ਡਿਪਟੀ ਕਮਿਸ਼ਨਰ ਵੱਲੋਂ ਲੱਧੇਵਾਲੀ ਫਲਾਈਓਵਰ ਦੀ ਉਸਾਰੀ ਤੇ ਡਿਜ਼ਾਈਨ ਸਬੰਧੀ ਪੜਤਾਲ ਲਈ ਕਮੇਟੀ ਦਾ ਗਠਨ, 15 ਦਿਨਾਂ ਦੇ ਅੰਦਰ ਰਿਪੋਰਟ ਦੇਣ ਲਈ ਕਿਹਾ

ਜਲੰਧਰ, 18 ਫਰਵਰੀ : ਜਨਹਿੱਤ ਅਤੇ ਲੋਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸ਼ਹਿਰ ਵਿੱਚ ਬਣੇ ਲੱਧੇਵਾਲੀ ਫਲਾਈਓਵਰ ਦੀ ਉਸਾਰੀ ਅਤੇ ਡਿਜ਼ਾਈਨ ਸਬੰਧੀ ਤੱਥਾਂ ਦੀ ਵਿਸਥਾਰਪੂਰਵਕ ਪੜਤਾਲ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਫਲਾਈਓਵਰ ਦੀ ਬਣਤਰ ਅਤੇ ਡਿਜ਼ਾਈਨ ਵਿੱਚ ਕੁਝ ਊਣਤਾਈਆਂ ਕਰਕੇ ਆਵਾਜਾਈ ਦੌਰਾਨ ਲੋਕਾਂ ਨੂੰ ਪੇਸ਼ ਆ ਰਹੀ ਅਸੁਵਿਧਾ ਅਤੇ ਪ੍ਰੇਸ਼ਾਨੀ ਦਾ ਮਾਮਲਾ ਧਿਆਨ ਵਿੱਚ ਆਉਣ ਉਪਰੰਤ ਇਹ ਕਾਰਵਾਈ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਦੀ ਨਿਰਪੱਖ ਅਤੇ ਤਕਨੀਕੀ ਜਾਂਚ ਲਈ ਮੁੱਖ ਮੰਤਰੀ ਖੇਤਰੀ ਅਫ਼ਸਰ, ਜਲੰਧਰ ਦੀ ਪ੍ਰਧਾਨਗੀ ਹੇਠ ਕਮੇਟੀ ਬਣਾਈ ਗਈ ਹੈ। ਕਮੇਟੀ ਵਿੱਚ ਐਸ.ਈ. ਨਗਰ ਨਿਗਮ, ਜਲੰਧਰ ਅਤੇ ਵਧੀਕ ਐਸ.ਈ. ਪੀ.ਐਸ.ਪੀ.ਸੀ.ਐਲ., ਜਲੰਧਰ ਕੈਂਟ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਉਸਾਰੀ ਅਤੇ ਡਿਜ਼ਾਈਨ ਸਬੰਧੀ ਸਾਰੇ ਤਕਨੀਕੀ ਪੱਖਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਕਮੇਟੀ ਨੂੰ ਸਪਸ਼ਟ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮੌਕੇ ਦੀ ਵਿਸਥਾਰਪੂਰਵਕ ਜਾਂਚ ਕਰਕੇ ਫਲਾਈਓਵਰ ਦੀ ਉਸਾਰੀ ਅਤੇ ਡਿਜ਼ਾਈਨ ਸਬੰਧੀ ਸਾਰੇ ਤਕਨੀਕੀ ਅਤੇ ਪ੍ਰਸ਼ਾਸਕੀ ਪੱਖਾਂ ਦੀ ਤਸਦੀਕ ਕੀਤੀ ਜਾਵੇ ਅਤੇ ਜੇਕਰ ਕੋਈ ਲਾਪ੍ਰਵਾਹੀ ਜਾਂ ਮਾਪਦੰਡਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਉਸ ਬਾਰੇ ਸਪਸ਼ਟ ਸਿਫਾਰਸ਼ਾਂ ਸਮੇਤ ਰਿਪੋਰਟ 15 ਦਿਨਾਂ ਦੇ ਅੰਦਰ ਪੇਸ਼ ਕਰਨੀ ਯਕੀਨੀ ਬਣਾਈ ਜਾਵੇ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਅਤੇ ਸੁਵਿਧਾ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Leave a Comment

Your email address will not be published. Required fields are marked *

Scroll to Top