ਅੰਮ੍ਰਿਤਸਰ ਵਿਚ ਓਵਰਡੋਜ਼ ਨਾਲ ਮੌਤ ਤੋਂ ਬਾਅਦ ‘ਯੁੱਧ ਨਸ਼ਿਆਂ ਵਿਰੁਧ’ ਦੇ ਦਾਅਵਿਆਂ ਦਾ ਸੱਚ ਸਾਹਮਣੇ ਆਇਆ, ਸੂਬੇ ਤੇ ਕੇਂਦਰ ਦੀਆਂ ਸਰਕਾਰਾਂ ਦੀ ਨਿੰਦਾ ਕੀਤੀ

ਪੰਜਾਬ ਮਰ ਰਿਹਾ ਹੈ; ਨਸ਼ਿਆਂ ਵਿਰੁੱਧ ਲੜਾਈ ਅਸਫਲ ਰਹੀ ਹੈ: ਵੜਿੰਗ

ਚੰਡੀਗੜ੍ਹ, 14 ਫਰਵਰੀ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਅੰਮ੍ਰਿਤਸਰ ਵਿੱਚ ਗ੍ਰੈਜੂਏਟ ਅਤੇ ਫੁੱਟਬਾਲ ਖਿਡਾਰੀ ਅਕਾਸ਼ ਸੈਣੀ ਦੀ ਓਵਰਡੋਜ਼ ਨਾਲ ਹੋਈ ਮੌਤ ਤੋਂ ਸਾਫ ਹੁੰਦਾ ਹੈ ਕਿ ਸੂਬੇ ਅਤੇ ਕੇਂਦਰ ਦੀਆਂ ਨਸ਼ਿਆਂ ਦੇ ਖਤਰੇ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ। ਅੱਜ ਸੂਬੇ ਦੀ ਸਥਿਤੀ ਬਹੁਤ ਹੀ ਚਿੰਤਾਜਨਕ ਬਣ ਚੁੱਕੀ ਹੈ ਅਤੇ ਪੰਜਾਬ ਮਰ ਰਿਹਾ ਹੈ।

ਵੜਿੰਗ ਨੇ ਦੁਖਦ ਮੌਤ ‘ਤੇ ਪ੍ਰਤੀਕਿਰਿਆ ਦਿੰਦਿਆਂ, ਕਿਹਾ ਕਿ ‘ਆਪ’ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁਧ’ ਦੇ ਦਾਅਵਿਆਂ ਦਾ ਸੱਚ ਸਾਹਮਣੇ ਆ ਗਿਆ ਹੈ ਅਤੇ ਇਹ ਸੂਬਾ ਸਰਕਾਰ ਦੇ ਦਾਅਵਿਆਂ ਨੂੰ ਚੁਣੌਤੀ ਹੈ।

ਉਨ੍ਹਾਂ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਕੱਢੇ ਗਏ ਮਾਰਚ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਦਾਅਵਿਆਂ ਦਾ ਵੀ ਹਵਾਲਾ ਦਿੱਤਾ ਕਿ ‘ਯੁੱਧ ਨਸ਼ਿਆਂ ਵਿਰੁਧ’ ਦੀ ਮੁਹਿੰਮ ਸਫਲ ਰਹੀ ਹੈ, ਤਾਂ ਜੋ ਇਸਦੀ ਸਫਲਤਾ ਨੂੰ ਸਾਬਤ ਕਰਨ ਵਾਲੇ ਠੋਸ ਅੰਕੜੇ ਪੇਸ਼ ਕੀਤੇ ਜਾ ਸਕਣ।

ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਿਰਫ਼ ਕੇਸ ਦਰਜ ਕਰਨ ਨਾਲ ਨਸ਼ੇ ਖਤਮ ਨਹੀਂ ਹੋਣਗੇ। ਸਾਨੂੰ ਇਹ ਸਵੀਕਾਰ ਕਰਨਾ ਪਵੇਗਾ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਕੋਈ ਸਫਲਤਾ ਨਹੀਂ ਮਿਲੀ ਹੈ। ਇਸ ਦੌਰਾਨ ਧਿਆਨ ਇੱਕ ਵਿਆਪਕ ਨਸ਼ਾ ਛੁਡਾਊ ਪ੍ਰਕਿਰਿਆ ਰਾਹੀਂ ਨਸ਼ਾ ਪੀੜ੍ਹਤਾਂ ਦੇ ਇਲਾਜ ‘ਤੇ ਹੋਣਾ ਚਾਹੀਦਾ ਹੈ।

ਵੜਿੰਗ ਨੇ ਕਿਹਾ ਕਿ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਨਸ਼ੇ ਪੰਜਾਬ ਵਿੱਚ ਲਗਾਤਾਰ ਦਾਖਲ ਹੋ ਰਹੇ ਹਨ ਅਤੇ ਪੰਜਾਬ ਸਰਕਾਰ ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੋਵੇਂ ਇਸਨੂੰ ਰੋਕਣ ਵਿੱਚ ਅਸਫਲ ਰਹੇ ਹਨ।

ਉਨ੍ਹਾਂ ਨੇ ‘ਆਪ’ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ, ਇਸਨੂੰ “ਗੂੰਗਾ ਅਤੇ ਬੋਲਾ” ਪ੍ਰਸ਼ਾਸ਼ਨ ਕਰਾਰ ਦਿੱਤਾ। ਜਿਸ ਵੱਲੋਂ ‘ਯਾਤਰਾਵਾਂ’ ਤੇ ਪ੍ਰਚਾਰ ਉੱਪਰ ਵੱਡੀ ਰਕਮ ਖਰਚ ਕੀਤੀ ਗਈ, ਲੇਕਿਨ ਨਸ਼ਾ ਛੁਡਾਊ ਪ੍ਰੋਗਰਾਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਜੇਕਰ ਯਾਤਰਾਵਾਂ ‘ਤੇ ਖਰਚ ਕੀਤੇ ਗਏ ਪੈਸੇ ਦੀ ਵਰਤੋਂ ਨਸ਼ਾ ਛੁਡਾਉਣ ਅਤੇ ਮੁੜ ਵਸੇਬੇ ਲਈ ਕੀਤੀ ਜਾਂਦੀ, ਤਾਂ ਨਤੀਜੇ ਵੱਖਰੇ ਹੋਣੇ ਸਨ। ਇੱਥੋਂ ਤੱਕ ਕਿ ਉਨ੍ਹਾਂ ਨੇ ਰਾਜਪਾਲ ਕਟਾਰੀਆ ਨੂੰ ਵੀ ਕਿਹਾ ਸੀ ਕਿ ਇਸ ਮੁਹਿੰਮ ਦਾ “ਇੱਕ ਪੈਸੇ ਦਾ ਲਾਭ ਨਹੀਂ” ਹੋਇਆ ਹੈ।

ਵੜਿੰਗ ਨੇ ਇਹ ਵੀ ਦੋਸ਼ ਲਗਾਇਆ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ‘ਤੇ ਪੋਸਟਮਾਰਟਮ ਲਈ ਨਾ ਜਾਣ ਲਈ ਦਬਾਅ ਪਾਇਆ ਗਿਆ ਸੀ ਅਤੇ ਸਸਕਾਰ ਲਈ ਜਲਦਬਾਜ਼ੀ ਕੀਤੀ ਗਈ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੀਡੀਆ ਅਦਾਰਿਆਂ ‘ਤੇ ਵੀ ਓਵਰਡੋਜ਼ ਨਾਲ ਹੋਈਆਂ ਮੌਤਾਂ ਨਾਲ ਸਬੰਧਤ ਖ਼ਬਰਾਂ ਨਾ ਚਲਾਉਣ ਲਈ ਦਬਾਅ ਪਾਇਆ ਜਾ ਰਿਹਾ ਸੀ।

ਇਸ ਦੌਰਾਨ ਖੁਦ ਪੁਲਿਸ ਕਰਮਚਾਰੀ, ਪੀੜਤ ਦੇ ਪਿਤਾ ਦਾ ਹਵਾਲਾ ਦਿੰਦੇ ਹੋਏ, ਵੜਿੰਗ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿ ਇੱਕ ਬੇਸਹਾਰਾ ਪਿਤਾ ਨੂੰ ਆਪਣੇ ਪੁੱਤਰ ਦੀ ਲਾਸ਼ ਦੇ ਕੋਲ ਬੈਠਣਾ ਪਿਆ, ਜਿਹੜਾ ਇਹ ਕਹਿ ਰਿਹਾ ਸੀ ਕਿ ਬੱਚਿਆਂ ਨੂੰ ਬਚਾਉਣ ਲਈ ਲੋਕਾਂ ਨੂੰ ਪੰਜਾਬ ਛੱਡ ਦੇਣਾ ਚਾਹੀਦਾ ਹੈ।

ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਪਿੰਡਾਂ ਵਿੱਚ ਵੀ ਨਸ਼ੇ ਬੰਦ ਨਹੀਂ ਹੋਏ ਹਨ। ਉਨ੍ਹਾਂ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਸਫਲ ਨਹੀਂ ਹੋਈ ਹੈ ਅਤੇ ਸਰਕਾਰ ਨੂੰ ਸਵਾਲ ਕੀਤਾ ਕਿ ਤੁਸੀਂ ਕਿਸਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ।

ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਨਸ਼ਿਆਂ ਦੀ ਲੱਤ ਨਾਲ ਨਜਿੱਠਣਾ ਰਾਤੋ-ਰਾਤ ਦਾ ਕੰਮ ਨਹੀਂ ਹੈ, ਬਲਕਿ ਇਸ ਲਈ ਨਿਰੰਤਰ ਅਤੇ ਗੰਭੀਰ ਯਤਨਾਂ ਦੀ ਲੋੜ ਹੈ। ਜਿਸ ਦੌਰਾਨ “ਝੂਠੇ ਭਰੋਸੇ” ਦੀ ਬਜਾਏ ਰੋਕਥਾਮ, ਇਲਾਜ ਅਤੇ ਮੁੜ ਵਸੇਵੇ ਉੱਪਰ ਜ਼ੋਰ ਦਿੱਤਾ ਜਾਵੇ।

Leave a Comment

Your email address will not be published. Required fields are marked *

Scroll to Top