ਸੀ.ਆਰ.ਪੀ.ਐੱਫ. ਦੀ ਕਮਾਂਡੈਂਟ ਕਮਲ ਸਿਸੋਦੀਆ ਅਤੇ ਹੋਰ ਅਧਿਕਾਰੀਆਂ ਵੱਲੋਂ ਸ਼੍ਰੀ ਵਿਜੇ ਚੋਪੜਾ ਨਾਲ ਸਨਮਾਨ ਭਰੀ ਮੁਲਾਕਾਤ

ਜਲੰਧਰ -ਸੀ. ਆਰ. ਪੀ. ਐੱਫ. ਦੀ 13ਵੀਂ ਬਟਾਲੀਅਨ ਦੀ ਕਮਾਂਡੈਂਟ ਕਮਲ ਸਿਸੋਦੀਆ ਦੀ ਅਗਵਾਈ ਹੇਠ ਅੱਜ ਫੋਰਸ ਦੇ ਅਧਿਕਾਰੀਆਂ ਨੇ ਸ਼੍ਰੀ ਵਿਜੇ ਚੋਪੜਾ ਨਾਲ ਮੁਲਾਕਾਤ ਕੀਤੀ ਅਤੇ ਦੇਸ਼ ਤੇ ਸੂਬੇ ਦੇ ਹਾਲਾਤ ‘ਤੇ ਚਰਚਾ ਕੀਤੀ। ਕਮਲ ਸਿਸੋਦੀਆ ਦੇ ਨਾਲ ਸੈਕੰਡ ਕਮਾਂਡ ਰਿਗਜ਼ਿਨ ਐਂਗਮੋ ਅਤੇ ਸੀ. ਆਰ. ਪੀ. ਐੱਫ ਦੇ ਸਹਾਇਕ ਕਮਾਂਡੈਂਟ ਨਵਜੋਤ ਸਿੰਘ ਵੀ ਮੌਜੂਦ ਸਨ।

ਸ਼੍ਰੀ ਵਿਜੇ ਚੋਪੜਾ ਨੇ ਇਸ ਮੌਕੇ ਸੀ. ਆਰ. ਪੀ. ਐੱਫ. ਅਧਿਕਾਰੀਆਂ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਅਤੇ ਪੰਜਾਬ ਵਿਚ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਭਾਰਤੀ ਖੇਤਰ ਵਿਚ ਲੱਗੀ ਕੰਡਿਆਲੀ ਤਾਰ ਦੇ ਨੇੜੇ ਰਹਿਣ ਵਾਲੇ ਭਾਰਤੀ ਨਾਗਰਿਕ ਅਸਲ ਵਿਚ ਦੇਸ਼ ਭਗਤ ਹਨ, ਕਿਉਂਕਿ ਉਨ੍ਹਾਂ ਨੂੰ ਸਰਹੱਦ ਪਾਰੋਂ ਆਉਣ ਵਾਲੀਆਂ ਗੋਲੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ‘ਪੰਜਾਬ ਕੇਸਰੀ’ ਸਮੂਹ ਵੱਲੋਂ ਲਗਾਤਾਰ ਜੰਮੂ-ਕਸ਼ਮੀਰ ਅਤੇ ਹੋਰ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਦੀ ਮਦਦ ਲਈ ਰਾਹਤ ਸਮੱਗਰੀ ਦੇ ਟਰੱਕ ਭੇਜੇ ਜਾ ਰਹੇ ਹਨ। ਇਹ ਟਰੱਕ ਦਾਨੀ ਸੱਜਣਾਂ ਵੱਲੋਂ ਮੁਹੱਈਆ ਕਰਵਾਏ ਜਾਂਦੇ ਹਨ। ਸਰਹੱਦ ਨੇੜੇ ਬੀ. ਐੱਸ. ਐੱਫ. ਅਧਿਕਾਰੀਆਂ ਦੀ ਨਿਗਰਾਨੀ ਹੇਠ ਰਾਹਤ ਸਮੱਗਰੀ ਵੰਡੀ ਜਾਂਦੀ ਹੈ ਅਤੇ ਹੁਣ ਤੱਕ 920 ਟਰੱਕ ਭੇਜੇ ਜਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ ਰੁਝਾਨ ਵਧਿਆ ਹੈ ਅਤੇ ਇਹ ਨਸ਼ਾ ਸਰਹੱਦ ਪਾਰੋਂ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜਿਆ ਜਾ ਰਿਹਾ ਹੈ। ਡਰੋਨ ਰਾਹੀਂ ਹਥਿਆਰ, ਹੈਰੋਇਨ ਅਤੇ ਹੋਰ ਸਮੱਗਰੀ ਵੀ ਸਰਹੱਦ ਪਾਰੋਂ ਪੰਜਾਬ ਅਤੇ ਜੰਮੂ-ਕਸ਼ਮੀਰ ਵਿਚ ਭੇਜੀ ਜਾ ਰਹੀ ਹੈ। ਇਸ ਦੇ ਬਾਵਜੂਦ ਸਾਡੇ ਸੁਰੱਖਿਆ ਬਲ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਨੂੰ ਫੜ ਕੇ ਸ਼ਲਾਘਾਯੋਗ ਭੂਮਿਕਾ ਨਿਭਾਅ ਰਹੇ ਹਨ।

ਪੰਜਾਬੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਸ਼ਹਿਰ ਵਿਚ ਵਿਧਵਾਵਾਂ ਨੂੰ ਰਾਸ਼ਨ ਸਮੱਗਰੀ ਦੇਣ ਲਈ ਕੈਂਪ ਲਗਾਏ ਜਾ ਰਹੇ ਹਨ ਅਤੇ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੇ ਵਿਆਹ ਸਵੈਮ-ਸੇਵੀ ਸੰਸਥਾਵਾਂ ਵੱਲੋਂ ਕਰਵਾਏ ਜਾ ਰਹੇ ਹਨ।ਇਸਮੌਕੇ ਕਮਾਂਡੈਂਟ ਕਮਲ ਸਿਸੋਦੀਆ ਨੇ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਅਤੇ ‘ਪੰਜਾਬ ਕੇਸਰੀ’ ਪਰਿਵਾਰ ਵੱਲੋਂ ਨਾ ਸਿਰਫ਼ ਅੱਤਵਾਦ ਵਿਰੁੱਧ ਬਹਾਦਰੀ ਨਾਲ ਲੜਾਈ ਲੜੀ ਗਈ, ਸਗੋਂ ਹੁਣ ਵੀ ਅੱਤਵਾਦ ਪ੍ਰਭਾਵਿਤ ਪਰਿਵਾਰਾਂ ਦੀ ‘ਸ਼ਹੀਦ ਪਰਿਵਾਰ ਫੰਡ ਰਾਹੀਂ ਲਗਾਤਾਰ ਮਦਦ ਕੀਤੀ ਜਾ ਰਹੀ ਹੈ । ਇਹ ਪਰਿਵਾਰ ਸਮਾਜ ਸੇਵਾ ਦੇ ਖੇਤਰ ਵਿਚ ਵੀ ਮੋਹਰੀ ਹੈ । ਇਸ ਮੌਕੇ ਸ੍ਰੀ ਵਿਜੇ ਚੋਪੜਾ ਨੇ ਕਮਾਂਡੈਂਟ ਕਮਲ ਸਿਸੋਦੀਆ, ਸੈਕੰਡ ਕਮਾਂਡ ਰਿਗਜ਼ਿਨ ਐਂਗਮੋ ਅਤੇ ਸਹਾਇਕ ਕਮਾਂਡੈਂਟ ਨਵਜੋਤ ਸਿੰਘ ਨੂੰ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ।

Leave a Comment

Your email address will not be published. Required fields are marked *

Scroll to Top