ਕੈਬਨਿਟ ਮੰਤਰੀ ਵੱਲੋਂ ਰੋਗੀ ਕਲਿਆਣ ਸਮਿਤੀ ਦੀ ਮੀਟਿੰਗ ਦੀ ਪ੍ਰਧਾਨਗੀ, ਸਿਵਲ ਹਸਪਤਾਲ ‘ਚ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਜਲੰਧਰ, 21 ਜਨਵਰੀ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਰੋਗੀ ਕਲਿਆਣ ਸਮਿਤੀ ਦੀ ਮੀਟਿੰਗ ਦੌਰਾਨ ਸਿਵਲ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਇਲਾਜ ਸੇਵਾਵਾਂ ਹੋਰ ਬਿਹਤਰ ਤੇ ਅਸਰਦਾਰ ਢੰਗ ਨਾਲ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਥੇ ਸਿਵਲ ਹਸਪਤਾਲ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਸਿਵਲ ਹਸਪਤਾਲ ਵਿੱਚ ਸੀਵਰੇਜ ਦੀਆਂ ਪਾਈਪਾਂ ਪਾਉਣ ਦੇ ਚੱਲ ਰਹੇ ਕੰਮ, ਸਥਾਪਤ ਕੀਤੇ ਜਾ ਰਹੇ ਫਾਇਰ ਫਾਈਟਿੰਗ ਸਿਸਟਮ ਦੀ ਪ੍ਰਗਤੀ ਸਮੇਤ ਬਾਥਰੂਮਾਂ ਤੇ ਚਾਰਦਿਵਾਰੀ ਦੀ ਮੁਰੰਮਤ ਸਮੇਤ ਹੋਰ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

ਸ਼੍ਰੀ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਲੋਕਾਂ ਨੂੰ ਬਿਹਤਰੀਨ ਅਤੇ ਪ੍ਰਭਾਵਸ਼ਾਲੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਦ੍ਰਿੜ ਵਚਨਬੱਧ ਹੈ। ਉਨ੍ਹਾਂ ਸਿਵਲ ਹਸਪਤਾਲ ਬੁਨਿਆਦੀ ਢਾਂਚੇ, ਉਪਰਕਣਾਂ ਅਤੇ ਹੋਰ ਲੋੜਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਭਰੋਸਾ ਦਿਵਾਇਆ ਇਨ੍ਹਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ।

ਸ਼੍ਰੀ ਭਗਤ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਿਵਲ ਹਸਪਤਾਲ ਵਿੱਚੋਂ ਕੂੜਾ ਰੋਜ਼ਾਨਾ ਦੇ ਆਧਾਰ ‘ਤੇ ਚੁੱਕਿਆ ਜਾਵੇ ਤਾਂ ਜੋ ਸਾਫ-ਸੁਥਰਾ ਮਾਹੌਲ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨਗਰ ਨਿਗਮ ਨੂੰ ਸਿਵਲ ਹਸਪਤਾਲ ਵਿੱਚ ਆਵਾਰਾ ਕੁੱਤਿਆਂ ਦੇ ਪ੍ਰਬੰਧਨ ਲਈ ਨਿਯਮਿਤ ਤੌਰ ‘ਤੇ ਟੀਮਾਂ ਭੇਜਣ ਦੀ ਹਦਾਇਤ ਵੀ ਕੀਤੀ।

ਮੀਟਿੰਗ ਦੌਰਾਨ ਸਿਵਲ ਹਸਪਤਾਲ ਵਿੱਚ ਪਾਏ ਜਾ ਰਹੇ ਸੀਵਰੇਜ ਸਿਸਟਮ ਵਿੱਚ 8-10 ਇੰਚ ਦੀ ਪਾਈਪ ਪਾਉਣ, ਪਾਰਕਿੰਗ ਦੇ ਠੇਕੇ ਨੂੰ ਨਵਿਆਉਣ, ਵਾਧੂ ਡੰਪ ਬਣਾਉਣ, 130 ਬਾਥਰੂਮਾਂ ਦੀ ਮੁਰੰਮਤ ਤੇ ਨਵੀਨੀਕਰਨ, ਚਾਰਦਿਵਾਰੀ ਦੀ ਮੁਰੰਮਤ, ਆਡੀਓਮੀਟਰੀ ਰੂਮ ਦੇ ਨਵੀਨੀਕਰਨ ਅਤੇ ਉਪਕਰਨਾਂ ਦੀ ਖ਼ਰੀਦ ਸਮੇਤ ਹੋਰ ਕੰਮ ਕਰਵਾਉਣ ਲਈ ਮਤਾ ਪਾਸ ਕੀਤਾ ਗਿਆ।

ਉਪਰੰਤ ਕੈਬਨਿਟ ਮੰਤਰੀ ਵੱਲੋਂ ਸਿਵਲ ਹਸਪਤਾਲ ਦੀ ਐਮਰਜੈਂਸੀ ਦਾ ਦੌਰਾ ਕੀਤਾ ਗਿਆ, ਜਿਥੇ ਉਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਹਾਲ-ਚਾਲ ਜਾਣਿਆਂ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਇਲਾਜ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ, ਸਿਵਲ ਸਰਜਨ ਡਾ.ਰਾਜੇਸ਼ ਗਰਗ, ਮੈਡੀਕਲ ਸੁਪਰਡੰਟ ਡਾ. ਨਮਿਤਾ ਮਹਾਜਨ ਅਤੇ ਸਮਿਤੀ ਦੇ ਹੋਰ ਮੈਂਬਰ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top