ਨਾਮਧਾਰੀ ਸੰਪਰਦਾ ਦੀ ਦਲੇਰੀ ਤੇ ਤਿਆਗ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ: ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ

ਚੰਡੀਗੜ੍ਹ/ਮਾਲੇਰਕੋਟਲਾ, 17 ਜਨਵਰੀ – ਨਾਮਧਾਰੀ ਸੰਪਰਦਾ ਵੱਲੋਂ ਦੇਸ਼ ਦੀ ਆਜ਼ਾਦੀ, ਧਰਮ ਅਤੇ ਮਨੁੱਖੀ ਕਦਰਾਂ ਦੀ ਰੱਖਿਆ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਭਾਰਤੀ ਇਤਿਹਾਸ ਵਿੱਚ ਸਦਾ ਸੁਨਹਿਰੀ ਅੱਖਰਾਂ ਨਾਲ ਦਰਜ ਰਹਿਣਗੀਆਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਨਾਮਧਾਰੀ ਸ਼ਹੀਦੀ ਸਮਾਰਕ ਮਾਲੇਰਕੋਟਲਾ ਵਿਖੇ 66 ਨਾਮਧਾਰੀ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਕਰਵਾਏ ਗਏ ਰਾਜ ਪੱਧਰੀ ਸ਼ਹੀਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।

ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਨਾਮਧਾਰੀ ਸੰਪਰਦਾ ਸਾਦਗੀ, ਸੱਚਾਈ, ਨਿਮਰਤਾ ਅਤੇ ਤਿਆਗ ਦੀ ਜਿਊਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਦਰਸਾਏ ਅਹਿੰਸਾ, ਨਾ-ਮਿਲਵਰਤਨ ਅਤੇ ਨਾ-ਫੁਰਮਾਨੀ ਦੇ ਰਸਤੇ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਨਵੀਂ ਦਿਸ਼ਾ ਦਿੱਤੀ। ਇਤਿਹਾਸ ਗਵਾਹ ਹੈ ਕਿ ਅੰਗਰੇਜ਼ ਹਕੂਮਤ ਦੇ ਖ਼ਿਲਾਫ਼ ਲੋਕਾਂ ਵਿੱਚ ਜਾਗਰੂਕਤਾ ਦੀ ਚੰਗਿਆੜੀ ਮਾਲੇਰਕੋਟਲਾ ਦੀ ਇਸ ਪਵਿੱਤਰ ਧਰਤੀ ਤੋਂ ਹੀ ਉੱਠੀ ਸੀ।

ਉਨ੍ਹਾਂ ਕਿਹਾ ਕਿ 66 ਨਾਮਧਾਰੀ ਸ਼ਹੀਦ ਸਿੰਘਾਂ ਦੀ ਕੁਰਬਾਨੀ ਸਿਰਫ਼ ਇੱਕ ਧਾਰਮਿਕ ਸੰਪਰਦਾ ਦੀ ਨਹੀਂ, ਸਗੋਂ ਪੂਰੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੀ ਬੁਨਿਆਦ ਹੈ। ਅੱਜ ਦੀ ਪੀੜ੍ਹੀ ਲਈ ਇਹ ਬਲਿਦਾਨ ਪ੍ਰੇਰਣਾ ਸਰੋਤ ਹਨ ਕਿ ਅਸੀਂ ਸੱਚ, ਇਮਾਨਦਾਰੀ ਅਤੇ ਦੇਸ਼ ਸੇਵਾ ਦੇ ਰਸਤੇ ’ਤੇ ਅੱਗੇ ਵਧੀਏ।

ਉਨ੍ਹਾਂ ਕਿਹਾ ਕਿ ਸੰਪਰਦਾ ਵੱਲੋਂ ਪੰਜਾਬ ਸਰਕਾਰ ਨੂੰ ਜੋ ਸੇਵਾ ਲਗਾਈ ਜਾਵੇਗੀ, ਉਹ ਸਿਰ ਨਿਵਾ ਕੇ ਪੂਰੀ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰੂਆਂ ਅਤੇ ਨਾਮਧਾਰੀ ਸੰਪਰਦਾ ਵੱਲੋਂ ਦਰਸਾਏ ਮਾਰਗ ’ਤੇ ਚੱਲਦਿਆਂ ਆਪਣੀ ਜ਼ਿੰਦਗੀ ਨੂੰ ਉੱਚੇ ਆਦਰਸ਼ਾਂ ਨਾਲ ਜੋੜਨ ਅਤੇ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਵਿੱਚ ਆਪਣਾ ਅਹਿਮ ਰੋਲ ਅਦਾ ਕਰਨ।  

ਸਮਾਗਮ ਨੂੰ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਅਤੇ ਨਾਮਧਾਰੀ ਸੁਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ, ਵਿਧਾਇਕ ਸਮਰਾਲਾ ਜਗਤਾਰ ਸਿੰਘ ਦਿਆਲਪੁਰ, ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ, ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਐਸ.ਪੀ.ਸਤਪਾਲ ਸ਼ਰਮਾ, ਐਸ.ਡੀ.ਐਮ. ਗੁਰਮੀਤ ਕੁਮਾਰ ਬਾਂਸਲ ਅਤੇ ਵੱਡੀ ਗਿਣਤੀ ਵਿੱਚ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਸੰਗਤਾਂ ਹਾਜ਼ਰ ਸਨ। ਸਮੂਹ ਸੰਗਤ ਵੱਲੋਂ 66 ਨਾਮਧਾਰੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਉਨ੍ਹਾਂ ਦੇ ਦਰਸਾਏ ਰਸਤੇ ’ਤੇ ਚੱਲਣ ਦਾ ਸੰਕਲਪ ਲਿਆ ਗਿਆ ।

Leave a Comment

Your email address will not be published. Required fields are marked *

Scroll to Top