ਵਧੇਰੇ ਪੈਦਾਵਾਰ ਲਈ ਢੁੱਕਵੀਂ ਵਿਉਂਤਬੰਦੀ ਗੰਨੇ ਦੀ ਬਿਜਾਈ ਤੋਂ ਪਹਿਲਾਂ ਹੀ ਕਰਨ ਦੀ ਜ਼ਰੂਰਤ :ਕੇਨ ਕਮਿਸ਼ਨਰ

ਜਲੰਧਰ, 6 ਮਾਰਚ : ਪੰਜਾਬ ਸਰਕਾਰ ਵਲੋਂ ਚਾਲੂ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਹੇਠ ਰਕਬਾ ਵਧਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੈਦਾਵਾਰ ਦੇ ਨਾਲ ਨਾਲ ਖੰਡ ਦੀ ਰਿਕਵਰੀ ਵਿੱਚ ਵਾਧਾ ਕੀਤਾ ਸਕੇ। ਇਸੇ ਤਹਿਤ ਸਹਿਕਾਰੀ ਅਤੇ ਨਿੱਜੀ ਖੰਡ ਮਿੱਲਾਂ ਦੇ ਫੀਲਡ ਸਟਾਫ਼ ਵੱਲੋਂ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਗੰਨੇ ਦੀ ਫ਼ਸਲ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਭੋਗਪੁਰ ਸਹਿਕਾਰੀ ਖੰਡ ਮਿੱਲ ਲਿਮਟਿਡ ਵੱਲੋਂ ਪਿੰਡ ਕਿਸ਼ਨਪੁਰਾ ਵਿੱਚ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ  ਵਿਸ਼ੇਸ਼ ਤੌਰ ’ਤੇ ਪਹੁੰਚੇ।
ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਗੰਨੇ ਦੀ ਕਾਸ਼ਤ ਵਿਚ ਬਿਜਾਈ ਤੋਂ ਲੈ ਕੇ ਕਟਾਈ ਤੱਕ ਵਧੇਰੇ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ ਪਰ ਸਮੇਂ ਦੇ ਹਾਲਾਤ ਕਾਰਨ ਮਜ਼ਦੂਰਾਂ ਦੀ ਕਮੀ ਆ ਰਹੀ ਹੈ। ਉਨ੍ਹਾਂ ਕਿਹਾ ਮਜ਼ਦੂਰਾਂ ਦੀ ਘਾਟ ਕਾਰਨ ਗੰਨਾ ਕਾਸ਼ਤਕਾਰਾਂ ਵਿਚ ਗੰਨੇ ਦੀ ਕਟਾਈ ਕਰਨ ਵਾਲੀ ਮਸ਼ੀਨ ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਢਾਈ ਫੁੱਟ ਦੀ ਦੂਰੀ ’ਤੇ ਬਿਜਾਈ ਕਰਨ ਨਾਲ ਮਸ਼ੀਨ ਨਾਲ ਕਟਾਈ ਕਰਨ ਵਿਚ ਮੁਸ਼ਕਲ ਪੇਸ਼ ਆਉਂਦੀ ਹੈ, ਜਿਸ ਕਰਕੇ ਗੰਨਾ ਕਾਸ਼ਤਕਾਰਾਂ ਅਤੇ ਮਿੱਲ ਪ੍ਰਬੰਧਕਾਂ ਨੂੰ ਆਰਥਿਕ ਪੱਖੋਂ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਗੰਨਾ ਕਾਸ਼ਤਕਾਰਾਂ  ਵਿਚ ਗੰਨੇ ਦੀ ਬਿਜਾਈ ਚੌੜੀ ਵਿੱਥ ਦੀਆਂ ਖਾਲੀਆਂ ਵਿਚ ਕਰਨ ਦਾ ਰੁਝਾਨ ਵਧ ਰਿਹਾ ਹੈ ਅਤੇ ਸ਼ੂਗਰਕੇਨ ਹਾਰਵੈਸਟਰ ਨਾਲ ਗੰਨੇ ਦੀ ਕਟਾਈ ਦਾ ਰੁਝਾਨ ਵਧਣ ਕਰਕੇ ਵੀ ਚੌੜੀ ਵਿੱਥ ਦੀ ਬਿਜਾਈ ਕਰਨੀ ਜ਼ਰੂਰੀ ਹੋ ਗਈ ਹੈ ਕਿਉਂਕਿ ਢਾਈ ਫੁੱਟ ਦੀ ਬਿਜਾਈ ਦੀ ਬਜਾਏ ਚਾਰ ਤੋਂ ਪੰਜ ਫੁੱਟ ਦੀ ਬਿਜਾਈ ਵਿਚ ਗੰਨੇ ਦਾ ਨੁਕਸਾਨ ਘੱਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਅਗਲੇ ਸਾਲ ਗੰਨੇ ਦੀ ਕਟਾਈ ਮਸ਼ੀਨ ਨਾਲ ਕਰਾਉਣ ਲਈ ਸੋਚ ਰਹੇ ਹਨ ਤਾਂ ਹੁਣ ਤੋਂ ਹੀ ਗੰਨੇ ਦੀ ਬਿਜਾਈ ਲਈ ਵਿਉਂਤਬੰਦੀ ਕਰਨੀ ਹੋਵੇਗੀ ਤਾਂ ਜੋ ਕਟਾਈ ਸਮੇਂ ਕਿਸੇ ਕਿਸਮ ਦੀ ਔਖ ਨਾ ਆਵੇ।
ਉਨ੍ਹਾਂ ਕਿਹਾ ਕਿ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਕਤਾਰ ਤੋਂ ਕਤਾਰ 3 ਤੋਂ 5 ਫੁੱਟ ਅਤੇ ਬੂਟੇ ਤੋਂ ਬੂਟਾ 1 ਤੋਂ 1.5 ਫੁੱਟ ਦੀ ਦੂਰੀ, ਦੋ ਕਤਾਰੀ ਖਾਲੀ ਵਿਧੀ ਨਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਪਾਣੀ ਦੀ ਖਪਤ ਤਾਂ ਘਟਦੀ ਹੀ ਹੈ, ਇਸ ਵਿਧੀ ਨਾਲ ਬੀਜਿਆ ਹੋਇਆ ਗੰਨਾ ਘੱਟ ਡਿੱਗਦਾ ਹੈ ਅਤੇ ਵੱਧ ਝਾੜ ਵੀ ਦਿੰਦਾ ਹੈ। ਗੰਨੇ ਦੀਆਂ ਦੋ ਲਾਈਨਾਂ ਵਿੱਚ ਦੂਰੀ ਘੱਟੋ-ਘੱਟ 3 ਫੁੱਟ ਹੋਣੀ ਚਾਹੀਦੀ ਹੈ। ਇਸ ਫਾਸਲੇ ਤੇ ਛੋਟੇ ਟਰੈਕਟਰ/ ਪਾਵਰ ਵੀਡਰ ਨਾਲ ਵਾਹੀ ਕਰਕੇ ਨਦੀਨਾਂ ਦੀ ਰੋਕਥਾਮ ਵੀ ਕੀਤੀ ਜਾ ਸਕਦੀ ਹੈ।  ਉਨ੍ਹਾਂ ਕਿਹਾ ਕਿ ਜੇਕਰ ਗੰਨੇ ਦੀ ਬਿਜਾਈ ਕਣਕ ਦੀ ਕਟਾਈ ਤੋਂ ਬਾਅਦ ਕਰਨੀ ਹੈ  ਤਾਂ ਗੰਨੇ ਦੀ ਪਨੀਰੀ ਤਿਆਰ ਕਰਕੇ ਬਿਜਾਈ ਕੀਤੀ ਜਾ ਸਕਦੀ ਹੈ।
ਇਸ ਦੌਰਾਨ ਡਾ. ਅਮਰੀਕ ਸਿੰਘ ਨੇ ਖੇਤਾਂ ਵਿਚ ਜਾ ਕੇ ਗੰਨੇ ਦੀ ਕਟਾਈ ਕਰਨ ਵਾਲੀ ਮਸ਼ੀਨ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਮੁੱਖ ਗੰਨਾ ਵਿਕਾਸ ਅਫ਼ਸਰ ਸੁਖਦੀਪ ਸਿੰਘ ਨੇ ਕਿਸਾਨਾਂ ਨੂੰ ਗੰਨੇ ਹੇਠ ਰਕਬਾ ਵਧਾਉਣ ਦੀ ਅਪੀਲ ਕੀਤੀ। ਇਸ ਮੌਕੇ ਗੰਨਾ ਕਾਸ਼ਤਕਾਰ ਮੁਕੇਸ਼ ਕੁਮਾਰ, ਫੀਲਡ ਸਟਾਫ ਅਤੇ ਕਿਸਾਨ ਵੀ ਮੌਜੂਦ ਸਨ।

Leave a Comment

Your email address will not be published. Required fields are marked *

Scroll to Top