ਚੰਡੀਗੜ੍ਹ, 3 ਮਾਰਚ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ ਨੀਲੇ ਅਤੇ ਪੀਲੇ ਰੰਗ ਵਿੱਚ ਰੰਗਣ ਦੇ ਫ਼ੈਸਲੇ ’ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਰੰਗ ਵਾਲੀ ਸਕੀਮ ਆਪ ਦੇ ਝੰਡਿਆਂ ਅਤੇ ਪੋਸਟਰਾਂ ਨਾਲ ਮਿਲਦੀ ਜੁਲਦੀ ਹੈ।
ਵੜਿੰਗ ਨੇ ਕਿਹਾ ਕਿ ਚਾਰ ਸਾਲ ਦੀ ਸਰਕਾਰ ਦੇ ਬਾਅਦ ਜਦੋਂ ਦਿਖਾਉਣ ਲਈ ਕੁਝ ਨਹੀਂ ਬਚਦਾ, ਤਾਂ ਆਪਣੇ ਅਸਲੀ ਰੰਗ ਹੀ ਦਿਖਾਏ ਜਾਂਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਆਪ ਦਾ ਅਸਲੀ ਰੰਗ ਝੂਠੇ ਦਾਅਵਿਆਂ ਅਤੇ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਨਾ ਹੈ, ਜਿਸਦਾ ਖ਼ਰਚਾ ਸਰਕਾਰੀ ਖਜ਼ਾਨੇ ਤੋਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਸਵਾਲ ਕੀਤਾ ਕਿ ਪਹਿਲਾਂ ਤੋਂ ਰੰਗੀਆਂ ਹੋਈਆਂ ਬੱਸਾਂ ਨੂੰ “ਆਪ ਦੇ ਰੰਗਾਂ” ਵਿੱਚ ਰੰਗਣ ਦਾ ਕੀ ਮਕਸਦ ਹੈ। ਤੁਸੀਂ ਪਹਿਲਾਂ ਆਮ ਆਦਮੀ ਕਲੀਨਿਕਾਂ ਦੇ ਨਾਮ ’ਤੇ ਹਸਪਤਾਲ ਰੰਗੇ, ਫਿਰ ਸਕੂਲਾਂ ਅਤੇ ਹੁਣ ਬੱਸਾਂ ਨੂੰ ਰੰਗ ਰਹੇ ਹੋ। ਵੜਿੰਗ ਨੇ ਕਿਹਾ ਕਿ ਇਹ ਕਦਮ ਸਰਕਾਰ ਦੀ ਅਸੁਰੱਖਿਆ ਦੀ ਭਾਵਨਾ ਨੂੰ ਦਰਸਾਉਂਦਾ ਹੈ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਫ਼ੈਸਲਾ ਉਲਟਾ ਸਾਬਤ ਹੋ ਸਕਦਾ ਹੈ, ਕਿਉਂਕਿ ਲੋਕ ਪਹਿਲਾਂ ਹੀ ਸਰਕਾਰ ਤੋਂ ਨਾਰਾਜ਼ ਹਨ ਅਤੇ ਅਜਿਹੀਆਂ ਕਾਰਵਾਈਆਂ ਨਾਲ ਹੋਰ ਖਿਝਦੇ ਹਨ।
ਉਨ੍ਹਾਂ ਕਿਹਾ ਕਿ ਨਾ ਪੰਜਾਬ ਵਿੱਚ ਅਤੇ ਨਾ ਹੀ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਕਦੇ ਵੀ ਸੂਬਾ ਸਰਕਾਰਾਂ ਨੇ ਆਪਣੀਆਂ ਬੱਸਾਂ ਦੇ ਰੰਗ ਬਦਲੇ ਹਨ। ਮੌਜੂਦਾ ਰੰਗ ਸਾਲਾਂ ਤੋਂ ਚੱਲਦੇ ਆ ਰਹੇ ਹਨ ਅਤੇ ਦੂਰੋਂ ਹੀ ਪੰਜਾਬ ਰੋਡਵੇਜ਼ ਦੀ ਬੱਸ ਪਛਾਣੀ ਜਾ ਸਕਦੀ ਹੈ। ਉਨ੍ਹਾਂ ਦਲੀਲ ਦਿੱਤੀ ਅਤੇ ਕਿਹਾ ਕਿ ਅਜਿਹੇ ਪ੍ਰਤੀਕਾਤਮਕ ਰੰਗ ਕਿਸੇ ਵੀ ਕੀਮਤ ’ਤੇ ਨਹੀਂ ਬਦਲੇ ਜਾਣੇ ਚਾਹੀਦੇ ਹਨ।

















































