ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਸ਼ੁਰੂ, ਬੈਂਕਾਂ ਨੂੰ ਆਰ.ਬੀ.ਆਈ. ਵੱਲੋਂ ਕੀਤੀਆਂ ਅਹਿਮ ਤਬਦੀਲੀਆਂ ਬਾਰੇ ਦਿੱਤੀ ਜਾਣਕਾਰੀ

ਜਲੰਧਰ, 25 ਫਰਵਰੀ : ਵਿੱਤੀ ਵਰ੍ਹੇ 2025-26 ਦੀ ਤੀਜੀ ਤਿਮਾਹੀ (ਅਕਤੂਬਰ ਤੋਂ ਦਸੰਬਰ ) ਦੀ ਸਮੀਖਿਆ ਕਰਨ ਲਈ ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਕੜੀ ਤਹਿਤ ਐਲ.ਡੀ.ਐਮ. ਜਲੰਧਰ, ਐੱਮ.ਐੱਸ.ਮੋਤੀ ਵੱਲੋਂ ਅੱਜ ਜਲੰਧਰ ਪੂਰਬੀ ਅਤੇ ਜਲੰਧਰ ਪੱਛਮੀ ਬਲਾਕ ਵਿੱਚ ਮੀਟਿੰਗਾਂ ਕੀਤੀਆਂ।

ਬੈਂਕਾਂ ਦੇ ਜ਼ਿਲ੍ਹਾ ਨੁਮਾਇੰਦਿਆਂ ਦੀ ਇਸ ਮੀਟਿੰਗ ਵਿੱਚ ਐਲ.ਡੀ.ਐਮ. ਨੇ ਰਿਜ਼ਰਵ ਬੈਂਕ ਵੱਲੋਂ ਕੀਤੀਆਂ ਗਈਆਂ ਕੁੱਝ ਮਹੱਤਵਪੂਰਣ ਤਬਦੀਲੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਲਾਗੂ ਕਰਨ ਲਈ ਵੀ ਕਿਹਾ, ਜਿਸ ਵਿੱਚ ਟਰਾਂਸਜੈਂਡਰ ਨੂੰ ਕਰਜ਼ਿਆਂ ਵਿੱਚ ਆਉਦੀਆਂ ਮੁਸ਼ਕਿਲਾਂ ਬਾਰੇ ਪੱਤਰ ਦਾ ਵੀ ਜ਼ਿਕਰ ਕੀਤਾ। ਮੀਟਿੰਗ ਦੌਰਾਨ ਐਸ.ਸੀ./ਐਸ.ਟੀ.ਕਾਰਪੋਰੇਸ਼ਨ, ਪੀ.ਐਮ.ਐਫ਼.ਐਮ.ਈ., ਪੀ.ਐਮ.ਈ.ਜੀ.ਪੀ. ਅਤੇ ਹੋਰ ਮਹਿਕਮਿਆਂ ਦੇ ਅਧਿਕਾਰੀ ਵੀ ਹਾਜ਼ਰ ਸਨ। ਐਲ.ਡੀ.ਐਮ. ਨੇ ਸਰਕਾਰੀ ਪ੍ਰਾਯੋਜਿਤ ਕਰਜ਼ਾ ਸਕੀਮਾਂ ਤਹਿਤ ਬੈਂਕਾਂ ਵਿੱਚ ਲੰਬਿਤ ਅਰਜ਼ੀਆਂ ਦੇ ਤੁਰੰਤ ਨਿਪਟਾਰੇ ਲਈ ਹਦਾਇਤ ਕੀਤੀ ਤਾਂ ਜੋ ਸਕੀਮਾਂ ਦਾ ਲਾਭ ਲੋੜਵੰਦ ਲਾਭਪਾਤਰੀਆਂ ਨੂੰ ਮਿਲਣ ਦੇ ਨਾਲ-ਨਾਲ ਜ਼ਿਲ੍ਹੇ ਦੇ ਕਰਜ਼ਾ ਜਮ੍ਹਾ ਅਨੁਪਾਤ ਵਿੱਚ ਸੁਧਾਰ ਹੋ ਸਕੇ।

ਦਸੰਬਰ 2026, ਤਿਮਾਹੀ ਦੀ ਸਮੀਖਿਆ ਦੇ ਨਾਲ-ਨਾਲ ਬੈਂਕਾਂ ਨੂੰ ਸੀ ਡੀ ਰੇਸ਼ੋ ਵਿੱਚ ਸੁਧਾਰ ਕਰਨ ਲਈ ਵੱਧ ਤੋਂ ਵੱਧ ਕਰਜ਼ੇ ਮਨਜ਼ੂਰ ਕਰਨ ਲਈ ਕਿਹਾ ਗਿਆ। ਮੀਟਿੰਗ ਵਿੱਚ ਰੂਡਸੈਟ ਇੰਸਟੀਚਿਊਟ ਜਲੰਧਰ ਦੇ ਡਾਇਰੈਕਟਰ ਸੰਜੀਵ ਚੌਹਾਨ ਨੇ ਸ਼ਿਰਕਤ ਕਰਦਿਆਂ ਸੰਸਥਾ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਮੁਖੀ ਕਿੱਤਾ ਸਿਖਲਾਈ ਦੇਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੰਸਥਾ ਵੱਲੋਂ ਮੁਫ਼ਤ ਚਲਾਏ ਜਾ ਰਹੇ ਕੋਰਸਾਂ ਬਾਰੇ ਵੀ ਦੱਸਿਆ। ਮੀਟਿੰਗ ਵਿੱਚ ਆਰ ਬੀ ਆਈ ਵੱਲੋਂ ਚਲਾਈ ਵਿੱਤੀ ਸਾਖ਼ਰਤਾ ਮੁਹਿੰਮ ਦੇ ਪੋਸਟਰ ਵੀ ਵੰਡੇ ਗਏ।

Leave a Comment

Your email address will not be published. Required fields are marked *

Scroll to Top