ਜਲੰਧਰ (ਪ੍ਰਮਜੀਤ ਸਾਬੀ) – ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਆਖ਼ਿਰੀ ਸਾਲ ਵਿਚ ਪੰਜਾਬ ਦੇ ਲੋਕਾਂ ਲਈ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਚਲਾਈ ਹੈ ਇਹ ਸਿਰਫ਼ ਸਿਆਸੀ ਸਟੰਟ ਹੈ, ਕਿਉਕਿ ਹੁਣ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਲੋਕਾਂ ਨੂੰ ਭਰਮਾਉਣ ਲਈ ਇਹ ਸਭ ਸਟੰਟ ਖੇਡੇ ਜਾ ਰਹੇ ਹਨ । ਇਸੇ ਤਰਾਂ 2022 ਵਿੱਚ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਦੇ 4 ਬਜਟ ਸ਼ੈਸ਼ਨ ਹੋ ਚੁੱਕੇ ਹਨ ,ਉਨਾਂ ਬਜਟ ਸ਼ੈਸ਼ਨਾਂ ਵਿੱਚ ਸਰਕਾਰ ਨੇ ਉਸ ਵਾਅਦੇ ਦਾ ਨਾਮ ਤੱਕ ਨਹੀ ਲਿਆ । ਹੁਣ ਤੱਕ ਲਗਭਗ ਪ੍ਰਤੀ ਮਹਿਲਾਂ ਨੂੰ ਪੰਜਾਬ ਸਰਕਾਰ ਵਲੋ 48,000 ਰੁਪਏ ਮਿਲ ਜਾਣੇ ਚਾਹੀਦੇ ਸਨ ਪਰ 1 ਰੁਪਏ ਵੀ ਕਿਸੇ ਦੇ ਖਾਤੇ ਵਿੱਚ ਨਹੀ ਆਏ । ਜਿਨਾਂ ਪੈਸਾ ਆਮ ਆਦਮੀ ਪਾਰਟੀ ਨੇ ਬੋਰਡਾਂ, ਫਲੈਕਸਾਂ ਉਪਰ ਖਰਾਬ ਕੀਤਾ, ਆਪਣੇ ਦਿੱਲੀ ਵਾਲੇ ਆਕਾ ਨੂੰ ਖੁਸ਼ ਕਰਨ ਲਈ ਬਰਬਾਦ ਕੀਤਾ, ਇਹ ਪੈਸਾ ਪੰਜਾਬ ਦੀਆਂ ਮਹਿਲਾਵਾਂ ਨੂੰ ਦੇ ਸਕਦੇ ਸਨ । ਇਹ ਜੋ ਸਿਹਤ ਬੀਮਾ ਯੋਜਨਾ ਚਲਾਈ ਗਈ ਹੈ, ਇਹ ਵੀ ਉਸੇ ਤਰਾਂ ਨਾਲ ਫਲਾਪ ਹੋਵੇਗੀ ਜਿਸ ਤਰਾਂ ਨਾਲ ਇੰਨਾ ਦੇ ਮੁਹੱਲਾ ਕਲੀਨਿਕ ਫੇਲ ਹੋਏ ਹਨ । ਪੁਰਾਣੀਆ ਇਮਾਰਤਾਂ ਉਪਰ ਰੰਗ ਰੋਗਣ ਕਰਕੇ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਫ਼ੋਟੋ ਲਗਾ ਕੇ ਬਣਾਏ ਗਏ ਮੁਹੱਲਾ ਕਲੀਨਿਕ ਫੇਲ ਹੋ ਚੁੱਕੇ ਹਨ । ਆਮ ਆਦਮੀ ਪਾਰਟੀ ਨੇ ਸਿਹਤ ਕ੍ਰਾਂਤੀ ਅਤੇ ਸਿਖਿਆਂ ਕ੍ਰਾਂਤੀ ਦਾ ਜਿਨਾਂ ਰੌਲਾ ਪਾਇਆ ਹੋਇਆ ਸੀ, ਇਨਾਂ ਮੁਦਿਆਂ ਤੇ ਆਮ ਆਦਮੀ ਪਾਰਟੀ ਪੂਰੀ ਤਰਾਂ ਨਾਲ ਝੂਠੀ ਸਾਬਿਤ ਹੋਈ ਹੈ । ਪਰ ਹੁਣ ਪੰਜਾਬ ਦੀ ਜਨਤਾ ਇਨਾਂ ਦੇ ਸਿਆਸੀ ਸਟੰਟਾਂ ਦੇ ਝਾਂਸੇ ਵਿੱਚ ਆਉਣ ਵਾਲੀ ਨਹੀ ਹੈ । ਜੇਕਰ ਪੰਜਾਬ ਦੇ ਲੋਕਾਂ ਦੀ ਸਿਹਤ ਦਾ ਆਮ ਆਦਮੀ ਪਾਰਟੀ ਨੂੰ ਇਨਾਂ ਫ਼ਿਕਰ ਸੀ ਤਾਂ ਇਹ ਸਿਹਤ ਬੀਮਾ 2022 ਵਿੱਚ ਸ਼ੁਰੂ ਕਰਨਾ ਚਾਹੀਦਾ ਸੀ । ਜੇਕਰ ਸਰਕਾਰ ਨੇ ਲੋਕਾਂ ਨੂੰ ਸਹੂਲਤ ਦੇਣੀ ਸੀ ਤਾਂ ਆਪਣੇ ਪੂਰੇ ਕਾਰਜਕਾਲ ਦੌਰਾਨ ਦਿੰਦੀ ਹੁਣ ਚੋਣਾਂ ਵਾਲੇ ਸਾਲ ਵਿੱਚ ਸਰਕਾਰ ਨੂੰ ਲੋਕਾਂ ਦੀ ਸਿਹਤ ਦਾ ਫਿਕਰ ਪੈ ਗਿਆ । ਕਾਰਡ ਬਣਾਉਂਣੇ ਤਾਂ ਬਹੁਤ ਸੌਖੇ ਹਨ ਇਹ ਕਾਰਡ ਹਸਪਤਾਲਾਂ ਵਿੱਚ ਕਿੰਨੇ ਕੁ ਚਲਦੇ ਹਨ ਇਹ ਤਾਂ ਸਮਾਂ ਹੀ ਦਸੇਗਾ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸੀਨੀਅਰ ਕਾਂਗਰਸ ਲੀਡਰ ਸੁਦੇਸ਼ ਭਗਤ, ਚੇਅਰਮੈਨ ਜਿਲਾ ਸ਼ਿਕਾਇਤ ਨਿਵਾਰਨ ਕਮੇਟੀ ਅਰੁਣ ਰਤਨ, ਜਿਲਾ ਕਾਂਗਰਸ ਦੇ ਜਰਨਲ ਸਕੱਤਰ ਸੁਧੀਰ ਘੁੱਗੀ, ਜਿਲਾ ਕਾਂਗਰਸ ਦੇ ਉਪ ਪ੍ਰਧਾਨ ਅਕਸ਼ਵੰਤ ਖੋਸਲਾ ਮੌਜੂਦ ਸਨ।

















































