ਸੜਕ ਸੁਰੱਖਿਆ ਮਹੀਨੇ ਤਹਿਤ ਅੱਖਾਂ ਦਾ ਚੈੱਕਅਪ ਕੈਂਪ ਲਾਇਆ, 76 ਲੋਕਾਂ ਦੀਆਂ ਅੱਖਾਂ ਦੀ ਜਾਂਚ

ਜਲੰਧਰ, 16 ਜਨਵਰੀ : ਸੜਕ ਹਾਦਸਿਆਂ ਨੂੰ ਰੋਕਣ ਅਤੇ ਆਮ ਲੋਕਾਂ ਵਿੱਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਦੇ ਉਦੇਸ਼ ਨਾਲ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨਾ-2026 ਤਹਿਤ ਰੀਜ਼ਨਲ ਟਰਾਂਸਪੋਰਟ ਦਫ਼ਤਰ ਵਲੋਂ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਥਿੰਦ ਆਈ ਹਸਪਤਾਲ ਦੇ ਸਹਿਯੋਗ ਨਾਲ ਅੱਖਾਂ ਦਾ ਵਿਸ਼ੇਸ਼ ਜਾਂਚ ਕੈਂਪ ਲਗਾਇਆ ਗਿਆ, ਜਿਸ ਦੌਰਾਨ 76 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।

ਸਥਾਨਕ ਰੈਡ ਕਰਾਸ ਭਵਨ ਵਿਖੇ ਲਗਾਏ ਗਏ ਕੈਂਪ ਬਾਰੇ ਦੱਸਦਿਆਂ ਰੀਜਨਲ ਟਰਾਂਸਪੋਰਟ ਅਫ਼ਸਰ ਅਮਨਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਤਹਿਤ ਵਾਹਨ ਚਾਲਕਾਂ ਦੀਆਂ ਅੱਖਾਂ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜ਼ਿੰਮੇਵਾਰੀ ਨਾਲ ਪਾਲਣਾ ਕਰਨ ਅਤੇ ਵਾਹਨ ਚਾਲਕਾਂ ਨੂੰ ਆਪਣੀਆਂ ਅੱਖਾਂ ਦੀ ਨਿਯਮਿਤ ਤੌਰ ‘ਤੇ ਜਾਂਚ ਕਰਵਾਉਣ ਦੀ ਅਪੀਲ ਵੀ ਕੀਤੀ।

ਸਹਾਇਕ ਰੀਜ਼ਨਲ ਟਰਾਂਸਪੋਰਟ ਅਫ਼ਸਰ ਵਿਸ਼ਾਲ ਗੋਇਲ ਨੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸੁਰਜੀਤ ਲਾਲ ਅਤੇ ਸੁਸਾਇਟੀ ਦਾ ਹੋਰ ਸਟਾਫ਼ ਵੀ ਮੌਜੂਦ ਸੀ।

ਇਸੇ ਤਰ੍ਹਾਂ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ-2026 ਤਹਿਤ ਪੀ.ਏ.ਪੀ. ਚੌਕ ਜਲੰਧਰ ਵਿਖੇ ਵੀ ਜਾਗਰੂਕਤਾ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਰੀਜਨਲ ਟਰਾਂਸਪੋਰਟ ਅਫ਼ਸਰ ਅਮਨਪਾਲ ਸਿੰਘ  ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੜਕ ਸੁਰੱਖਿਆ ਅਭਿਆਨ ਤਹਿਤ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਅਵਾਜਾਈ ਨਿਯਮਾਂ ਦੀ ਪੂਰੀ ਸੰਜੀਦਗੀ ਨਾਲ ਪਾਲਣਾ ਕੀਤੀ ਜਾਵੇ। ਇਸ ਮੌਕੇ ਵਾਹਨ ਚਾਲਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਸਬੰਧੀ ਪੈਂਫਲੈੱਟ ਵੀ ਤਕਸੀਮ ਕੀਤੇ ਗਏ।

Leave a Comment

Your email address will not be published. Required fields are marked *

Scroll to Top