ਖੇਡ ਵਿਭਾਗ ਦੀ ਝਾਕੀ ਨੇ ਪਹਿਲਾ, ਜਲ ਸਰੋਤ ਅਤੇ ਭੂ ਵਿਗਿਆਨ ਦੀ ਝਾਕੀ ਨੇ ਦੂਜਾ ਅਤੇ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਧੀਆਂ ਦੀ ਲੋਹੜੀ ਸਬੰਧੀ ਕੱਢੀ ਝਾਕੀ ਨੇ ਹਾਸਲ ਕੀਤਾ ਤੀਜਾ ਸਥਾਨ
ਜਲੰਧਰ, 26 ਜਨਵਰੀ: 77ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ, ਜਿਸ ਵਿੱਚ ਪੰਜਾਬ ਦੇ ਖਣਨ ਤੇ ਭੂ-ਵਿਗਿਆਨ, ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਬਰਿੰਦਰ ਕੁਮਾਰ ਗੋਇਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ, ਦੌਰਾਨ ਵੱਖ-ਵੱਖ ਵਿਭਾਗਾਂ ਵਲੋਂ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ, ਵਿਕਾਸ ਕਾਰਜਾਂ ਅਤੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਸੰਜੀਦਾ ਉਪਰਾਲਿਆਂ ਨੂੰ ਦਰਸਾਉਂਦੀਆਂ ਸ਼ਾਨਦਾਰ 12 ਝਾਕੀਆਂ ਕੱਢੀਆਂ ਗਈਆਂ।
ਇਸ ਮੌਕੇ ਕੱਢੀਆਂ ਗਈਆਂ ਵੱਖ-ਵੱਖ ਝਾਕੀਆਂ ਵਿਚੋਂ ਖੇਡ ਵਿਭਾਗ ਦੀ ਝਾਕੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸ ਝਾਕੀ ਰਾਹੀਂ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਸੰਜੀਦਾ ਉਪਰਾਲਿਆਂ ਨੂੰ ਦਰਸਾਇਆ ਗਿਆ। ਇਸੇ ਤਰ੍ਹਾਂ ਜਲ ਸਰੋਤ ਅਤੇ ਭੂ ਵਿਗਿਆਨ ਵਿਭਾਗ ਵਲੋਂ ਪੇਸ਼ ਕੀਤੀ ਗਈ ਝਾਕੀ ਨੇ ਦੂਜਾ ਸਥਾਨ ਹਾਸਿਲ ਕੀਤਾ, ਜਿਸ ਵਿੱਚ ਹੜ੍ਹਾਂ ਦੌਰਾਨ ਜਾਨ-ਮਾਲ ਦੀ ਸੁਰੱਖਿਆ, ਨਹਿਰਾਂ ਅਤੇ ਦਰਿਆਵਾਂ ਦੀ ਸੰਭਾਲ, ਹੜ੍ਹ ਰੋਕਥਾਮ ਅਤੇ ਸੁੱਕੇ ਹਾਲਾਤਾਂ ਵਿੱਚ ਪਾਣੀ ਦੀ ਸਹੀ ਵੰਡ ਲਈ ਨਿਰੰਤਰ ਕੰਮ, ਨਹਿਰਾਂ ਦੇ ਵਹਾਅ ਦੀ ਨਿਗਰਾਨੀ, ਬੰਨ੍ਹਾਂ ਅਤੇ ਜਲ ਢਾਂਚਿਆਂ ਦੀ ਸੁਰੱਖਿਆ, ਪਾਣੀ ਨਾਲ ਸਬੰਧਿਤ ਵਿਵਾਦਾਂ ਦਾ ਨਿਆਂ ਸੰਗਤ ਨਿਪਟਾਰਾ ਅਤੇ ਜਲ ਸਰੋਤਾਂ ਦੀ ਨਿਗਰਾਨੀ ਰਾਹੀਂ ਜਲ ਸਰੋਤਾਂ ਦੀ ਸੁਰੱਖਿਆ ਅਤੇ ਸਹੀ ਵਰਤੋਂ ਪ੍ਰਤੀ ਜਾਗਰੂਕ ਕੀਤਾ ਗਿਆ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਧੀਆਂ ਦੀ ਲੋਹੜੀ ਸਬੰਧੀ ਕੱਢੀ ਗਈ ਝਾਕੀ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਝਾਕੀ ਰਾਹੀਂ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਤਹਿਤ ਸੂਬੇ ਅੰਦਰ ਲੜਕੀਆਂ ਨੂੰ ਹਰ ਖੇਤਰ ਵਿੱਚ ਬਰਾਬਰ ਦੇ ਮੌਕੇ ਦੇ ਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣੂ ਕਰਵਾਇਆ ਗਿਆ।
ਭੂਮੀ ਅਤੇ ਜਲ ਸੰਭਾਲ ਵਿਭਾਗ ਵਲੋਂ ਕੱਢੀ ਗਈ ਝਾਕੀ ਦੌਰਾਨ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਦਿਆਂ ਗੈਰ ਰਵਾਇਤੀ ਢੰਗ ਨਾਲ ਸੋਲਰ ਪੰਪ ਰਾਹੀਂ ਛੱਪੜਾਂ ਦੇ ਸੋਧੇ ਹੋਏ ਪਾਣੀ ਨੂੰ ਖੇਤਾਂ ਦੀ ਸਿੰਚਾਈ ਲਈ ਵਰਤ ਕੇ ਜ਼ਮੀਨ ਹੇਠਲੇ ਬਹੁ-ਕੀਮਤੀ ਪਾਣੀ ਦੀ ਸੁਚੱਜੇ ਢੰਗ ਨਾਲ ਸੰਭਾਲ ਤੇ ਬੱਚਤ ਕਰਨ ਦੇ ਉਪਰਾਲਿਆਂ ਬਾਰੇ ਜਾਗਰੂਕ ਕਰਦਿਆਂ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੱਤਾ ਗਿਆ।
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਝਾਕੀ ਰਾਹੀਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਪੇਂਡੂ ਖੇਤਰ ਦੇ ਲੋਕਾਂ ਦੇ ਸਰਵਪੱਖੀ ਵਿਕਾਸ ਲਈ ਪਿੰਡਾਂ ਦੇ ਗੈਰ ਹੁਨਰਮੰਦ ਲੋਕਾਂ ਨੂੰ ਰੋਜ਼ਗਾਰ ਦੇ ਕੇ ਪਿੰਡਾਂ ਵਿੱਚ ਮਾਡਲ ਖੇਡ ਮੈਦਾਨ ਤਿਆਰ ਕਰਕੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਕੇ ਸੂਬੇ ਨੂੰ ਨਸ਼ਾ ਮੁਕਤ ਕਰਕੇ ਰੰਗਲਾ ਪੰਜਾਬ ਬਣਾਉਣ ਦੀ ਦ੍ਰਿੜਤਾ ਉਜਾਗਰ ਕੀਤਾ ਗਿਆ ਹੈ।
ਸਿਹਤ ਵਿਭਾਗ ਵਲੋਂ ਪੇਸ਼ ਕੀਤੀ ਗਈ ਝਾਕੀ ਰਾਹੀਂ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ 22 ਜਨਵਰੀ ਤੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ’ਤੇ ਝਾਤ ਪੁਆਈ ਗਈ ਹੈ, ਜਿਸ ਤਹਿਤ ਪੰਜਾਬ ਦੇ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਪੰਜਾਬ ਸਰਕਾਰ ਦੀ ਇਹ ਨਿਵੇਕਲੀ ਪਹਿਲ ਸੂਬੇ ਦੇ ਲਗਭਗ 3 ਕਰੋੜ ਵਾਸੀਆਂ ਨੂੰ ਮਿਆਰੀ ਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਕੇ ਸਿਹਤ ਸੰਭਾਲ ਲਈ ਵਰਦਾਨ ਸਾਬਿਤ ਹੋਵੇਗੀ। ਇਸ ਤੋਂ ਇਲਾਵਾ ਇਸ ਝਾਕੀ ਵਿੱਚ ਨਸ਼ਾ ਪੀੜਤ ਵਿਅਕਤੀਆਂ ਦੇ ਇਲਾਜ ਅਤੇ ਮੁੜ ਵਸੇਬੇ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਵੀ ਦਰਸਾਇਆ ਗਿਆ ਹੈ। ਇਸ ਦੇ ਨਾਲ ਹੀ ਕੋ-ਆਪ੍ਰੇਟਿਵ ਸੁਸਾਇਟੀ ਜਲੰਧਰ ਦੀ ਝਾਕੀ ਵਿੱਚ ਸੂਬਾ ਸਰਕਾਰ ਵਲੋਂ ਸਹਿਕਾਰੀ ਸਭਾਵਾਂ ਰਾਹੀਂ ਮੈਂਬਰਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ’ਤੇ ਚਾਨਣਾ ਪਾਇਆ ਗਿਆ ਹੈ।
ਸਿੱਖਿਆ ਵਿਭਾਗ ਦੀ ਝਾਕੀ ਰਾਹੀਂ ਸੂਬਾ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਕੀਤੀਆਂ ਗਈਆਂ ਕ੍ਰਾਂਤੀਕਾਰੀ ਪਹਿਲਕਦਮੀਆਂ ਜਿਵੇਂ ਕਿ ਸਕੂਲ ਆਫ ਐਮੀਨੈਂਸ, ਮੁਫ਼ਤ ਬੱਸ ਸੇਵਾ, ਸਮਾਰਟ ਕਲਾਸ ਰੂਮ, ਸਿੱਖਿਆ ਕ੍ਰਾਂਤੀ, ਮੈਗਾ ਪੀ.ਟੀ.ਐਮ, ਐਮ.ਐਸ.ਐਮ.ਸੀ. ਟ੍ਰੇਨਿੰਗ ਆਦਿ ਵਰਗੀਆਂ ਪਹਿਲਕਦਮੀਆਂ ਨੂੰ ਦਰਸਾਇਆ ਗਿਆ।
ਇਸੇ ਤਰ੍ਹਾਂ ਸੀ.ਐਮ. ਦੀ ਯੋਗਸ਼ਾਲਾ ਤਹਿਤ ਕੱਢੀ ਗਈ ਝਾਕੀ ਰਾਹੀਂ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਤਹਿਤ ਯੋਗ ਅਭਿਆਸ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਪ੍ਰੇਰਿਤ ਕਰਦਿਆਂ ਜ਼ਿਲ੍ਹੇ ਵਿੱਚ ਚਲਾਈਆਂ ਜਾ ਰਹੀਆਂ 205 ਯੋਗ ਕਲਾਸਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ ਗਿਆ ਹੈ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਝਾਕੀ ਰਾਹੀਂ ਨੌਜਵਾਨਾਂ ਦੀ ਬਿਹਤਰੀ ਅਤੇ ਸਹੀ ਮਾਰਗ ਦਰਸ਼ਨ ਲਈ ਲਗਾਏ ਜਾ ਰਹੇ ਪਲੇਸਮੈਂਟ ਕੈਂਪਾਂ ਅਤੇ ਮਾਡਲ ਕਰੀਅਰ ਸੈਂਟਰ ਤੇ ਰੋਜ਼ਗਾਰ ਮੇਲਿਆਂ ਬਾਰੇ ਜਾਗਰੂਕ ਕੀਤਾ ਗਿਆ ਹੈ।
ਇਸ ਮੌਕੇ ਪੀ.ਐਸ.ਪੀ.ਸੀ.ਐਲ. ਵਲੋਂ ਕੱਢੀ ਗਈ ਸ਼ਾਨਦਾਰ ਝਾਕੀ ਰਾਹੀਂ ਸੂਬਾ ਸਰਕਾਰ ਵਲੋਂ ਦਿੱਤੀ ਜਾ ਰਹੀ 600 ਯੂਨਿਟ ਮੁਫ਼ਤ ਬਿਜਲੀ ਅਤੇ ਵੱਧ ਤੋਂ ਵੱਧ ਸੋਲਰ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਕੇ ਬਿਜਲੀ ਦੀ ਖਪਤ ਘਟਾਉਣ ਅਤੇ ਗ੍ਰੀਨ ਐਨਰਜੀ ਵੱਲ ਚੁੱਕੇ ਗਏ ਅਹਿਮ ਕਦਮ ਬਾਰੇ ਜਾਗਰੂਕ ਕੀਤਾ ਗਿਆ। ਇਸ ਝਾਕੀ ਰਾਹੀਂ ਸੂਬਾ ਸਰਕਾਰ ਵਲੋਂ ਨਿਰਵਿਘਨ ਬਿਜਲੀ ਸਪਲਾਈ, ਬਿਜਲੀ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਵਟਸਐਪ ਨੰਬਰਾਂ ਅਤੇ 5 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਗਏ ਅਹਿਮ ਸੁਧਾਰਾਂ ਬਾਰੇ ਜਾਗਰੂਕ ਕੀਤਾ ਗਿਆ ਹੈ। ਜ਼ਿਲ੍ਹਾ ਉਦਯੋਗ ਕੇਂਦਰ ਦੀ ਝਾਕੀ ਰਾਹੀਂ ਜ਼ਿਲ੍ਹਾ ਜਲੰਧਰ ਦੀ ਖੇਡ ਅਤੇ ਹੈਂਡ ਟੂਲ ਇੰਡਸਟਰੀ ਦੀ ਮਹੱਤਤਾ ਨੂੰ ਦਰਸਾਇਆ ਗਿਆ।

















































