ਚੰਡੀਗੜ੍ਹ, 24 ਜਨਵਰੀ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਤੀ ਰਾਤ ਸਰਹਿੰਦ ਨੇੜੇ ਰੇਲਵੇ ਟਰੈਕ ਉੱਤੇ ਹੋਏ ਧਮਾਕੇ ਦੀ ਸਖ਼ਤ ਸਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਾਫ ਤੌਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਿਸ ਨਾਕਾਮੀ ਹੈ, ਜਿਨ੍ਹਾਂ ਦੀ ਦੇਖਰੇਖ ਹੇਠ ਸੂਬੇ ਅੰਦਰ ਕਾਨੂੰਨ ਅਤੇ ਵਿਵਸਥਾ ਪੂਰੀ ਤਰ੍ਹਾਂ ਢਹਿ ਚੁੱਕੀ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਅਸ਼ੁਭ ਸੰਕੇਤ ਹਨ ਅਤੇ ਪੰਜਾਬ ਲਈ ਚੰਗਾ ਸੰਕੇਤ ਨਹੀਂ ਹਨ।
ਵੜਿੰਗ ਨੇ ਸ਼ੁੱਕਰਵਾਰ ਦੇਰ ਰਾਤ ਹੋਏ ਧਮਾਕੇ ’ਤੇ ਪ੍ਰਤੀਕਿਰਿਆ ਦਿੰਦਿਆਂ, ਕਿਹਾ ਹੈ ਕਿ ਕਾਂਗਰਸ ਲਗਾਤਾਰ ਆਪ ਸਰਕਾਰ ਨੂੰ ਸੂਬੇ ਵਿੱਚ ਅਮਨ-ਕਾਨੂੰਨ ਲਈ ਪੈਦਾ ਹੋ ਰਹੇ ਖ਼ਤਰੇ ਬਾਰੇ ਚੇਤਾਵਨੀ ਦਿੰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਪਹਿਲਾਂ ਹੀ ਗੈਂਗਸਟਰਾਂ ਦੇ ਡਰ ਹੇਠ ਜੀਆ ਰਹੇ ਹਨ ਅਤੇ ਹੁਣ ਧਮਾਕਿਆਂ ਦਾ ਖ਼ੌਫ਼ ਵੀ ਸ਼ਾਮਲ ਹੋ ਗਿਆ ਹੈ, ਜਿਹੜਾ ਪੰਜਾਬ ਦੇ ਹਨੇਰੇ ਦੌਰ ਦੀਆਂ ਕੌੜੀਆਂ ਯਾਦਾਂ ਤਾਜ਼ਾ ਕਰਦਾ ਹੈ। ਉਨ੍ਹਾਂ ਕਿਹਾ ਕਿ ਧਮਾਕੇ ਵਿੱਚ ਆਰਡੀਐਕਸ ਦੀ ਵਰਤੋਂ ਇਸ ਗੱਲ ਦਾ ਸੰਕੇਤ ਹੈ ਕਿ ਇਸ ਵਿੱਚ ਸ਼ਾਮਿਲ ਲੋਕ ਕਿਸੇ ਵੱਡੀ ਅਤੇ ਖ਼ਤਰਨਾਕ ਸਾਜ਼ਿਸ਼ ਵਿੱਚ ਲੱਗੇ ਹੋਏ ਸਨ।
ਸੂਬਾ ਕਾਂਗਰਸ ਨੇ ਪ੍ਰਧਾਨ ਨੇ ਜ਼ੋਰ ਦਿੰਦਿਆਂ ਨਾਲ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕੇਵਲ ਕਾਂਗਰਸ ਹੀ ਕਰ ਸਕਦੀ ਹੈ, ਕਿਉਂਕਿ ਪਾਰਟੀ ਇਸ ਵਿੱਚ ਪਹਿਲਾਂ ਵੀ ਖਰੀ ਉਤਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਪਾਰਟੀ ਵੱਲੋਂ ਸਾਰਿਆਂ ਨੂੰ ਯਕੀਨ ਦਿਵਾਉਂਦੇ ਹਨ ਕਿ ਅਸੀਂ ਕਿਸੇ ਨੂੰ ਵੀ ਪੰਜਾਬ ਨੂੰ ਮੁੜ ਹਨੇਰੇ ਦੇ ਦੌਰ ਵੱਲ ਧੱਕਣ ਨਹੀਂ ਦੇਵਾਂਗੇ। ਜਦਕਿ ਆਪ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਇਸਦੇ ਯੋਗ ਨਹੀਂ ਹੈ।
ਵੜਿੰਗ ਨੇ ਕਿਹਾ ਕਿ ਆਪ ਸਰਕਾਰ ਦੀ ਪਹਿਲ ਕਦੇ ਵੀ ਪੰਜਾਬ ਵਿੱਚ ਅਮਨ ਅਤੇ ਕਾਨੂੰਨ-ਵਿਵਸਥਾ ਨਹੀਂ ਰਹੀ ਹੈ, ਬਲਕਿ ਸਿਰਫ਼ ਪ੍ਰਚਾਰ ਹੀ ਉਸਦੀ ਸਿਆਸਤ ਦਾ ਆਧਾਰ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਵਿਰੋਧੀ ਮੁਹਿੰਮ ਦੇ ਨਾਂਮ ’ਤੇ ਕੀਤੀਆਂ ਗਈਆਂ ਬੇਤਰਤੀਬ ਗਿਰਫ਼ਤਾਰੀਆਂ ਨਾਲ ਜ਼ਮੀਨੀ ਪੱਧਰ ’ਤੇ ਕੋਈ ਨਤੀਜਾ ਨਹੀਂ ਨਿਕਲਿਆ।
ਉਨ੍ਹਾਂ ਕਿਹਾ ਕਿ ਤੁਸੀਂ ਕਿੰਨੀ ਵੀ ਗਿਰਫ਼ਤਾਰੀਆਂ ਦੇ ਦਾਅਵੇ ਕਰ ਲਓ, ਤੁਹਾਡੇ ਸਾਰੇ ਦਾਅਵੇ ਸ਼ੁੱਕਰਵਾਰ ਰਾਤ ਸਰਹਿੰਦ ਵਿੱਚ ਹੋਏ ਧਮਾਕੇ ਨਾਲ ਉੱਡ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ ਅਤੇ ਸਰਹਿੰਦ ਧਮਾਕਾ ਆਪ ਸਰਕਾਰ ਲਈ ਆਖਿਰੀ ਸਾਹ ਸਾਬਤ ਹੋਵੇਗਾ, ਜਿਸਦਾ ਪਤਨ ਨਿਸ਼ਚਿਤ ਹੈ।
ਉਨ੍ਹਾਂ ਜ਼ੋਰ ਦਿੰਦਿਆਂ ਕਿ ਇਹ ਧਮਾਕਾ ਉਸ ਸਮੇਂ ਹੋਇਆ ਹੈ, ਜਦੋਂ ਆਪ ਸਰਕਾਰ ਗੈਂਗਸਟਰਾਂ ਖ਼ਿਲਾਫ਼ ਵੱਡੇ ਪੱਧਰ ਤੇ ਫੀਲਡ ਆਪਰੇਸ਼ਨ ਕਰਨ ਸਬੰਧੀ ਦਾਅਵੇ ਕਰ ਰਹੀ ਸੀ। ਇਸਦਾ ਮਤਲਬ ਹੈ ਕਿ ਪੁਲਿਸ ਅਤੇ ਖੁਫ਼ੀਆ ਏਜੰਸੀਆਂ ਮੈਦਾਨ ਵਿੱਚ ਮੌਜੂਦ ਸਨ, ਫਿਰ ਵੀ ਧਮਾਕਾ ਹੋ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਗੈਂਗਸਟਰਾਂ ਨੂੰ ਕਾਨੂੰਨ ਦਾ ਡਰ ਨਹੀਂ ਸੀ, ਹੁਣ ਰਾਸ਼ਟਰ ਵਿਰੋਧੀ ਅਨਸਰ ਵੀ ਕਤਾਰ ਵਿੱਚ ਲੱਗਦੇ ਦਿਖਾਈ ਦੇ ਰਹੇ ਹਨ, ਜਿਵੇਂ ਇਨ੍ਹਾਂ ਨੂੰ ਵੀ ਅਹਿਸਾਸ ਹੋ ਗਿਆ ਹੈ ਕਿ ਪੰਜਾਬ ਦੀ ਆਪ ਸਰਕਾਰ ਢੁਕਵੀਂ ਕਾਰਵਾਈ ਕਰਨ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਨਾਕਾਬਿਲ ਅਤੇ ਕਮਜ਼ੋਰ ਹੈ।

















































