਕੀਤੀਆਂ ਤੇ ਸੇਵਾਵਾਂ ਦੌਰਾਨ ਸਿੱਖ ਸੰਗਤਾਂ ਨੇ ਦੁਆਬੇ ਦੀ ਧਰਤੀ ਤੇ ਪਿੰਡ ਨਡਾਲੋਂ ਵਿਖੇ ਬਾਬਾ ਨਿਧਾਨ ਸਿੰਘ ਜੀ ਦੀ ਵੱਡੀ ਯਾਦਗਾਰ ਬਣਾਉਣ ਲਈ ਬੇਨਤੀ ਕੀਤੀ ।
ਮਹਾਪੁਰਖਾਂ ਨੇ ਬੇਨਤੀ ਪ੍ਰਵਾਨ ਕਰਦਿਆਂ!ਸੰਨ 2013 ਵਿੱਚ ਪਿੰਡ ਨਡਾਲੋਂ ਵਿਖੇ ਮਾਤਾ ਗੁਲਾਬ ਕੌਰ ਜੀ ਪਿਤਾ ਸਰਦਾਰ ਉੱਤਮ ਸਿੰਘ ਜੀ ਦੇ ਗ੍ਰਹਿ ਵਿਖੇ ਜਿਸ ਅਸਥਾਨ ਤੇ ਬਾਬਾ ਨਿਧਾਨ ਸਿੰਘ ਜੀ ਦਾ ਜਨਮ ਹੋਇਆ ਸੀ ਉਸ ਅਸਥਾਨ ਤੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਸੇਵਾ ਆਰੰਭ ਕਰ ਦਿੱਤੀ ।ਪਿੰਡ ਦੀ ਸੰਘਣੀ ਵਸੋਂ ਹੋਣ ਕਰਕੇ 2013 ਤੋਂ 2017 ਤੱਕ 65 ਤੋਂ 70 ਦੇ ਕਰੀਬ ਨਵੇਂ ਘਰ ਬਣਾ ਕਰਕੇ ਗੁਰੂ ਦਰਬਾਰ ਦੇ ਲਈ ਜਗ੍ਹਾ ਖਾਲੀ ਕਰਵਾਈ ਗਈ । 19 ਫਰਵਰੀ 2017 ਈਸਵੀ ਨੂੰ ਸ਼੍ਰੀ ਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ-ਸੰਤ ਬਾਬਾ ਬਲਵਿੰਦਰ ਸਿੰਘ ਜੀ ਨੇ ਇਸ ਅਸਥਾਨ ਦੀ ਕਾਰ ਸੇਵਾ ਦਾ ਸ਼ੁਭ ਆਰੰਭ ਕੀਤਾ। 4 ਫਰਵਰੀ ਨੂੰ ਹਰ ਸਾਲ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਵਿਖੇ ਬਾਬਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ! ਤੇ ਜੂਨ ਦੇ ਪਹਿਲੇ ਐਤਵਾਰ ਜੋ ਕਾਰ ਸੇਵਾ ਵਾਲੇ ਸਿੰਘ ਜੋ 1984 ਚ ਅਕਾਲ ਤਖ਼ਤ ਸਾਹਿਬ ਤੇ ਹੋਏ ਘਲੂਘਾਰੇ ਚ ਸ਼ਹੀਦ ਹੋਏ ਓਹਨਾ ਸਿੰਘਾਂ ਦੀ ਯਾਦ ਚ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਨੇ! ਸੰਤ ਬਾਬਾ ਨਰਿੰਦਰ ਸਿੰਘ ਜੀ-ਸੰਤ ਬਾਬਾ ਬਲਵਿੰਦਰ ਸਿੰਘ ਜੀ ਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਦੀਆਂ ਸੇਵਾਵਾਂ ਕਰਵਾ ਰਹੇ ਹਨ।
ਗੁਰਦੁਆਰਾ ਲੰਗਰ ਸਾਹਿਬ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਜਿੱਥੇ ਲੰਗਰਾਂ ਦੀਆਂ ਸੇਵਾਵਾਂ, ਇਤਿਹਾਸਕ ਅਸਥਾਨ, ਸਕੂਲ-ਵਿਦਿਆਲੇ ਤੇ ਕੌਮੀ ਕਾਰਜਾਂ ਦੇ ਵਿੱਚ ਭਾਰਤ ਵਰਸ਼ ਅੰਦਰ ਵੱਡੀਆਂ ਸੇਵਾਵਾਂ ਨਿਭਾ ਰਿਹਾ ਹੈ ਉੱਥੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੋ ਸਤਿਗੁਰਾਂ ਨੇ ਬਾਬਾ ਨਿਧਾਨ ਸਿੰਘ ਜੀ ਨੂੰ ਬਰ ਬਖਸ਼ੇ “ਖੀਸਾ ਮੇਰਾ ਹੱਥ ਤੇਰਾ” ਨਿਰੰਤਰ ਵਰਤ ਰਹੇ ਹਨ ।ਸੰਪਰਦਾਇ ਚੜ੍ਹਦੀ ਕਲਾ ਦੇ ਨਾਲ ਪੰਥ ਤੇ ਕੌਮ ਦੀ ਸੇਵਾ ਨਿਭਾ ਰਹੀ ਹੈ!
ਵਾਹਿਗੁਰੂ ਜੀ ਕਾ ਖਾਲਸਾ|| ਵਾਹਿਗੁਰੂ ਜੀ ਕੀ ਫਤਿਹ||

















































